ਘਰਾਂ ਤੋਂ ਬਾਇਓ ਮੈਡੀਕਲ ਵੇਸਟ ਅਤੇ ਹੋਰ ਪਦਾਰਥਾਂ ਨੂੰ ਵੱਖਰੇ ਤੌਰ ਉਤੇ ਇਕੱਠੇ ਕਰਨ ਦਾ ਪ੍ਰਬੰਧ ਕਰੋ-ਡਿਪਟੀ ਕਮਿਸ਼ਨਰ

ਸੜਕਾਂ ਤੇ ਹੋਰ ਥਾਵਾਂ ਤੋਂ ਦਰਖਤਾਂ ਦੀ ਕਟਾਈ ਨਹੀਂ, ਬਲਕਿ ਤਬਦੀਲ ਕੀਤੇ ਜਾਣ ਰੁੱਖ-ਬੂਟੇ

ਅੰਮ੍ਰਿਤਸਰ, 25 ਮਈ : -ਜਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਵੇਂ ਹਸਪਤਾਲਾਂ ਤੋਂ ਬਾਇਓ ਮੈਡੀਕਲ ਵੇਸਟ ਇਕੱਠਾ ਕਰਨ ਦਾ ਪ੍ਰਬੰਧ ਹੈ, ਉਸੇ ਤਰਜ਼ ਉਤੇ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਦੇ ਨਾਲ-ਨਾਲ ਅਜਿਹੇ ਕੂੜੇ ਨੂੰ ਵੱਖਰੇ ਤੌਰ ਉਤੇ ਇਕੱਠਾ ਕਰਨ ਦਾ ਪ੍ਰਬੰਧ ਕੀਤੇ ਜਾਣ। ਸ੍ਰੀ ਸੂਦਨ ਨੇ ਕਿਹਾ ਕਿ ਅੱਜ ਆਮ ਘਰਾਂ ਵਿਚ ਸ਼ੂਗਰ ਚੈਕ ਕਰਨ ਲਈ ਵਰਤੇ ਜਾਂਦੇ ਸਾਧਨ, ਇਨਸਾਨਾਂ ਤੇ ਪਾਲੂਤ ਜਾਨਵਰਾਂ ਨੂੰ ਲਗਾਏ ਜਾਂਦੇ ਇੰਜੈਕਸ਼ਨ, ਮਿਆਦ ਪੁਗਾ ਚੁੱਕੀਆਂ ਦਵਾਈਆਂ, ਸ਼ੇਵਿੰਗ ਕਿੱਟਾਂ ਦੇ ਵਰਤੇ ਬਲੇਡ ਅਤੇ ਹੋਰ ਅਜਿਹੇ ਪਦਾਰਥਾਂ ਦਾ ਕੂੜਾ ਮਿਲਦਾ ਹੈ, ਜਿਸ ਨੂੰ ਸੁੱਕੇ ਕੂੜੇ ਨਾਲ ਇਕੱਠਾ ਨਹੀਂ ਕੀਤਾ ਜਾਣਾ ਚਾਹੀਦਾ, ਬਲਕਿ ਇਹ ਕੂੜਾ ਬਾਇਓ ਮੈਡੀਕਲ ਵੇਸਟ ਨੂੰ ਸਮੇਟਣ ਵਾਲੇ ਪਲਾਂਟ ਤੱਕ ਜਾਣਾ ਚਾਹੀਦਾ ਹੈ। ਸ੍ਰੀ ਸੂਦਨ ਨੇ ਇਸ ਲਈ ਸ਼ਹਿਰ ਦੇ ਕਿਸੇ ਇਕ ਇਲਾਕੇ ਵਿਚੋਂ ਟਰਾਇਲ ਕਰਨ ਦੀ ਹਦਾਇਤ ਕੀਤੀ।

                   ਮੀਟਿੰਗ ਦੌਰਾਨ ਸੜਕਾਂ ਅਤੇ ਹੋਰ ਜਨਤਕ ਥਾਵਾਂ ਤੋਂ ਵਿਕਾਸ ਦੇ ਨਾਮ ਉਤੇ ਪੁੱਟੇ ਜਾਂਦੇ ਦਰਖ਼ਤਾਂ ਦਾ ਗੰਭੀਰ ਨੋਟਿਸ ਲੈਂਦੇ ਸ੍ਰੀ ਸੂਦਨ ਨੇ ਕਿਹਾ ਕਿ ਅਜਿਹੇ ਦਰਖਤ, ਜੋ ਇਕ ਸਥਾਨ ਤੋਂ ਦੂਸਰੇ ਸਥਾਨ ਉਤੇ ਅਸਾਨੀ ਨਾਲ ਤਬਦੀਲ ਕੀਤੇ ਜਾ ਸਕਦੇ ਹਨ, ਨੂੰ ਪੁੱਟਿਆ ਨਾ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਸ਼ਹਿਰ  ਦੀ ਹਰਿਆਵਲ ਖਤਮ ਕਰਕੇ ਆਕਸੀਜਨ ਦੇਣ ਵਾਲੇ ਸੋਮਿਆਂ ਨੂੰ ਖਤਮ ਕਰ ਰਹੇ ਹਾਂ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਡਿਪਟੀ ਕਮਿਸ਼ਨਰ ਨੇ ਇੱਬਣ ਵਿਖੇ ਲੱਗੇ ਸੀਵਰੇਜ਼ ਟਰੀਮਟਮੈਂਟ ਪਲਾਂਟ ਵਿਚੋਂ ਨਿਕਲਦੇ ਵਾਧੂ ਪਾਣੀ ਨੂੰ ਡਰੇਨ ਵਿਚ ਸੁੱਟਣ ਦੀ ਥਾਂ ਇਸਨੂੰ ਖੇਤਾਂ ਵਿਚ ਸਿੰਚਾਈ ਲਈ ਵਰਤੋਂ ਕਰਨ ਦੇ ਪ੍ਰਬੰਧ ਕਰਨ ਲਈ ਕਿਹਾ। ਤੁੰਗ ਢਾਬ ਡਰੇਨ ਵਿਚ ਸੁੱਟੇ ਜਾ ਰਹੇ ਡੇਅਰੀਆਂ ਅਤੇ ਕਾਰਖਾਨਿਆਂ ਦੇ ਵਾਧੂ ਪਾਣੀ, ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ, ਦੇ ਪ੍ਰਬੰਧ ਲਈ ਵਿਉਂਤਬੰਦੀ ਕਰਦੇ ਡਿਪਟੀ ਕਮਿਸ਼ਨਰ ਨੇ ਗੋਬਰ ਪ੍ਰਬੰਧਨ ਲਈ ਬੈਕਟਰੀਆ ਅਧਾਰਤ ਪ੍ਰਬੰਧ ਅਜ਼ਮਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ। ਉਨਾਂ ਕਿਹਾ ਕਿ ਪਾਣੀ ਦੇ ਸਾਧਨਾਂ ਨੂੰ ਢੱਕਣਾ ਜਾਂ ਪਾਇਪ ਪਾ ਕੇ ਅੱਗੇ ਲੈ ਜਾਣਾ, ਕੋਈ ਸਹੀ ਪ੍ਰਬੰਧ ਨਹੀਂ ਹੈ, ਇਸ ਲਈ ਪਾਣੀ ਨੂੰ ਸਾਫ ਕਰਨ ਤੇ ਇਸ ਪਾਣੀ ਦੀ ਖੇਤੀ ਲਈ ਵਰਤੋਂ ਕਰਨ ਦੀ ਯੋਜਨਾ ਤਿਆਰ ਕੀਤੀ ਜਾਵੇ। ਅੱਜ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਸੰਜੀਵ ਸ਼ਰਮਾ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਹਰਪਾਲ ਸਿੰਘ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।