ਪਟਿਆਲਾ, 14 ਮਈ: ਉਪ ਕਪਤਾਨ ਪੁਲਿਸ ਐਸ.ਟੀ.ਐਫ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਮੁਖੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਕੰਮ ਕਰਨ ਵਾਲੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਪਟਿਆਲਾ ਰੇਂਜ ਵੱਲੋਂ ਪਤੀ ਪਤਨੀ ਨੂੰ 101 ਗ੍ਰਾਮ ਸਮੈਕ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਡੀ.ਐਸ.ਪੀ. ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਮਈ 2022 ਨੂੰ ਸਹਾਇਕ ਥਾਣੇਦਾਰ ਪਿਆਰਾ ਸਿੰਘ ਸਮੇਤ ਐਸ.ਟੀ.ਐਫ ਦੇ ਕਰਮਚਾਰੀਆਂ ਨਾਲ ਨਸ਼ਾ ਤਸਕਰਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਰਾਜਪੁਰਾ ਕਾਲੋਨੀ ਖਾਲੀ ਪਲਾਟਾਂ ਨੇੜੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖ਼ਬਰ ਨੇ ਗੁਪਤ ਇਤਲਾਹ ਦਿੱਤੀ ਕਿ ਵਰਿੰਦਰ ਸਿੰਘ ਅਤੇ ਇਸਦੀ ਪਤਨੀ ਅੰਮ੍ਰਿਤਪਾਲ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ ਪਟਿਆਲਾ ਜੋ ਇਹ ਦੋਵੇਂ ਪਤੀ ਪਤਨੀ ਆਪਸ ਵਿੱਚ ਰਲ ਕੇ ਸਮੈਕ ਵੇਚਣ ਦਾ ਕੰਮ ਕਰਦੇ ਹਨ, ਜੋ ਇਹ ਅੱਜ ਦੋਨੋ ਜਾਣੇ ਆਪਣੀ ਸਕੂਟਰੀ ਨੰਬਰ ਪੀ.ਬੀ.11 ਏ.ਐਫ 6492 ਮਾਰਕਾ ਹੌਂਡਾ ਐਕਟਿਵਾ 'ਤੇ ਸਵਾਰ ਹੋ ਕੇ ਅੱਜ ਨੇੜੇ ਵੀਰ ਸਿੰਘ ਦੀਆਂ ਮੜ੍ਹੀਆਂ ਪਾਸ ਆਪਣੇ ਕਿਸੇ ਗਾਹਕ ਨੂੰ ਸਮੈਕ ਦੇਣ ਆਉਣਗੇ ਜੋ ਇਸ ਇਤਲਾਹ 'ਤੇ ਉਕਤ ਵਿਅਕਤੀਆਂ ਵਿਰੁੱਧ ਥਾਣਾ ਐਸ.ਟੀ.ਐਫ ਮੁਹਾਲੀ ਵਿਖੇ ਮੁਕੱਦਮਾ ਨੰ 88 ਮਿਤੀ 12 ਮਈ 2022 ਅ/ਧ 21 ਐਨ.ਡੀ.ਪੀ.ਐਸ ਐਕਟ ਦਰਜ਼ ਰਜਿਸਟਰ ਕਰਾਇਆ ਗਿਆ। ਜੋ ਇਸ ਇਤਲਾਹ ਤੇ ਕਾਰਵਾਈ ਕਰਦਿਆ ਏ.ਐਸ.ਆਈ ਸਵਤੰਤਰਪਾਲ ਸਿੰਘ ਨੇ ਸਮੇਤ ਐਸ.ਟੀ.ਐਫ ਦੇ ਕਰਮਚਾਰੀਆਂ ਨਾਲ ਯੋਗ ਥਾਵਾਂ 'ਤੇ ਨਾਕਾਬੰਦੀ ਕੀਤੀ ਤਾਂ ਉਕਤ ਦੋਨੋ ਪਤੀ ਪਤਨੀ ਨੂੰ 101 ਗਰਾਮ ਸਮੈਕ ਸਮੇਤ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋ ਇਹ ਖੁਲਾਸਾ ਹੋਇਆ ਹੈ ਕਿ ਇਹ ਦੋਵੇਂ ਜਾਣੇ ਕਾਫ਼ੀ ਸਮੇਂ ਤੋ ਸਮੈਕ ਵੇਚਣ ਦਾ ਕੰਮ ਕਰਦੇ ਆ ਰਹੇ ਹਨ ਜੋ ਇਹ ਸਮੈਕ ਹਰਿਆਣੇ ਤੋ ਕਿਸੇ ਨਾ ਮਾਲੂਮ ਵਿਅਕਤੀ ਪਾਸੋਂ ਲੈ ਕੇ ਆਏ ਸਨ। ਇਸ ਤੋ ਪਹਿਲਾ ਵੀ ਵਰਿੰਦਰ ਸਿੰਘ ਦੇ ਖਿਲਾਫ ਦੋ ਮੁਕੱਦਮੇ ਐਨ.ਡੀ.ਪੀ.ਐਸ ਐਕਟ ਦੇ ਅਤੇ ਇੱਕ ਮੁਕੱਦਮਾ ਚੋਰੀ ਦਾ ਦਰਜ਼ ਰਜਿਸਟਰ ਹੋਣਾ ਪਾਇਆ ਗਿਆ ਹੈ। ਉਕਤਾਨ ਦੋਵਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।