ਗਰਮੀ ਦੇ ਮੌਸਮ 'ਚ ਚੱਲਣ ਵਾਲੀ ਧੂੜ ਭਰੀ ਤੇਜ ਹਵਾ ਤੇ ਅਸਮਾਨੀ ਬਿਜਲੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਪਟਿਆਲਾ, 18 ਮਈ:- ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਗਰਮੀ ਦੇ ਮੌਸਮ 'ਚ ਚੱਲਣ ਵਾਲੀ ਧੂੜ ਭਰੀ ਹਵਾ ਤੇ ਅਸਮਾਨੀ ਬਿਜਲੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ 'ਚ ਖਰਾਬ ਮੌਸਮ ਦੌਰਾਨ ਇਹਤਿਆਤਨ ਕਰੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਨਾਗਰਿਕ ਗਰਮੀ ਦੇ ਮੌਸਮ ਦੌਰਾਨ ਘਰ ਤੋਂ ਬਾਹਰ ਜਾਣ ਤੋਂ ਪਹਿਲਾ ਮੌਸਮ ਵਿਭਾਗ ਵੱਲੋਂ ਜਾਰੀ ਹੁੰਦੀ ਰੋਜ਼ਾਨਾ ਦੇ ਮੌਸਮ ਸਬੰਧੀ ਜਾਣਕਾਰੀ ਨੂੰ ਜ਼ਰੂਰ ਦੇਖਣ ਤੇ ਉਸ ਹਿਸਾਬ ਨਾਲ ਹੀ ਆਪਣਾ ਪ੍ਰੋਗਰਾਮ ਬਣਾਉਣ। ਜੇਕਰ ਮੌਸਮ ਖਰਾਬ ਹੋਣ ਸਮੇਂ ਘਰ ਤੋਂ ਬਾਹਰ ਹੋ ਤਾਂ ਕਿਸੇ ਵੀ ਬਿਜਲੀ ਜਾ ਟੈਲੀਫੋਨ ਦੇ ਖੰਭੇ ਤੇ ਦਰੱਖਤ ਹੇਠ ਨਾ ਖੜਿਆ ਜਾਵੇ ਕਿਉਂਕਿ ਇਨ੍ਹਾਂ 'ਤੇ ਅਸਮਾਨੀ ਬਿਜਲੀ ਗਿਰਨ ਦਾ ਜ਼ਿਆਦਾ ਖਤਰਾ ਹੁੰਦਾ ਹੈ। ਬਿਜਲੀ ਲਸ਼ਕਣ ਸਮੇਂ ਮੋਬਾਇਲ ਫੋਨ ਤੇ ਲੋਹੇ ਦੀ ਰਾਡ ਵਾਲੀ ਛੱਤਰੀ ਦੀ ਵਰਤੋਂ ਨਾ ਕਰਨ ਦੀ ਵੀ ਸਲਾਹ ਵ ਦਿੱਤੀ ਗਈ ਹੈ। ਸਲਾਹਕਾਰੀ 'ਚ ਕਿਹਾ ਗਿਆ ਹੈ ਕਿ ਮੌਸਮ ਖਰਾਬ ਹੋਣ ਦੌਰਾਨ ਜੇਕਰ ਨਾਗਰਿਕ ਆਪਣੇ ਘਰ ਜਾ ਕਿਸੇ ਹੋਰ ਸੁਰੱਖਿਅਤ ਸਥਾਨ 'ਤੇ ਹੈ ਤਾਂ ਵੀ ਉਨ੍ਹਾਂ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ, ਜਿਸ ਤਹਿਤ ਗੈਸ ਚੁੱਲੇ ਤੇ ਬਿਜਲੀ ਵਾਲੇ ਸਮਾਨ ਤੋਂ ਅਸਮਾਨੀ ਬਿਜਲੀ ਲਸ਼ਕਣ ਸਮੇਂ ਦੂਰੀ ਬਣਾਕੇ ਰੱਖਣੀ ਜ਼ਰੂਰੀ ਹੈ। ਜੇਕਰ ਕਿਸੇ 'ਤੇ ਅਸਮਾਨੀ ਬਿਜਲੀ ਗਿਰਦੀ ਹੈ ਤਾਂ ਉਸ ਨੂੰ ਤੁਰੰਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਵੀ ਐਡਵਾਈਜ਼ਰੀ 'ਚ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ।