ਨਵਾਂਸ਼ਹਿਰ 20 ਮਈ : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਵਰਚੂਅਲ ਮੀਟਿੰਗ ਸੂਬਾ ਕਨਵੀਨਰ ਹਰਵਿੰਦਰ ਸਿੰਘ ਬਿਲਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਅਧਿਆਪਕ ਲਹਿਰ ਦੇ ਵਿੱਛੜੇ ਆਗੂਆਂ ਅਜੀਬ ਦਿਵੇਦੀ ਅਤੇ ਦਵਿੰਦਰ ਸਿੰਘ ਧਨੋਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਦੇ ਹੱਲ ਸਬੰਧੀ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਰੱਦ ਕਰਵਾਉਣ ਲਈ 20 ਅਪ੍ਰੈਲ 2022 ਨੂੰ ਨਵੀਂ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਸਥਾਰਤ ਮੀਟਿੰਗ ਹੋਈ ਸੀ। ਪਰ ਮੀਟਿੰਗ ਤੋਂ ਇੱਕ ਮਹੀਨੇ ਬਾਅਦ ਵੀ ਕੋਈ ਸਾਰਥਿਕ ਹੱਲ ਨਿਕਲਣ ਦੀ ਬਜਾਏ ਮੋਰਚੇ ਦੇ ਕਨਵੀਨਰ ਬਲਕਾਰ ਵਲਟੋਹਾ ਦੀ ਪਹਿਲੇ ਸਿੱਖਿਆ ਸਕੱਤਰ ਵੱਲੋਂ ਬਦਲਾ ਲਊ ਭਾਵਨਾ ਤਹਿਤ 20% ਪੈਨਸ਼ਨ ਕਟੌਤੀ ਦੀ ਸਜਾ ਬਰਕਰਾਰ ਰੱਖਦੇ ਹੋਏ ਪਹਿਲੀਆਂ ਸਰਕਾਰਾਂ ਵਾਂਗ ਹੀ ਸਿੱਖਿਆ ਵਿਭਾਗ ਨੂੰ ਚਲਾਉਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜਿਸ ਦੀ ਸਖ਼ਤ ਨਿਖੇਧੀ ਕੀਤੀ ਗਈ। ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨਾਲ ਮੀਟਿੰਗ ਕਰਨ ਦੀ ਡਰਾਮੇਬਾਜ਼ੀ 'ਤੇ ਜਿੱਥੇ ਲੱਖਾਂ ਰੁਪਏ ਖ਼ਰਚ ਕੀਤੇ ਗਏ, ਉੱਥੇ ਹੀ ਖਾਣਾ ਖਾਣ ਸਮੇਂ ਸਾਹਮਣੇ ਆਈਆਂ ਪ੍ਰਬੰਧਕੀ ਖ਼ਾਮੀਆਂ ਨੂੰ ਛੁਪਾਉਣ ਲਈ ਕੁੱਝ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਮੋਰਚੇ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਪਿਛਲੀ ਸਰਕਾਰ ਵੱਲੋਂ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਡਰਾਉਣ ਧਮਕਾਉਣ ਲਈ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ, ਪੁਲਿਸ ਵੱਲੋਂ ਦਰਜ ਕੀਤੇ ਗਏ ਪਰਚੇ ਆਦਿ ਹਾਲੇ ਤੱਕ ਵੀ ਰੱਦ ਨਾ ਕਰਨ ਅਤੇ ਅਧਿਆਪਕਾਂ ਵਿਦਿਆਰਥੀਆਂ ਦੇ ਮਸਲੇ ਹੱਲ ਨਾ ਕਰਨ 'ਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫ਼ਦ 25 ਮਈ ਨੂੰ ਸਿੱਖਿਆ ਮੰਤਰੀ ਨੂੰ ਬਰਨਾਲਾ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਮਿਲੇਗਾ।
ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਪੁਆਰੀ, ਬਾਜ਼ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਰਾਜ ਸਿੰਘ ਕਾਹਲੋਂ, ਮੁਕੇਸ਼ ਗੁਜਰਾਤੀ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਦੌੜਕਾ ਆਦਿ ਸ਼ਾਮਲ ਸਨ।
ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਪੁਆਰੀ, ਬਾਜ਼ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਰਾਜ ਸਿੰਘ ਕਾਹਲੋਂ, ਮੁਕੇਸ਼ ਗੁਜਰਾਤੀ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਦੌੜਕਾ ਆਦਿ ਸ਼ਾਮਲ ਸਨ।