ਡੀ ਸੀ ਨੇ ਸਾਰੇ ਹੁਨਰ ਵਿਕਾਸ ਕੇਂਦਰਾਂ ਦੇ ਨਿਰੀਖਣ ਦੇ ਹੁਕਮ ਦਿੱਤੇ

ਹੁਨਰੀ ਸਿੱਖਿਆ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਚ ਸਹਾਈ - ਐਨ ਪੀ ਐਸ ਰੰਧਾਵਾ
ਨਵਾਂਸ਼ਹਿਰ, 5 ਮਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੱਲ ਰਹੇ ਹੁਨਰ ਵਿਕਾਸ ਕੇਂਦਰਾਂ ਦਾ ਇੱਕ ਹਫ਼ਤੇ ਅੰਦਰ ਨਿਰੀਖਣ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।    ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੀਨ ਦਿਆਲ ਉਪਾਧਿਆਏ ਯੋਜਨਾ-ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਪੰਜ ਹੁਨਰ ਵਿਕਾਸ ਕੇਂਦਰ ਰਜਿਸਟਰਡ ਹਨ ਅਤੇ ਫੈਸ਼ਨ ਡਿਜ਼ਾਈਨਿੰਗ, ਫਰੰਟ ਆਫਿਸ ਐਗਜ਼ੀਕਿਊਟਿਵ, ਸੈਕਟਰੀ ਜਿਹੇ ਕੋਰਸ  ਨੌਜਵਾਨਾਂ ਲਈ ਚਲਾਏ ਜਾ ਰਹੇ ਹਨ।  ਇਸੇ ਤਰ੍ਹਾਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀ.ਡੀ.ਯੂ.-ਜੀ.ਕੇ.ਵਾਈ.) ਸਕੀਮ ਅਧੀਨ ਤਿੰਨ ਕੇਂਦਰ ਚਲਾਏ ਜਾ ਰਹੇ ਹਨ ਅਤੇ ਇਲੈਕਟ੍ਰੀਸ਼ੀਅਨ, ਫੂਡ ਪ੍ਰੋਸੈਸਿੰਗ, ਵੈਲਡਰ, ਫਿਟਰ, ਮੈਨੀਕਿਉਰਿਸਟ ਅਤੇ ਪੈਡੀਕਿਊਰਿਸਟ, ਘਰੇਲੂ ਆਈ.ਟੀ., ਹੈਲਪਡੈਸਕ ਅਟੈਂਡੈਂਟ ਆਦਿ ਦੀ ਸਿਖਲਾਈ ਪ੍ਰਦਾਨ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਨ੍ਹਾਂ ਕੇਂਦਰਾਂ ਦੇ ਰਿਕਾਰਡ ਦੀ ਨਿੱਜੀ ਤੌਰ 'ਤੇ ਜਾਂਚ ਕਰਨੀ ਚਾਹੀਦੀ ਹੈ, ਜਿਸ ਵਿੱਚ ਉਮੀਦਵਾਰਾਂ ਦੀ ਸਹੀ ਹਾਜ਼ਰੀ, ਸਿਖਲਾਈ ਕਲਾਸਾਂ ਅਤੇ ਹੋਰ ਵੀ ਸ਼ਾਮਲ ਹਨ ਤਾਂ ਜੋ ਪਾਰਦਰਸ਼ੀ ਕੰਮ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੇ ਦਫ਼ਤਰ ਨੂੰ ਇੱਕ ਵਿਆਪਕ ਰਿਪੋਰਟ ਭੇਜੀ ਜਾਵੇ। ਐਨ.ਪੀ.ਐਸ. ਰੰਧਾਵਾ ਨੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ ਹੁਨਰ ਸਿੱਖਿਆ ਨੂੰ ਬਹੁਤ ਜ਼ਰੂਰੀ ਦੱਸਦਿਆਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਨਾਲ ਹੁਨਰੀ ਸਿਖਲਾਈ ਹਰ ਕਿਸੇ ਲਈ ਲਾਜ਼ਮੀ ਹੈ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਸੀਲੇ ਦੇਣ ਲਈ ਹੁਨਰ ਸਿੱਖਿਆ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।  ਉਨ੍ਹਾਂ ਕਿਹਾ ਕਿ ਹੁਨਰਮੰਦ ਕਰਮਚਾਰੀ ਸੂਬੇ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਰਾਹ ਹੀ ਨਹੀਂ ਖੁੱਲ੍ਹਣਗੇ ਸਗੋਂ ਸਵੈ-ਰੁਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਕੇਂਦਰਾਂ ਵਿੱਚ ਕਰਵਾਏ ਜਾ ਰਹੇ ਹੁਨਰ ਵਿਕਾਸ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇੱਥੇ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।
 ਇਸ ਮੌਕੇ ਏ.ਡੀ.ਸੀਜ਼ ਜਸਬੀਰ ਸਿੰਘ, ਅਮਿਤ ਕੁਮਾਰ ਸਰੀਨ, ਐਸ.ਡੀ.ਐਮਜ਼ ਨਵਨੀਤ ਕੌਰ ਬੱਲ, ਡਾ: ਬਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ, ਹਰਮਨਦੀਪ ਸਿੰਘ ਆਦਿ ਹਾਜ਼ਰ ਸਨ।