ਡੀ ਸੀ, ਐਸਐਸਪੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਦੀ ਮਹੱਤਤਾ ਬਾਰੇ ਦਸਤਾਵੇਜ਼ੀ, ਪੋਰਟਰੇਟ ਅਤੇ ਬਰੋਸ਼ਰ ਲਾਂਚ ਕੀਤਾ

ਅੰਤਰਰਾਸ਼ਟਰੀ ਅਜਾਇਬ ਘਰ ਦਿਵਸ-
ਐਡਵੋਕੇਟ ਹਰਪ੍ਰੀਤ ਸੰਧੂ ਦੇ ਮਿਊਜ਼ੀਅਮ ਦਿਵਸ ਮਨਾਉਣ ਸਬੰਧੀ ਕੀਤੇ ਉਪਰਾਲੇ ਦੀ ਸ਼ਲਾਘਾ

ਬੰਗਾ, 18 ਮਈ : - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਖਟਕੜ ਕਲਾਂ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਅਤੇ ਜੱਦੀ ਘਰ ਦੀ ਮਹੱਤਤਾ ਨੂੰ ਦਰਸਾਉਂਦੀ ਵਿਸ਼ੇਸ਼ ਡਾਕੂਮੈਂਟਰੀ, ਤਸਵੀਰ ਅਤੇ ਬਰੋਸ਼ਰ ਲਾਂਚ ਕੀਤਾ।  
    ਉਨ੍ਹਾਂ ਦਸਤਾਵੇਜ਼ੀ ਫ਼ਿਲਮ, ਪੋਰਟਰੇਟ ਅਤੇ ਬਰੋਸ਼ਰ ਤਿਆਰ ਕਰਨ ਲਈ ਐਡਵੋਕੇਟ, ਲੇਖਕ ਅਤੇ ਕੁਦਰਤ ਪ੍ਰੇਮੀ ਫੋਟੋਗਰਾਫ਼ਰ ਹਰਪ੍ਰੀਤ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਅਜਾਇਬ ਘਰ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਜੱਦੀ ਪਿੰਡ ਖਟਕੜ ਕਲਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲੇਗੀ, ਜਿਸ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਇਤਿਹਾਸਕ ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਇਨ੍ਹਾਂ ਮਹਾਨ ਨਾਇਕਾਂ ਦੀ ਮੌਤ ਦੀ ਸਜ਼ਾ 'ਤੇ ਦਸਤਖਤ ਕਰਨ ਲਈ ਵਰਤੀ ਗਈ ਇੱਕ ਕਲਮ, ਸ਼ਹੀਦ ਭਗਤ ਸਿੰਘ ਦੀ ਹੱਥ ਲਿਖਤ ਵਿੱਚ ਜੇਲ੍ਹ ਡਾਇਰੀ ਦੇ ਦੋ ਅਸਲ ਪੰਨੇ ਵੀ ਸ਼ਾਮਿਲ ਹਨ।   ਉਨ੍ਹਾਂ ਅੱਗੇ ਕਿਹਾ ਕਿ ਸਾਡੀ ਮਾਤ ਭੂਮੀ ਦੇ ਇਨ੍ਹਾਂ ਮਹਾਨ ਸਪੂਤਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਇਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ, ਉਨ੍ਹਾਂ ਦੇ ਦਰਸਾਏ ਨਕਸ਼ੇ-ਕਦਮਾਂ 'ਤੇ ਚੱਲ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।  ਉਨ੍ਹਾਂ ਕਿਹਾ ਕਿ ਅਜਾਇਬ ਘਰ ਸਭਿਆਚਾਰਕ ਅਦਾਨ-ਪ੍ਰਦਾਨ ਅਤੇ ਆਪਸੀ ਸਮਝ, ਸਹਿਯੋਗ ਦੇ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ।
     ਇਸ ਮੌਕੇ ਐਡਵੋਕੇਟ ਹਰਪ੍ਰੀਤ ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਅਜਾਇਬ ਘਰ ਦਾ ਦੌਰਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਪ੍ਰਤੀ ਦੇਸ਼ ਭਗਤੀ ਦਾ ਜਜ਼ਬਾ ਆਪਣੇ ਮਨਾਂ ਵਿੱਚ ਵਸਾਇਆ ਜਾ ਸਕੇ ਅਤੇ ਭਾਰਤ ਦੇ ਮਹਾਨ ਸ਼ਹੀਦਾਂ ਦੇ ਜੀਵਨ ਅਤੇ ਫਲਸਫੇ ਨੂੰ ਜਾਣਿਆ ਜਾ ਸਕੇ।
     ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ, ਏ ਡੀ ਸੀ ਅਮਰਦੀਪ ਸਿੰਘ ਬੈਂਸ ਤੇ ਅਮਿਤ ਸਰੀਨ, ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਘਾਨਾ ਤੋਂ ਆਏ ਉਦਯੋਗਪਤੀ ਅਮਰਦੀਪ ਸਿੰਘ ਹਰੀ,ਡੀਡੀਪੀਓ ਦਵਿੰਦਰ ਸ਼ਰਮਾ, ਤਹਿਸੀਲਦਾਰ ਲਕਸ਼ੇ ਗੁਪਤਾ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਅਤੇ ਪਿੰਡ ਦੀ ਪੰਚਾਇਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
     ਇਸ ਮੌਕੇ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਦੀਵਿਆਂਗ ਵਿਦਿਆਰਥਣ ਸਿਮਰਨ ਅਤੇ ਸੱਤਵੀਂ ਕਲਾਸ ਦੀ ਵਿਦਿਆਰਥਣ ਕੋਮਲ ਨੇ ਦੇਸ਼ ਭਗਤੀ ਨਾਲ ਸਬੰਧਤ ਗੀਤ ਅਤੇ ਕਵਿਤਾ ਪੇਸ਼ ਕਰਕੇ ਹਾਜ਼ਰੀਨ ਅਧਿਕਾਰੀਆਂ ਪਾਸੋਂ ਉਤਸ਼ਾਹ ਅਤੇ ਇਨਾਮ ਹਾਸਲ ਕੀਤਾ।