ਨਵਾਂਸ਼ਹਿਰ, 13 ਮਈ, 2022: ਸ. ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 30 ਮਈ 2022 ਤੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਆਫਲਾਈਨ ਡੇਅਰੀ ਸਿਖਲਾਈ ਦੇਣ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਡੇਅਰੀ ਵਿਕਾਸ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਹਰਵਿੰਦਰ ਸਿੰਘ ਨੇ ਦੱਸਿਆ ਕਿ ਲੋੜੀਂਦੇ ਕਾਗਜ਼ਾਤ, ਪੜ੍ਹਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਵੋੇਟਰ ਕਾਰਡ, ਅਨਸੂਚਿਤ ਜਾਤੀ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਚਾਹਵਾਨ ਮਿਤੀ 27 ਮਈ, 2022 ਤੱਕ ਆਪਣੇ ਫਾਰਮ ਭਰਵਾਉਣ ਲਈ ਦਫਤਰ ਡੇਅਰੀ ਵਿਕਾਸ ਅਫਸਰ, ਵੈਟਨਰੀ ਪੋਲੀਕਲੀਨਿਕ, ਬੰਗਾ ਰੋਡ ਮਹਾਲੋਂ (ਸੰਪਰਕ ਨੰਬਰ 01823-225050) ਵਿਖੇ ਸੰਪਰਕ ਕਰਨ।
ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਵਿਗਿਆਨਕ ਢੰਗਾਂ ਨਾਲ ਕੀਤੇ ਕਾਰੋਬਾਰ ਹੀ ਲਾਹੇਵੰਦ ਹੋਣਗੇ। ਇਸ ਕੋਰਸ ਵਿੱਚ ਦਧਾਰੂ ਪਸ਼ੂਆਂ ਦੀ ਖ੍ਰੀਦ ਤੋਂ ਲੈ ਕੇ ਰੱਖ-ਰਖਾਓ, ਖਾਦ-ਖੁਰਾਕ, ਨਸਲ ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਸਮੂਹ ਦੱਧ ਉਤਪਤਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾਉਣ ਲਈ ਅੱਗੇ ਆਉਣ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
---------------------------------------------------
----------------------------------------------------
ਐਸ ਸੀ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਤੇ ਪ੍ਰਭ ਦਿਆਲ ਵੱਲੋਂ ਜਾਡਲਾ ਅਤੇ ਹਿਆਲਾ ਦਾ ਦੌਰਾ
ਕਮਿਸ਼ਨ ਕੋਲ ਪੁੱਜੀਆਂ ਸ਼ਿਕਾਇਤਾਂ ਸਬੰਧੀ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਨਵਾਂਸ਼ਹਿਰ, 13 ਮਈ:
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਅੱਜ ਕਮਿਸ਼ਨ ਕੋਲ ਪੁੱਜੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਜਾਡਲਾ ਅਤੇ ਹਿਆਲਾ ਪਿੰਡਾਂ ਦਾ ਦੌਰਾ ਕਰਕੇ ਮੌਕਾ ਦੇਖਿਆ ਗਿਆ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਤਾਵਾਂ ਵੱਲੋਂ ਜ਼ਾਹਿਰ ਕੀਤੇ ਗਏ ਖਦਸ਼ਿਆਂ ਦੇ ਮੱਦੇਨਜ਼ਰ ਲੋੜੀਂਦੀ ਕਾਰਵਾਈ ਕਰਕੇ, ਕਮਿਸ਼ਨ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ।
ਦੋਵਾਂ ਮੈਂਬਰਾਂ ਨੇ ਦੱਸਿਆ ਕਿ ਜਾਡਲਾ ਵਿਖੇ ਗੰਦੇੇ ਪਾਣੀ ਦੀ ਨਿਕਾਸੀ ਸਬੰਧੀ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਪਿੰਡ 'ਚ ਮੌਕਾ ਦੇਖਿਆ ਗਿਆ ਅਤੇ ਗੰਦੇ ਪਾਣੀ ਦੀ ਨਿਕਾਸੀ ਉਚਿੱਤ ਢੰਗ ਨਾਲ ਜ਼ਮੀਨਦੋਜ਼ ਪਾਈਪਾਂ ਪਾ ਕੇ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਛੱਪੜ ਦੀ ਸਫ਼ਾਈ ਕਰਵਾਉਣ ਅਤੇ ਪਿੰਡ 'ਚ ਸਥਿਤ ਡਾ. ਬੀ ਆਰ ਅੰਬੇਦਕਰ ਜੀ ਦੇ ਬੁੱਤ ਵੱਲ ਜਾਂਦੇ ਪਾਣੀ ਦੀ ਵੀ ਢੁਕਵੀਂ ਨਿਕਾਸੀ ਕਰਨ ਲਈ ਕਿਹਾ ਗਿਆ।
ਪਿੰਡ ਹਿਆਲਾ ਵਿਖੇ ਵੀ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ 'ਤੇ ਮੌਕਾ ਦੇਖਣ ਪੁੱਜੇ ਕਮਿਸ਼ਨ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਨੇ ਪਿੰਡ ਵਿੱਚ ਬਣ ਰਹੇ ਸੀਚੇਵਾਲ ਮਾਡਲ ਛੱਪੜ ਕਾਰਨ ਸ਼ਿਕਾਇਤ ਕਰਤਾ ਵੱਲੋਂ ਆਪਣੀ ਕਲੋਨੀ ਵੱਲ ਪਾਣੀ ਆਉਣ ਦੇ ਪ੍ਰਗਟਾਏ ਖਦਸ਼ੇ ਦੀ ਜਾਂਚ ਕੀਤੀ। ਉਨ੍ਹਾਂ ਇਸ ਮੌਕੇ ਸਬੰਧਤ ਅਧਿਕਾਰੀਆਂ ਪਾਸੋਂ ਰਿਪੋਰਟ ਮੰਗਦੇ ਹੋਏ, ਛੱਪੜ ਦੇ ਚੱਲ ਰਹੇ ਕੰਮ ਕਾਰਨ ਕਿਸੇ ਨੂੰ ਵੀ ਮੁਸ਼ਕਿਲ ਨਾ ਆਉਣ ਦੇਣ ਦੀ ਤਾਕੀਦ ਕੀਤੀ।
ਉਨ੍ਹਾਂ ਦੁਹਰਾਇਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆ ਨਾ ਹੋਣ ਦੇਣ ਲਈ ਵਚਨਬੱਧ ਹੈ। ਇਸੇ ਲਈ ਉਨ੍ਹਾਂ ਵੱਲੋਂ ਕਿਸੇ ਵੀ ਸ਼ਿਕਾਇਤ ਦੇ ਮੱਦੇਨਜ਼ਰ, ਕੋਈ ਵੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਉਸ ਦੀ ਜ਼ਮੀਨੀ ਹਕੀਕਤ ਜਾਣਨ ਲਈ ਖੁਦ ਮੌਕੇ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਰਿਪੋਰਟ ਕਮਿਸ਼ਨ ਦੇ ਚੇਅਰਮੈਨ ਨੂੰ ਅਗਲੇਰੀ ਕਾਰਵਾਈ ਲਈ ਸੌਂਪੀ ਜਾਂਦੀ ਹੈ।
ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ, ਐਸ ਐਚ ਓ ਸਦਰ ਥਾਣਾ ਨਵਾਂਸ਼ਹਿਰ ਨਰੇਸ਼ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਐਸ ਸੀ ਕਮਿਸ਼ਨ ਪੰਜਾਬ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ ਪਿੰਡ ਜਾਡਲਾ ਵਿਖੇ ਸ਼ਿਕਾਇਤ ਦੇ ਸਬੰਧਤ ਵਿੱਚ ਮੌਕਾ ਦੇਖਣ ਸਮੇਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ।