ਨਵਾਂਸ਼ਹਿਰ, 13 ਮਈ :- ਪੰਜਾਬ ਸਿਹਤ ਪ੍ਰਣਾਲੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨੀਲਿਮਾ ਨੇ ਅੱਜ ਸੂਬੇ ਵਿਚ ਅਤਿ-ਆਧੁਨਿਕ ਹਸਪਤਾਲ ਬਣਾਉਣ/ਅਪਗ੍ਰੇਡ ਕਰਨ ਦੇ ਉਦੇਸ਼ ਨਾਲ ਜ਼ਿਲ੍ਹਿਆਂ ਦੀ ਚੋਣ ਕਰਨ ਲਈ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਹੈ।
ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨੀਲਿਮਾ ਨੇ ਅੱਜ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦਾ ਦੌਰਾ ਕਰਕੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਵਿਚਾਰ ਚਰਚਾ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨੀਲਿਮਾ ਨੂੰ ਜ਼ਿਲ੍ਹੇ ਦੇ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਦੱਸਿਆ ਕਿ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਜ਼ਿਲ੍ਹੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤਕਰੀਬਨ 6.50 ਲੱਖ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਦੋ ਵਾਰ ਨੈਸ਼ਨਲ ਕੁਆਲਿਟੀ ਐਸੋਰੈਂਸ ਸਕੀਮ ਅਧੀਨ ਮਾਨਤਾ ਮਿਲਣਾ ਅਤੇ ਚਾਰ ਵਾਰ ਕਾਇਆਕਲਪ ਐਵਾਰਡ ਜਿੱਤਣਾ ਇਸ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ 'ਤੇ ਮੋਹਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸਹਿਰ ਨੇ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ 119119 ਆਊਟਡੋਰ ਮਰੀਜ਼ਾਂ ਅਤੇ 7576 ਇੰਡੋਰ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ 1040 ਜਣੇਪੇ, 2557 ਆਪਰੇਟਿਵ ਪ੍ਰੋਸੀਜਰਸ ਅਤੇ 360337 ਲੈਬ ਟੈਸਟ ਕੀਤੇ ਗਏ। ਹੁਣ ਤੱਕ ਜ਼ਿਲ੍ਹਾ ਹਸਪਤਾਲ ਦੇ 2 ਬੈੱਡਡ ਡਾਇਲਾਸਿਸ ਯੂਨਿਟ ਵਿਚ 300 ਤੋਂ ਵੱਧ ਮਰੀਜ਼ਾਂ ਨੇ ਮੁਫਤ ਡਾਇਲਾਸਿਸ ਸੇਵਾਵਾਂ ਦਾ ਲਾਭ ਉਠਾਇਆ ਹੈ। ਉਨ੍ਹਾਂ ਅਪ੍ਰੈਲ ਮਹੀਨੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਇਕ ਮਹੀਨੇ ਵਿਚ 14872 ਓਪੀਡੀ, 846 ਆਈਪੀਡੀ, 361 ਸਰਜਰੀਆਂ, 40014 ਲੈਬ ਟੈਸਟ ਕੀਤੇ ਗਏ ਅਤੇ ਵੈਕਸੀਨੇਸ਼ਨ ਵਿਚ ਨਿਰਧਾਰਿਤ ਟੀਚੇ ਤੋਂ ਵੱਧ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੇ ਗਠਨ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਚ ਰੋਜ਼ਾਨਾ ਔਸਤਨ 800 ਤੋਂ ਵੱਧ ਓਪੀਡੀ ਹੋ ਰਹੀ ਹੈ। ਐਨੀ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਸਿਹਤ ਸਹੂਲਤਾਂ ਤੱਕ ਆਸਾਨ ਪਹੁੰਚ ਬਣਾਉਣ ਲਈ ਓਪੀਡੀ ਰਜਿਸਟ੍ਰੇਸ਼ਨ ਕਾਊਂਟਰਾਂ ਦੀ ਗਿਣਤੀ 2 ਤੋਂ ਵਧਾ ਕੇ 5 ਕਰ ਦਿੱਤੀ ਗਈ ਹੈ। ਡਾਇਗਨਾਸਟਿਕ ਸੇਵਾਵਾਂ ਦੇਣ ਵਿਚ ਤੇਜ਼ੀ ਲਿਆਉਣ ਲਈ ਓਪੀਡੀ ਸਮੇਂ ਦੌਰਾਨ ਰੋਜ਼ਾਨਾ ਤਕਰੀਬਨ 2500 ਲੈਬ ਟੈਸਟ ਤਿੰਨ ਗੇੜਾਂ ਵਿਚ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਮੌਜੂਦਾ ਸਰਕਾਰ ਦੀਆਂ ਪਹਿਲਕਦਮੀਆਂ ਵਿਚੋਂ ਇਕ ਹੈ, ਇਸ ਲਈ ਜ਼ਿਲ੍ਹਾ ਹਸਪਤਾਲ ਵਿਚ ਕੁਝ ਵੱਡੇ ਸੁਧਾਰਾਂ ਦੀ ਲੋੜ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਮੈਨੇਜਿੰਗ ਡਾਇਰੈਕਟਰ ਦੇ ਧਿਆਨ ਵਿਚ ਲਿਆਂਦਾ ਕਿ ਸੂਬੇ ਵਿਚ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ, ਇਸ ਲਈ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੈਨਪਾਵਰ ਦੀ ਘਾਟ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਸ ਲਈ ਸਪੈਸ਼ਲਿਸਟ ਡਾਕਟਰਾਂ, ਜਨਰਲ ਸਰਜਨ, ਗਾਈਨਾਕੋਲੋਜਿਸਟ, ਮੈਡੀਕਲ ਅਫਸਰਾਂ, ਪੈਰਾ ਮੈਡੀਕਲ, ਵਾਰਡ ਸਰਵੈਂਟ ਤੇ ਸਫਾਈ ਸੇਵਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਹਸਪਤਾਲ ਵਿਚ ਮਰੀਜ਼ਾਂ ਦੀ ਵੱਡੀ ਭੀੜ ਨੂੰ ਦੇਖਦੇ ਹੋਏ ਓ.ਪੀ.ਡੀ. ਬਲਾਕ, ਆਈ.ਪੀ.ਡੀ. ਬਲਾਕ, ਕਲੀਨਿਕ ਲੈਬ, ਰਿਸੈਪਸ਼ਨ ਏਰੀਆ ਅਤੇ ਵਾਹਨ ਪਾਰਕਿੰਗ ਲਈ ਵਧੇਰੇ ਸਪੇਸ ਦੀ ਲੋੜ ਹੈ, ਇਸ ਲਈ ਹਸਪਤਾਲ ਦੇ ਆਲੇ-ਦੁਆਲੇ ਦੀ ਜ਼ਮੀਨ ਐਕਵਾਇਰ ਕਰਕੇ ਇਹ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਹਸਪਤਾਲ ਵਿਚ ਐਂਬੂਲੈਂਸ਼ਾਂ ਚਲਾਉਣ ਲਈ ਹੋਰ ਡਰਾਈਵਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਬਲੱਡ ਬੈਂਕ ਦੀ ਸਹੂਲਤ ਵੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੈਨੇਜਿੰਗ ਡਾਇਰੈਕਟਰ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਹਸਪਤਾਲ ਦੀਆਂ ਜ਼ਿਆਦਾਤਰ ਸੇਵਾਵਾਂ ਮੁਫਤ ਹਨ, ਇਸ ਲਈ ਹਸਪਤਾਲ ਦੇ ਬਿਹਤਰ ਰਖਰਖਾਵ ਲਈ ਫੰਡਾਂ ਦੀ ਵੱਡੀ ਲੋੜ ਹੈ ਜੋ ਕਿ ਸਮੇਂ ਸਿਰ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।
ਇਸੇ ਦੌਰਾਨ ਐੱਮ.ਡੀ. ਸ੍ਰੀਮਤੀ ਨੀਲਿਮਾ ਨੇ ਜ਼ਿਲ੍ਹਾ ਹਸਪਤਾਲ਼, ਨਵਾਂਸ਼ਹਿਰ ਵਿਖੇ ਜੱਚਾ-ਬੱਚਾ ਸੇਵਾਵਾਂ, ਐਮਰਜੈਂਸੀ ਸੇਵਾਵਾਂ, ਓਟ ਸੇਵਾਵਾਂ, ਮੁਫਤ ਡਾਇਲਾਸਿਸ ਸੇਵਾਵਾਂ ਅਤੇ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ, ਲੈਬੋਰਟਰੀ ਸੇਵਾਵਾਂ ਅਤੇ ਆਕਸੀਜਨ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਗਰਭਵਤੀ ਔਰਤਾਂ ਅਤੇ ਨਵੀਆਂ ਮਾਵਾਂ ਸਮੇਤ ਹੋਰਨਾਂ ਮਰੀਜ਼ਾਂ ਦਾ ਹਾਲਚਾਲ ਵੀ ਪੁੱਛਿਆ ਅਤੇ ਉਨ੍ਹਾਂ ਤੋਂ ਸਰਕਾਰੀ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਇਸ ਉੱਤੇ ਸਾਰੇ ਮਰੀਜ਼ਾਂ ਨੇ ਜ਼ਿਲ੍ਹਾ ਹਸਪਤਾਲ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਉੱਤੇ ਤਸੱਲੀ ਪ੍ਰਗਟਾਈ।
ਇਸ ਦੌਰਾਨ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨੀਲਿਮਾ ਨੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੰਨਿਆ ਕਿ ਮੈਨਪਾਵਰ ਦੀ ਘਾਟ ਹੋਣ ਦੇ ਬਾਵਜੂਦ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇਣ ਵਿਚ ਬਿਹਤਰ ਕੰਮ ਕਰ ਰਿਹਾ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਓਪੀਡੀ, ਆਈਪੀਡੀ, ਲੈਬੋਰਟਰੀ ਟੈਸਟ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਦੇਣ ਵਿਚ ਜ਼ਿਲ੍ਹਾ ਹਸਪਤਾਲ ਨਵਾਂਸਹਿਰ ਨੇ ਮਿਸਾਲੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਨੂੰ ਪਹਿਲੇ ਦਰਜੇ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ, ਇਸ ਲਈ ਜ਼ਿਲ੍ਹਾ ਹਸਪਤਾਲਾਂ ਦੀਆਂ ਮੁਸ਼ਕਿਲਾਂ ਨੂੰ ਚਿੰਨ੍ਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਅਪਗ੍ਰੇਡ ਕਰਨ ਲਈ ਜ਼ਿਲ੍ਹਿਆਂ ਦੇ ਨਾਵਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਸ. ਰਜਿੰਦਰ ਸਿੰਘ ਸੁਪਰਡੈਂਟ ਇੰਜੀਨੀਅਰ, ਸ੍ਰੀ ਭਿੰਦਰਪਾਲ ਸਿੰਘ ਔਜਲਾ ਐਕਸੀਅਨ, ਵਿਸ਼ਾਲ ਮਿਤੂ ਐੱਸ.ਡੀ.ਓ., ਨਵਾਂਸ਼ਹਿਰ, ਰਾਜੀਵ ਦੁੱਗਲ ਐੱਸ.ਡੀ.ਓ. ਇਲੈਕਟ੍ਰੀਕਲ ਵੀ ਹਾਜ਼ਰ ਰਹੇ। ਇਨ੍ਹਾਂ ਤੋਂ ਇਲਾਵਾ ਇਸ ਮੌਕੇ ਡਾ. ਗੁਰਪਾਲ ਕਟਾਰੀਆ ਸਮੇਤ ਹੋਰ ਮੈਡੀਕਲ ਅਫਸਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਪੀਏ ਅਜੇ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਨਰਸਿੰਗ ਸਿਸਟਰ ਰਾਜ ਰਾਣੀ, ਫਾਰਮੇਸੀ ਅਫਸਰ ਪਰਮਵੀਰ ਪ੍ਰਿੰਸ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।