ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆ ਤੋਂ ਮਾਲ ਪਟਵਾਰੀਆਂ ਦੀ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ

ਐਸ.ਕੇ. ਬਰਾਂਚ ਵਿਖੇ ਜਮ੍ਹਾਂ ਕਰਵਾਏ ਜਾਣ ਬਿਨੈ ਪੱਤਰ-ਡੀ.ਆਰ.ਓ.
ਪਟਿਆਲਾ, 23 ਮਈ: ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ  ਆਧਾਰ 'ਤੇ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਵਿੱਚੋਂ ਭਰਤੀ ਕਰਨ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਦਰਜ ਹਦਾਇਤਾਂ ਦੀ ਰੋਸ਼ਨੀ ਵਿੱਚ ਠੇਕੇ ਦੇ ਆਧਾਰ 'ਤੇ ਪਟਵਾਰੀਆਂ ਦੀ ਭਰਤੀ ਮਿਤੀ 31 ਜੁਲਾਈ 2023 ਤੱਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ ਇਸ ਸਬੰਧੀ ਐਸ.ਕੇ. ਬਰਾਂਚ, ਡੀ.ਸੀ. ਦਫ਼ਤਰ ਪਟਿਆਲਾ ਵਿਖੇ ਆਪਣਾ ਬਿਨੈ ਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦੀ ਉਮਰ 64 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ਅਰਧ ਸ਼ਹਿਰੀ) ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖ਼ਤਿਆਰ ਨਹੀਂ ਹੋਵੇਗਾ ਅਤੇ ਇਨ੍ਹਾਂ ਅਸਾਮੀਆਂ 'ਤੇ ਤਾਇਨਾਤ ਪਟਵਾਰੀ ਏ.ਐਸ.ਐਮ./ਡੀ.ਐਸ.ਐਮ. ਰਾਹੀਂ ਕੰਮ ਕਰਨਗੇ।