ਨਵਾਂਸ਼ਹਿਰ, 16 ਮਈ :- ਪਾਣੀ ਦੀ ਬੱਚਤ ਕਰਨ, ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਬਾਗਾਂ ਦਾ ਅਹਿਮ ਰੋਲ ਹੈ। ਇਸ ਕਰਕੇ ਹਰੇਕ ਕਿਸਾਨ ਨੂੰ ਆਪਣੇ ਘਰ ਦੀ ਬਗੀਚੀ ਜਾਂ ਟਿਊਬਵੈਲ ਤੇ ਫਲਦਾਰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਹਰੇਕ ਕਿਸਾਨ ਨੂੰ ਆਪਣੀ ਜ਼ਮੀਨ ਦੀ ਲੋੜ ਮੁਤਾਬਿਕ ਵੱਧ ਤੋਂ ਵੱਧ ਰਕਬਾ ਬਾਗਬਾਨੀ ਫਸਲਾਂ ਹੇਠ ਲਿਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਂਦੀ ਜਾ ਸਕੇ।
ਇਹ ਪ੍ਰਗਟਾਵਾ ਡਾਇਰੈਕਟਰ ਬਾਗਬਾਨੀ ਪੰਜਾਬ, ਸ਼੍ਰੀਮਤੀ ਸ਼ਲਿੰਦਰ ਕੌਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵੱਖ-ਵੱਖ ਬਾਗਾਂ ਦਾ ਦੌਰਾ ਕਰਨ ਉਪਰੰਤ ਕਰਦੇ ਕਿਹਾ ਕਿ ਮਨੁੱਖ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਫਲਾਂ ਦਾ ਵਿਸ਼ੇਸ਼ ਮਹੱਤਵ ਹੈ।
ਇਸ ਮੌਕੇ ਡਾ. ਰਾਜੇਸ਼ ਕੁਮਾਰ, ਬਾਗਬਾਨੀ ਵਿਕਾਸ ਅਫਸਰ ਬਲਾਚੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਲਾਚੌਰ ਅਤੇ ਸੜੋਆ ਵਿੱਚ ਆੜੂ, ਅਲੂਚਾ, ਨਾਖਾਂ ਅਤੇ ਪੀ.ਏ.ਯੂ ਲੁਧਿਆਣਾ ਅਨੁਸਾਰ ਸਿਫਾਰਿਸ਼ ਕੀਤੇ ਹੋਰ ਬਾਗਾਂ ਲਈ ਜ਼ਮੀਨ ਬਹੁਤ ਢੁੱਕਵੀਂ ਹੈ। ਇਸ ਕਰਕੇ ਆੜੂ ਦੇ ਬਾਗਾਂ ਤੋਂ ਬਾਗਬਾਨ ਕਾਫੀ ਆਮਦਨ ਲੈ ਰਹੇ ਹਨ। ਜ਼ਿਲ੍ਹੇ ਦੇ 2 ਬਲਾਕਾਂ ਵਿੱਚ ਆੜੂ ਦੇ ਬਾਗਾਂ ਦਾ ਰਕਬਾ, ਫਲ ਦੀ ਮੰਗ ਵਧਣ ਕਰਕੇ ਹਰੇਕ ਸਾਲ ਵੱਧ ਰਿਹਾ ਹੈ। ਬਾਗਬਾਨ ਆੜੂ, ਅਲੂਚਾ ਅਤੇ ਨਾਖਾਂ ਦੇ ਬਾਗਾਂ ਤੋਂ ਪ੍ਰਤੀ ਏਕੜ੍ਹ ਔਸਤਨ ਇੱਕ ਲੱਖ ਤੱਕ ਆਮਦਨ ਲੈਂਦੇ ਹਨ। ਪਰ ਜੇਕਰ ਬਾਗਬਾਨ ਤੁਪਕਾ ਸਿੰਚਾਈ ਵਿਧੀ ਅਪਣਾਉਣ ਤਾਂ ਇਸ ਨਾਲ ਪਾਣੀ ਦੀ ਬੱਚਤ ਅਤੇ ਬਾਗਾਂ ਨੂੰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਹਾਜ਼ਰ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਗਬਾਨੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਦੀ ਸਹਾਇਤਾ ਨਾਲ ਜਿਮੀਂਦਾਰਾਂ ਨੂੰ ਵੱਖ-ਵੱਖ ਸਕੀਮਾਂ ਤੇ ਉਪਦਾਨ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਬਾਗ ਲਗਾਉਣ ਤੇ 50% ਸਬਸਿਡੀ, ਸ਼ੈਡ ਨੈਟ, ਪੋਲੀ ਹਾਊਸ ਉਪਰ 50% ਸਬਸਿਡੀ ਦਿੱਤੀ ਜਾ ਰਹੀ ਹੈ। ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਵਰਮੀ ਕੰਪੋਸਟ ਯੂਨਿਟ ਬਣਾਏ ਜਾ ਰਹੇ ਹਨ, ਜਿਨ੍ਹਾਂ ਤੇ 50% ਸਬਸਿਡੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਡਾ.ਦਨੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਬਾਨੀ ਮੋਹਾਲੀ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਲਈ ਬਹੁਤ ਹੀ ਲਾਭਪਾਤਰੀ ਸਕੀਮਾਂ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਦਾ ਪੰਜਾਬ ਦੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਨਾਲ ਤਾਲਮੇਲ ਕਰਕੇ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ, ਤਾਂ ਜੋ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਂਦੀ ਜਾ ਸਕੇ। ਇਸ ਸਮੇਂ ਬਹਾਦਰ ਸਿੰਘ ਪਿੰਡ ਸੋਨਾ, ਭੁਪਿੰਦਰ ਸਿੰਘ ਅਤੇ ਸੁਰਜੀਤ ਸਿੰਘ ਪਿੰਡ ਐਮਾ ਚਾਹਲ (ਬਾਗਬਾਨ) ਹਾਜ਼ਰ ਸਨ।