5 ਸਕੂਲ ਵਾਹਨਾਂ ਦੇ ਕੱਟੇ ਗਏ ਚਲਾਨ
ਨਵਾਂਸ਼ਹਿਰ, 13 ਮਈ :- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅੱਜ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਅਤੇ ਬਲਾਚੌਰ ਵਿੱਚ 20 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸਾਹਮਣੇ ਆਈਆਂ ਖਾਮੀਆਂ ਦੇ ਆਧਾਰ 'ਤੇ 5 ਬੱਸਾਂ ਦੇ ਚਲਾਨ ਕੀਤੇ ਗਏ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਦੋ ਚੈਕਿੰਗ ਟੀਮਾਂ ਦਾ ਗਠਨ ਕਰਕੇ, ਇਸ ਕਾਰਵਾਈ ਨੂੰ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਸਕੂਲ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀ ਸਨ, ਜਿਨ੍ਹਾਂ ਵਿੱਚ ਪ੍ਰਦੂਸ਼ਨ ਸਰਟੀਫ਼ਿਕੇਟ, ਡਰਾਈਵਰ ਦੀ ਵਰਦੀ, ਬੀਮਾ, ਵਹੀਕਲ ਪਰਮਿਟ ਦੀ ਵੀ ਚੈਕਿੰਗ ਕੀਤੀ ਗਈ। ਜਿਨ੍ਹਾਂ 5 ਬੱਸਾਂ ਦੇ ਚਲਾਨ ਕੱਟੇ ਗਏ, ਜਿਸ ਵਿੱਚ ਸੇਂਟ ਜੋਸਫ਼ ਕਾਨਵੈਂਟ ਸਕੂਲ, ਮੱਲਪੁਰ, ਸੇਂਟ ਸੋਲਜ਼ਰ ਸਕੂਲ, ਕੁਲਾਮ ਅਤੇ ਐਫ.ਸੀ.ਐਸ. ਆਦਰਸ਼ ਸੀ.ਸੈਂ ਸਕੂਲ, ਨਵਾਂ ਗਰਾਂ, ਪੋਜੇਵਾਲ, ਬਲਾਚੌਰ ਦੀਆ ਬੱਸਾਂ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸ਼੍ਰੀਮਤੀ ਕੰਚਨ ਅਰੋੜਾ, ਨਿਰਮਲ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਕਮਲਜੀਤ ਸਿੰਘ ਅਤੇ ਸ਼੍ਰੀ ਜਸਵਿੰਦਰ ਸਿੰਘ (ਏ.ਐਸ.ਆਈ, ਟ੍ਰੈਫ਼ਿਕ ਪੁਲਿਸ) ਅਤੇ ਰਾਜੇਸ਼ ਕੁਮਾਰ (ਪਿ੍ਰੰਸੀਪਲ, ਸਸਸਸ, ਮੂਸਾਪੁਰ) ਨਵਾਂਸ਼ਹਿਰ ਵੱਲੋ ਕੀਤੀ ਗਈ ਜਦਕਿ ਬਲਾਕ ਬਲਾਚੌਰ ਵਿਖੇ ਸ਼੍ਰੀਮਤੀ ਰਾਜਿੰਦਰ ਕੌਰ (ਬਾਲ ਸੁਰੱਖਿਆ ਅਫ਼ਸਰ (ਐਨ.ਆਈ.ਸੀ), ਰੋਹਿਤਾ (ਆਉਟ ਰੀਚ ਵਰਕਰ) ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੁਖਜੀਤ ਸਿੰਘ (ਪਿ੍ਰੰਸੀਪਲ, ਸਸਸਸ, ਮਹਿੰਦੀਪੁਰ), ਹੁਸਨ ਲਾਲ (ਐਸ.ਆਈ, ਪੁਲਿਸ ਵਿਭਾਗ) ਅਤੇ ਜੋਗਿੰਦਰ ਸਿੰਘ ਪਾਲ (ਏ.ਐਸ.ਆਈ., ਇੰਚਾਰਜ ਟ੍ਰੈਫ਼ਿਕ ਪੁਲਿਸ), ਬਲਵੰਤ ਸਿੰਘ (ਏ.ਐਸ.ਆਈ., ਟ੍ਰੈਫ਼ਿਕ ਪੁਲਿਸ) ਵੱਲੋਂ ਕੀਤੀ ਗਈ।
ਇਸ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ 'ਚ ਦਰਜ ਹਦਾਇਤਾਂ ਸਬੰਧੀ ਡਰਾਈਵਰਾਂ/ਵਾਹਨ ਮਾਲਕਾਂ ਨੂੰ ਜਾਣੂ ਕਰਵਾਇਅ ਗਿਆ ਅਤੇ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਸ਼ਰਤਾਂ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ ਤਾਂ ਜੋ ਬੱਸਾਂ ਰਾਹੀਂ ਸਕੂਲ ਤੱਕ ਸਫਰ ਕਰਨ ਵਾਲੇ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।