ਬੰਗਾ, 24 ਮਈ :- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਰਾਹੀਂ ਪਾਣੀ ਦੀ ਬੱਚਤ ਦੀ ਕੀਤੀ ਅਪੀਲ ਨੂੰ ਹਾਂ-ਪੱਖੀ ਹੁੰਗਾਰਾ ਭਰਦਿਆਂ, ਬਲਾਕ ਬੰਗਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੰਗਰੌੜ ਵਿਖੇ ਐਸ ਡੀ ਐਮ ਸ੍ਰੀਮਤੀ ਨਵਨੀਤ ਕੌਰ ਬੱਲ ਵੱਲੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬੰਗਾ ਦੇ ਅਧਿਕਾਰੀਆਂ ਨਾਲ ਕਿਸਾਨ ਦਰਬਾਰਾ ਸਿੰਘ ਕੰਗਰੋੜ ਦੇ ਖੇਤਾਂ ਵਿੱਚ ਪਹੁੰਚ ਕੇ 12 ਏਕੜ ਜਮੀਨ 'ਤੇ ਡੀ.ਐਸ.ਆਰ. ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਵਾਈ ਗਈ। ਇਸ ਮੌਕੇ ਐਸ.ਡੀ.ਐਮ. ਬੰਗਾ ਵੱਲੋ ਕਿਸਾਨਾਂ ਵੱਲੋਂ ਡੀ.ਐਸ.ਆਰ. ਵਿਧੀ ਨੂੰ ਅਪਨਾਉਣ 'ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਅਤੇ ਬਲਾਕ ਬੰਗਾ ਦੇ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਲਈ ਅਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੀ ਬਿਜਾਈ ਨਾਲ ਸਿਰਫ ਸਮੇਂ ਦੀ ਹੀ ਬੱਚਤ ਨਹੀਂ ਹੁੰਦੀ ਬਲਕਿ ਮਾਨਵੀ ਸ਼ਕਤੀ ਵੀ ਘੱਟ ਖਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ 'ਚ ਬਿਜਾਈ ਦੇ ਰਵਾਇਤੀ ਤਰੀਕਿਆਂ ਵਾਂਗ ਖੇਤਾਂ ਵਿੱਚ ਕੱਦੂ ਕਰਨ ਅਤੇ ਪਾਣੀ ਖੜ੍ਹਾ ਕਰਨ ਦੀ ਲੋੜ ਨਹੀਂ ਪੈਂਦੀ ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 1500/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਲੀ ਉਤਸ਼ਾਹ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਮੌਕੇ ਮੌਜੂਦ ਖੇਤੀਬਾੜੀ ਵਿਕਾਸ ਅਫਸਰ ਸੁਖਜਿੰਦਰ ਪਾਲ ਨੇ ਦਸਿਆ ਕਿ ਡੀ.ਐਸ.ਆਰ. ਵਿਧੀ ਦਰਮਿਆਨੀਆ ਤੋਂ ਭਾਰੀਆਂ ਜਮੀਨਾਂ ਵਿੱਚ ਹੀ ਵਰਤੀ ਜਾ ਸਕਦੀ ਹੈ ਅਤੇ ਕਿਸਾਨਾਂ ਨੂੰ ਇਸ ਬਾਰੇ ਪਿੰਡ ਪੱਧਰੀ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬੰਗਾ 'ਚ ਪਿਛਲੇ ਸਾਲ 500 ਹੈਕਟੇਅਰ ਰਕਬੇ ਵਿੱਚ ਡੀ.ਐਸ.ਐਰ. ਵਿਧੀ ਰਾਹੀ ਝੋਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਇਸ ਸਾਲ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਕਾਰਨ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਅਪਨਾਉਣ ਵਾਲੇ ਕਿਸਾਨਾਂ ਦੇ ਰਿਕਾਰਡ ਨੂੰ ਤਸਦੀਕ ਕਰਨ ਵਾਸਤੇ 8 ਅਫਸਰਾਂ ਦੀ ਤਾਇਨਾਤੀ ਕਰ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕਿਸਾਨਾਂ ਦੇ ਖਾਤੀਆਂ ਵਿੱਚ ਸਿੱਧੀ ਅਦਾਇਗੀ ਕੀਤੀ ਜਾਵੇਗੀ । ਇਸ ਮੌਕੇ ਵਿਕਰਮ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਕੇ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਝੋਨੇ ਹੇਠੋਂ ਰਕਬਾ ਘਟਾ ਕੇ ਹੋਰ ਫਸਲਾਂ ਜਿਵੇ ਦਾਲਾਂ, ਮੱਕੀ ਅਦਿ ਹੇਠ ਲਿਆਂਦਾ ਜਾਵੇ। ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸਰਪੰਚ, ਕਿ੍ਰਪਾਲ ਸਿੰਘ, ਜੋਗਾ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਬਿਕਰਮਜੀਤ ਸਿੰਘ, ਗੁਰਸ਼ਾਨ ਸਿੰਘ, ਮੋਹਣ ਲਾਲ ਨੰਬਰਦਾਰ, ਦਲਜਿੰਦਰ ਸਿੰਘ ਪੰਚ ਅਦਿ ਹਾਜ਼ਰ ਸਨ।