ਤੰਬਾਕੂ ਦੀ ਅਲਾਮਤ ਤੋਂ ਦੂਰ ਰਹੇ ਨੌਜਵਾਨ ਪੀੜ੍ਹੀ : ਸੀ.ਜੇ.ਐੱਮ ਕਮਲਦੀਪ ਸਿੰਘ ਧਾਲੀਵਾਲ

ਇਕ ਸਿਗਰੇਟ ਵਿਚ ਹੁੰਦੇ ਹਨ ਕੈਂਸਰ ਕਰਨ ਵਾਲੇ 69 ਜ਼ਹਿਰੀਲੇ ਤੱਤ: ਡਾ. ਦਵਿੰਦਰ ਢਾਂਡਾ
ਮਨੁੱਖੀ ਜ਼ਿੰਦਗੀ ਲਈ ਘਾਤਕ ਹੈ ਤੰਬਾਕੂ ਦਾ ਸੇਵਨ : ਡਾ. ਜਸਦੇਵ ਸਿੰਘ
ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਨੌਜਵਾਨਾਂ ਨੂੰ ਤੰਬਾਕੂ ਦੀ ਅਲਾਮਤ ਤੋਂ ਦੂਰ ਰਹਿਣ ਦਾ ਸੱਦਾ


ਨਵਾਂਸ਼ਹਿਰ, 31: - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਸਾਡੀ ਨੌਜਵਾਨ ਪੀੜ੍ਹੀ ਵਿਚ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਅਸੀਂ ਸਮਾਜ ਵਿੱਚੋਂ ਤੰਬਾਕੂ ਵਰਗੀ ਆਦਤ ਨੂੰ ਜੜ੍ਹੋਂ ਖਤਮ ਕਰ ਸਕੀਏ। ਇਸ ਸਾਲ ਪੂਰੀ ਦੁਨੀਆ ਵਿਚ ਵਿਸ਼ਵ ਤੰਬਾਕੂ ਰਹਿਤ ਦਿਵਸ "ਤੰਬਾਕੂ: ਸਾਡੇ ਵਾਤਾਵਰਨ ਲਈ ਵੱਡਾ ਖ਼ਤਰਾ" ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ (ਸੀ.ਜੇ.ਐੱਮ.)-ਕਮ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਕਮਲਦੀਪ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ।

ਇਸ ਮੌਕੇ ਤੰਬਾਕੂ ਵਿਰੋਧੀ ਹਸਤਾਖਰ ਮੁਹਿੰਮ ਵੀ ਛੇੜੀ ਗਈ, ਜਿਸ ਦੀ ਸ਼ੁਰੂਆਤ ਸੀ.ਜੇ.ਐੱਮ. -ਕਮ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਕਮਲਦੀਪ ਸਿੰਘ ਧਾਲੀਵਾਲ ਨੇ ਕੀਤੀ। ਸਮੂਹ ਪ੍ਰੋਗਰਾਮ ਅਫਸਰਾਂ ਤੇ ਸਮੁੱਚੇ ਸਟਾਫ ਨੇ ਪਲੇਜ ਬੋਰਡ ਉੱਤੇ ਹਸਤਾਖਰ ਕਰਕੇ ਆਪਣੇ ਜੀਵਨ ਵਿਚ ਤੰਬਾਕੂ ਪਦਾਰਥਾਂ ਦੀ ਵਰਤੋਂ ਨਾ ਕਰਨ ਅਤੇ ਆਮ ਲੋਕਾਂ ਨੂੰ ਤੰਬਾਕੂ ਛੱਡਣ ਵਿੱਚ ਮਦਦ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਸਟਾਫ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸਹੁੰ ਵੀ ਚੁਕਾਈ।  

ਇਸ ਮੌਕੇ ਸੀ.ਜੇ.ਐੱਮ ਸ. ਕਮਲਦੀਪ ਸਿੰਘ ਧਾਲੀਵਾਲ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਤੰਬਾਕੂ ਦੀ ਅਲਾਮਤ ਤੋਂ ਦੂਰ ਰਹਿਣ ਦਾ ਸੱਦਾ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਦੀ ਵੱਧ ਵਰਤੋਂ ਕਾਰਨ ਸਾਡਾ ਵਾਤਾਵਰਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਾਤਾਵਰਨ 'ਤੇ ਪੈ ਰਿਹਾ ਬੇਲੋੜਾ ਦਬਾਅ ਸਾਡੇ ਲਈ ਖ਼ਤਰੇ ਦੀ ਘੰਟੀ ਹੈ। ਸਿਗਰੇਟਾਂ ਦੀ ਵੱਡੀ ਖਪਤ ਦੇ ਮੱਦੇਨਜ਼ਰ ਸਪਲਾਈ ਦੀ ਪੂਰਤੀ ਲਈ ਦਰੱਖਤਾਂ ਦੀ ਕਟਾਈ, ਵੱਡੀ ਮਾਤਰਾ ਵਿਚ ਪਾਣੀ ਦੀ ਵਰਤੋਂ, ਹਵਾ ਵਿਚ ਵੱਡੇ ਪੈਮਾਨੇ 'ਤੇ ਜ਼ਹਿਰੀਲੀ ਗੈਸ ਦੇ ਨਿਕਾਸ ਕਾਰਨ ਆਲਮੀ ਤਾਪਮਾਨ ਵਧਦਾ ਜਾ ਰਿਹਾ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੰਬਾਕੂ ਉਤਪਾਦ ਸਾਡੇ ਵਾਤਾਵਰਨ ਲਈ ਕਿੰਨਾ ਘਾਤਕ ਸਿੱਧ ਹੋ ਸਕਦੇ ਹਨ।    
ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਇਸ ਸਾਲ ਦੇ ਥੀਮ "ਤੰਬਾਕੂ: ਸਾਡੇ ਵਾਤਾਵਰਨ ਲਈ ਵੱਡਾ ਖ਼ਤਰਾ" ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ 300 ਸਿਗਰੇਟ ਬਣਾਉਣ ਲਈ ਇਕ ਦਰੱਖਤ ਕੱਟਿਆ ਜਾਂਦਾ ਹੈ। ਇਕ ਸਿਰਗੇਟ ਬਣਾਉਣ ਲਈ 3.7 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ ਅਤੇ ਇਕ ਸਿਗਰੇਟ ਵਿਚ ਕੈਂਸਰ ਕਰਨ ਵਾਲੇ 69 ਜ਼ਹਿਰੀਲੇ ਤੱਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਪੰਜਾਬ ਵਿੱਚ ਔਸਤਨ 48 ਵਿਅਕਤੀਆਂ ਅਤੇ ਭਾਰਤ ਵਿੱਚ 2200 ਲੋਕਾਂ  ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਹੋ ਜਾਂਦੀ ਹੈ। ਹਰ ਰੋਜ਼ 5500 ਨਵੇਂ ਬੱਚੇ ਤੰਬਾਕੂ ਦੀ ਆਦਤ ਸਹੇੜ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੇ 13 ਤੋ 15 ਸਾਲ ਦੇ ਕੁੱਲ ਬੱਚਿਆਂ ਵਿੱਚੋਂ 14 ਫੀਸਦੀ  ਬੱਚੇ ਤੰਬਾਕੂ ਦਾ ਸੇਵਨ ਕਰਦੇ ਹਨ, 4 ਫੀਸਦੀ ਬੱਚੇ ਸਿਗਰੇਟ ਜਾਂ ਬੀੜੀ ਪੀਂਦੇ ਹਨ ਅਤੇ 22 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਸਾਹਮਣੇ ਘਰਾਂ ਵਿੱਚ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਵੀ ਤੰਬਾਕੂ ਦੇ ਧੂੰਏ ਦੇ ਮਾਰੂ ਪ੍ਰਭਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲਗਭਗ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਤੰਬਾਕੂ ਦੇ ਸੇਵਨ ਨਾਲ ਮੂੁੰਹ, ਗਲ੍ਹੇ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ, ਕਿਉਂਕ ਇਸ ਵਿੱਚ ਨਿਕੋਟੀਨ ਸਹਿਤ ਹੋਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਦੀ ਲਗਾਤਾਰ ਵਰਤੋਂ ਕਾਰਣ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਹੋ ਸਕਦੇ ਹਨ, ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ  ਵਿੱਚ ਕਮੀ ਆ ਜਾਂਦੀ ਹੈ, ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਤੰਬਾਕੂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਜੜ੍ਹ ਹੈ ਅਤੇ ਹਰ ਕਿਸੇ ਨੂੰ ਇਸਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਭਾਰਤ ਵਿੱਚ ਸਾਲ 2003 ਵਿੱਚ ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ (ਕੋਟਪਾ) ਪਾਸ ਕੀਤਾ ਗਿਆ ਹੈ, ਜਿਸ ਅਧੀਨ ਵੱਖ ਵੱਖ ਧਾਰਾਵਾਂ ਹੋਂਦ ਵਿੱਚ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਧਾਰਾ 4 ਅਧੀਨ ਜਨਤਕ ਸਥਾਨਾਂ ਤੇ ਸਿਗਰੇਟਨੋਸ਼ੀ ਕਰਨ ਦੀ ਸਖ਼ਤ ਮਨਾਹੀ ਹੈ। ਉਲੰਘਨਾ ਕਰਨ ਵਾਲੇ ਨੁੰ 200 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਬੰਧਿਤ ਸੰਸਥਾ ਦੇ ਮੁਖੀ ਨੂੰ 200 ਰੁਪਏ ਪ੍ਰਤੀ ਦੋਸ਼ੀ ਦੇ ਹਿਸਾਬ ਨਾਲ ਜੁਰਮਾਨੇ ਕੀਤੇ ਜਾ ਸਕਦੇ ਹਨ। ਧਾਰਾ 5 ਅਧੀਨ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਪਹਿਲੀ ਵਾਰ 1000 ਰੁਪਏ ਜੁਰਮਾਨਾ ਅਤੇ 2 ਸਾਲ ਦੀ ਕੈਦ ਦੀ ਸਜ਼ਾ ਕੀਤੀ ਜਾਂਦੀ ਹੈ। ਧਾਰਾ 6ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਵੇਚਣ ਅਤੇ ਖਰੀਦਣ ਦੀ ਮਨ੍ਹਾਹੀ ਹੈ। ਧਾਰਾ 6ਬੀ ਅਨੁਸਾਰ ਵਿਿਦਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਰਨਾ ਅਪਰਾਧ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਕੋਟਪਾ ਐਕਟ ਦੀ  ਉਲੰਘਣਾ ਕਰਨ ਵਾਲੇ ਦੋਸ਼ੀਆਂ ਨੂੰ ਮੌਕੇ 'ਤੇ ਜੁਰਮਾਨੇ ਕੀਤੇ ਜਾਣਗੇ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਲੋਕੇਸ਼ ਗਰਗ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸ੍ਰੀ ਤਰਸੇਮ ਲਾਲ, ਜ਼ਿਲ੍ਹਾ ਵਿਵਹਾਰ ਪਰਿਵਾਰ ਕੋਆਰਡੀਨੇਟਰ ਮੰਗ ਗੁਰਪ੍ਰਸ਼ਾਦ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ, ਦੀਪਕ ਵਰਮਾ ਅਤੇ ਸਮਾਜਸੇਵੀ ਵੀਰਬੱਲ ਤੱਖੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।