ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਵਕਾਲਤ,


-ਐਸ.ਜੀ.ਪੀ.ਸੀ. ਦਾ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣ ਵਾਲਿਆਂ ਹੱਥ ਹੋਵੇ-ਕੁਲਤਾਰ ਸਿੰਘ ਸੰਧਵਾਂ
-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਵਿਧਾਇਕਾਂ ਦਾ ਭਾਦਸੋਂ ਵਿਖੇ ਸਨਮਾਨ
-ਪੰਜਾਬ ਦਾ ਬਜ਼ਟ ਆਮ ਲੋਕਾਂ ਦਾ ਬਜਟ ਹੋਵੇਗਾ-ਕੁਲਤਾਰ ਸਿੰਘ ਸੰਧਵਾਂ
-ਅਮਰਜੀਤ ਸਿੰਘ ਲੋਟੇ ਐਮ.ਡੀ. ਕਰਤਾਰ ਐਗਰੋ ਇੰਡਸਟਰੀਜ਼ ਤੇ ਰਾਮਗੜ੍ਹੀਆ ਬਿਰਾਦਰੀ ਵੱਲੋਂ ਕੁਲਤਾਰ ਸਿੰਘ ਸੰਧਵਾਂ, ਡਾ. ਜੀਵਨ ਜੋਤ ਕੌਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਤਰਨਪ੍ਰੀਤ ਸਿੰਘ ਸੌਂਧ ਤੇ ਗੁਰਦੇਵ ਮਾਨ ਦਾ ਸਨਮਾਨ
ਭਾਦਸੋਂ, 8 ਮਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀ ਇੱਕ ਮਾਣਮੱਤੀ ਸੰਸਥਾ ਹੈ ਪ੍ਰੰਤੂ ਪਿਛਲੇ ਸਮੇਂ ਦੌਰਾਨ ਇਸ ਦੇ ਕੰਮ 'ਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਹਨ, ਇਸ ਲਈ ਇਸ ਸੰਸਥਾ ਦਾ ਪ੍ਰਬੰਧ ਅਜਿਹੇ ਗੁਰਸਿੱਖਾਂ ਦੇ ਹੱਥ ਹੋਣਾ ਚਾਹੀਦਾ ਹੈ, ਜਿਹੜੇ ਕਿਸੇ ਸ਼ਖ਼ਸ ਦਾ ਹੁਕਮ ਨਾ ਮੰਨਕੇ ਸਗੋਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੀ ਮੰਨਣ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅੱਜ ਭਾਦਸੋਂ ਵਿਖੇ, ਅਮਰਜੀਤ ਸਿੰਘ ਲੋਟੇ, ਐਮ.ਡੀ. ਕਰਤਾਰ ਐਗਰੋ ਇੰਡਸਟਰੀਜ਼ ਅਤੇ ਰਾਮਗੜ੍ਹੀਆ ਬਿਰਾਦਰੀ ਵੱਲੋਂ ਸ੍ਰੀ ਵਿਸ਼ਵਕਰਮਾ ਮੰਦਿਰ 'ਚ ਕਰਵਾਏ ਇੱਕ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਸਪੀਕਰ ਸ. ਸੰਧਵਾ ਤੋਂ ਇਲਾਵਾ ਅੰਮ੍ਰਿਤਸਰ ਪੂਰਬ ਦੇ ਵਿਧਾਇਕ ਡਾ. ਜੀਵਨ ਜੋਤ ਕੌਰ, ਖੰਨਾ ਤੋਂ ਤਰਨਪ੍ਰੀਤ ਸਿੰਘ ਸੌਂਧ, ਬਟਾਲਾ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਬਾਬਤ ਪੁੱਛੇ ਸਵਾਲ ਦੇ ਜਵਾਬ 'ਚ ਸ. ਸੰਧਵਾਂ ਨੇ ਇਹ ਚੋਣਾਂ ਤੁਰੰਤ ਕਰਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਸੱਤਾ ਦੀ ਤਬਦੀਲੀ ਹੋ ਗਈ ਹੈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਬਦਲਾਅ ਜਰੂਰੀ ਹੈ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੀ ਵੱਡੀ ਸੇਵਾ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਨਾ ਹੈ ਪ੍ਰੰਤੂ ਪਿਛਲੇ ਸਮੇਂ 'ਚ ਇਹ ਪ੍ਰਬੰਧ ਕਮਜ਼ੋਰ ਕਰਨ ਦੇ ਨਾਲ-ਨਾਲ ਸਾਡੀਆਂ ਰਹੁਰੀਤਾਂ ਦੀ ਫ਼ਰਜ਼ਸਨਾਸੀ ਕਰਨ 'ਚ ਵੀ ਕਿਤੇ ਨਾ ਕਿਤੇ ਐਸ.ਜੀ.ਪੀ.ਸੀ. ਪਿੱਛੇ ਰਹੀ ਹੈ। ਸਪੀਕਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਚੋਰੀ, ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦੇ ਟਰਸਟ ਬਣਾ ਕੇ ਨਿਜੀ ਹੱਥਾਂ 'ਚ ਦੇਣੀਆਂ, ਸ੍ਰੋਮਣੀ ਕਮੇਟੀ ਵੱਲੋਂ ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕੁਫ਼ਰ ਤੋਲਣਾ, ਇਹ ਸਭ ਕਰਨ ਵਾਲੇ ਲੋਕ ਕੌਣ ਹਨ ਅਤੇ ਹੁਣ ਉਨ੍ਹਾਂ ਨੂੰ ਬਾਹਰ ਕੱਢਣਾ ਪਵੇਗਾ, ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ, ਜਿਸ ਸਬੰਧੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਕਮਰ ਕਸ ਲੈਣੀ ਚਾਹੀਦੀ ਹੈ। ਇਸ ਦੌਰਾਨ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਬਜਟ ਆਮ ਲੋਕਾਂ ਦਾ ਬਜਟ ਬਣਾ ਕੇ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ, ਇਸ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੋਕਾਂ ਦੀ ਰਾਇ ਲਈ ਜਾ ਰਹੀ ਹੈ। ਭਾਦਸੋਂ ਦੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਅੱਜ ਰੱਖੇ ਸਨਮਾਨ ਦੀ ਸ਼ਲਾਘਾ ਕਰਨ ਮੌਕੇ ਸ. ਸੰਧਵਾਂ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਮੇਤ ਆਪਣੇ ਪੁਰਖਿਆਂ ਨੂੰ ਯਾਦ ਰੱਖਦੇ ਹੋਏ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਗਿਆਨੀ ਜ਼ੈਲ ਸਿੰਘ ਵੱਲੋਂ ਇਮਾਨਦਾਰੀ ਨਾਲ ਕੀਤੀ ਸਿਆਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ 'ਤੇ ਰਹੇ ਪ੍ਰੰਤੂ ਉਨ੍ਹਾਂ ਨੇ ਆਪਣੀ ਚਿੱਟੀ ਚਾਦਰ 'ਤੇ ਦਾਗ ਨਹੀਂ ਲੱਗਣ ਦਿੱਤਾ।
ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ ਨਾਭਾ ਹਾਰਵੈਸਟਰ ਇੰਡਸਟਰੀ ਦੀ ਹੱਬ ਹੈ ਅਤੇ ਪੰਜਾਬ ਸਰਕਾਰ ਨਾਭਾ ਸਮੇਤ ਭਾਦਸੋਂ ਦੀ ਕੰਬਾਇਨ ਇੰਡਸਟਰੀ, ਖਾਸ ਕਰਕੇ ਕਰਤਾਰ ਕੰਬਾਇਨ ਦੇ ਸਹਿਯੋਗ ਨਾਲ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਕੇ ਸਾਡੇ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦਿਵਾ ਕੇ ਹੁਨਰਮੰਦ ਬਣਾਉਣ ਲਈ ਕੰਮ ਕਰੇਗੀ।
ਇਸ ਮੌਕੇ ਵਿਧਾਇਕਾਂ ਡਾ. ਜੀਵਨ ਜੋਤ ਕੌਰ, ਤਰਨਪ੍ਰੀਤ ਸਿੰਘ ਸੌਂਧ ਦੇ ਪਿਤਾ ਭੁਪਿੰਦਰ ਸਿੰਘ ਸੌਂਧ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰ੍ਹੀ ਉਤਰੇਗੀ। ਇਸ ਤੋਂ ਪਹਿਲਾਂ ਰਾਮਗੜ੍ਹੀਆ ਫਾਊਂਡੇਸ਼ਨ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਕੁਲਾਰ ਨੇ ਰਾਮਗੜ੍ਹੀਆ ਬਿਰਾਦਰੀ ਵੱਲੋਂ ਸਮਾਜ ਭਲਾਈ ਸਮੇਤ ਸੂਬੇ ਦੀ ਤਰੱਕੀ ਤੇ ਰੋਜ਼ਗਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਜਦੋਂਕਿ ਜਸਵਿੰਦਰ ਸਿੰਘ ਧੀਮਾਨ ਨੇ ਸਵਾਗਤ ਕੀਤਾ ਅਤੇ ਕਰਤਾਰ ਕੰਬਾਇਨ ਦੇ ਡਾਇਰੈਕਟਰ ਮਨਜੀਤ ਸਿੰਘ ਲੋਟੇ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਰਾਮਗੜ੍ਹੀਆਂ ਅਕਾਲ ਜੱਥੇਬੰਦੀ ਪੰਜਾਬ ਦੇ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕੀਤਾ।
ਸਮਾਗਮ ਦੌਰਾਨ ਸੁਖਵਿੰਦਰ ਸਿੰਘ ਬੱਬੂ ਕੋਟਕਪੂਰਾ, ਹਰਮੀਤ ਸਿੰਘ ਲੋਟੇ, ਮਨਪ੍ਰੀਤ ਸਿੰਘ ਲੋਟੇ, ਹਰਵਿੰਦਰ ਸਿੰਘ ਲੋਟੇ, ਰਘਬੀਰ ਸਿੰਘ ਸੋਹਲ, ਐਸ.ਡੀ.ਐਮ. ਪਟਿਆਲਾ ਇਸਮਤ ਵਿਜੇ ਸਿੰਘ, ਡੀ.ਐਸ.ਪੀ. ਰਾਜੇਸ਼ ਛਿੱਬੜ ਸਮੇਤ ਵੱਡੀ ਗਿਣਤੀ ਰਾਮਗੜ੍ਹੀਆ ਭਾਈਚਾਰੇ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਵੀ ਮੌਜੂਦ ਸਨ।