ਐਨ ਪੀ ਐਸ ਤੋਂ ਪੀੜਤ ਮੁਲਾਜ਼ਮ ਕੱਲ੍ਹ ਦਿੱਲੀ ਵਿੱਚ ਗੱਜਣਗੇ-ਮਾਨ

22 ਮਈ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ
ਨਵਾਂ ਸ਼ਹਿਰ,21 ਮਈ:: ਦਿੱਲੀ ਜੰਤਰ-ਮੰਤਰ ਵਿਖੇ 22 ਮਈ ਨੂੰ ਦੇਸ ਵਿਆਪੀ ਹੋ ਰਹੀ ਮਹਾ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਐਨ ਪੀ ਐਸ ਤੋਂ ਪੀੜ੍ਹਤ ਮੁਲਾਜ਼ਮ ਬੱਸਾਂ,ਪ੍ਰਾਈਵੇਟ ਗੱਡੀਆਂ ਅਤੇ ਟਰੇਨ ਰਾਂਹੀ ਦਿੱਲੀ ਨੂੰ ਅੱਜ ਸ਼ਾਮ ਰਵਾਨਾ ਹੋਣਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹ ਮਹਾਂ ਰੈਲੀ ਅਖਿਲ ਭਾਰਤੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ ਦੇ ਝੰਡੇ ਥੱਲੇ ਕੀਤੀ ਜਾ ਰਹੀ ਹੈ। ਇਸ ਮਹਾਂ ਰੈਲੀ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ ਲੱਖਾਂ ਕਰਮਚਾਰੀ ਪਹੁੰਚਣਗੇ ਤਾਂ ਕਿ ਕੇਂਦਰ ਸਰਕਾਰ ਦੇ ਇਸ ਗ਼ਲਤ ਫ਼ੈਸਲੇ ਦਾ ਵਿਰੋਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਕਾਰਪੋਰੇਟ ਘਰਾਨਿਆਂ ਨੂੰ ਨਿੱਜੀ ਫ਼ਾਇਦਾ ਦੇਣ ਹਿਤ 2004 ਵਿੱਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਕੇ ਨਿਊ ਪੈਨਸ਼ਨ ਸਕੀਮ ਚਾਲੂ ਕਰ ਦਿੱਤੀ ਸੀ,ਜੋ ਕਿ ਮੁਲਾਜ਼ਮ ਨਾਲ ਸਰਾਸਰ ਧੋਖਾ ਹੈ। ਨਿਊ ਪੈਨਸ਼ਨ ਸਕੀਮ ਬੁਢਾਪੇ ਵਿੱਚ ਸਮਾਜਿਕ ਸੁਰੱਖਿਆ ਪ੍ਰਦਾਨ ਨਹੀਂ ਕਰਦੀ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਸਕੀਮ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ। ਸ਼੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਉਨ੍ਹਾਂ ਦੀ ਅਗਵਾਈ ਵਿੱਚ ਐਨ ਪੀ ਐਸ ਤੋਂ ਪੀੜਤ 50 ਮੁਲਾਜ਼ਮਾਂ ਦਾ ਜਥਾ ਦਿੱਲੀ ਮਹਾਂ ਰੈਲੀ ਵਿੱਚ ਆਪਣਾ ਰੋਸ ਪ੍ਰਗਟ ਕਰਨ ਲਈ ਸ਼ਾਮਿਲ ਹੋਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਜਾਣ ਵਾਲੇ ਸਾਥੀਆਂ ਦੀਆਂ ਟਰੇਨ ਟਿਕਟਾਂ ਪਹਿਲਾਂ ਹੀ ਬੁੱਕ ਕਰਵਾ ਲਈਆਂ ਗਈਆਂ ਸਨ। ਇਹ ਜਥਾ ਸਵੇਰੇ 6 ਵਜੇ ਰੋਪੜ ਤੋਂ ਟਰੇਨ ਰਸਤੇ ਦਿੱਲੀ ਲਈ ਚੱਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਐਨ ਪੀ ਐਸ ਮੁਲਾਜ਼ਮ ਇਸ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ। ਸ਼੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਸਵੀਰ ਸਿੰਘ ਕਾਰਜਕਾਰੀ ਇੰਜੀਨੀਅਰ ਪਾਵਰ ਕਾਮ, ਹੰਸ ਰਾਜ, ਬਲਵੀਰ ਨੌਰਾ, ਨਿਰਮਲ ਕੁਮਾਰ ,ਬਲਵਿੰਦਰ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਕੰਨਵਜੀਤ ਕੌਰ, ਸੋਨੀਆ, ਬਵਲੀਨ ਮਾਨ ਅਤੇ ਇਸ਼ਮੀਤ ਮਾਨ ਵੀ ਹਾਜ਼ਰ ਸਨ।
ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਮੈਂਬਰ ਦਿੱਲੀ ਮਹਾ ਰੈਲੀ ਸੰਬੰਧੀ ਤਿਆਰੀ ਦਾ ਜਾਇਜ਼ਾ ਲੈਂਦੇ ਹੋਏ।