ਸਰਕਾਰੀ ਸਕੀਮਾਂ ਦਾ ਲਾਭ ਪਾਰਟੀਬਾਜੀ ਤੋਂ ਉਪਰ ਉਠ ਕੇ ਦਿਆਂਗੇ-ਧਾਲੀਵਾਲ

ਅਜਨਾਲਾ ਹਲਕੇ ਵਿੱਚ ਇੱਕ ਲੱਖ ਮਨਰੇਗਾ ਕਾਰਡ ਬਨਾਉਣ ਦਾ ਟੀਚਾ ਮਿੱਥਿਆ
ਅੰਮਿ੍ਤਸਰ, 1 ਮਈ  :-
ਕੈਬਨਿਟ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਮਜਦੂਰ ਦਿਵਸ ਮੌਕੇ ਲਗਾਏ ਵਿਸ਼ੇਸ਼ ਕੈਂਪ ਨੂੰ ਸੰਬੋਧਨ ਕਰਦੇ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਪਾਰਟੀਬਾਜੀ ਤੋਂ ਉਪਰ ਉਠ ਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਲੋੜਵੰਦ ਵਿਅਕਤੀ ਦਾ ਮਨਰੇਗਾ ਕਾਰਡ ਬਨਾਉਣ ਦਾ ਫ਼ੈਸਲਾ ਅਸੀਂ ਲਿਆ ਹੈ ਅਤੇ ਅਜਨਾਲਾ ਹਲਕੇ ਵਿੱਚ ਇੱਕ ਲੱਖ ਲੋਕਾਂ ਨੂੰ ਮਨਰੇਗਾ ਕਾਰਡ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਦੀ ਅਗਵਾਈ ਵਾਲੀ ਟੀਮ ਦੀ ਪ੍ਰਸੰਸਾ ਕਰਦੇ ਕਿਹਾ ਕਿ ਇੰਨਾ ਨੇ ਇਕ ਹਫ਼ਤੇ ਵਿੱਚ 5 ਹਜ਼ਾਰ ਵਿਅਕਤੀਆਂ ਨੂੰ ਮਨਰੇਗਾ ਸਕੀਮ ਨਾਲ ਜੋੜਿਆ ਹੈ। ਉਨ੍ਹਾਂ ਮਜਦੂਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਕਿਹਾ ਕਿ ਇਹ ਹੱਕ ਬੜੀਆਂ ਕੁਰਬਾਨੀਆਂ ਨਾਲ ਮਿਲੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਦੀ ਸ਼ੁਰੂਆਤ ਮਜ਼ਦੂਰ ਯੂਨੀਅਨ ਅੰਦੋਲਨ ਵਿੱਚ ਹੋਈ ਹੈ, ਖਾਸ ਤੌਰ 'ਤੇ ਅੱਠ ਘੰਟੇ ਦੀ ਅੰਦੋਲਨ, ਜਿਸ ਵਿੱਚ ਅੱਠ ਘੰਟੇ ਕੰਮ, ਅੱਠ ਘੰਟੇ ਮਨੋਰੰਜਨ ਅਤੇ ਅੱਠ ਘੰਟੇ ਆਰਾਮ ਕਰਨ ਦੀ ਵਕਾਲਤ ਕੀਤੀ ਗਈ ਸੀ। ਕੈਬਨਿਟ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਫੰਡਾਂ ਦੀ ਦੁਰਵਰਤੋ ਕੀਤੀ ਹੈ। ਅਤੇ ਅਜਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕਿਸੇ ਵੀ ਤਰਾਂ ਦਾ ਵਿਤਕਰਾ ਨਹੀਂ ਹੋਵੇਗਾ।  ਇਸਦੇ ਨਾਲ ਹੀ ਉਹਨਾਂ ਦਸਿਆ ਕਿ ਪੂਰੇ ਪੰਜਾਬ ਵਿਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਜਦੂਰਾਂ ਦੇ ਜੌਬ ਕਾਰਡ ਬਣਾਏ ਜਾਣਗੇ ਅਤੇ ਜਿਸ ਵਿਚ ਹਰ ਇਕ ਮਜ਼ਦੂਰ ਨੂੰ 100 ਦਿਨਾਂ ਦੀ ਦਿਹਾੜੀ ਮਿਲੇਗੀ ਲਗਭਗ ਸਲਾਨਾ 28000 ਰੁਪਏ ਦਿੱਤੇ ਜਾਣਗੇ। ਕਿਸੇ ਨਾਲ ਕੋਈ ਧੋਖਾ, ਵਿਤਕਰਾ ਨਹੀਂ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਾਲ ਜੌਬ ਕਾਰਡ ਪਾਰਟੀ ਦੇ ਆਪਣੇ ਚਹੇਤਿਆ ਦੇ ਬਣਾਏ ਗਏ ਸਨ ਪਰ ਐਤਕੀਂ ਹਰ ਗਰੀਬ ਅਤੇ ਲੋੜਵੰਦ ਜੌਬ ਕਾਰਡ ਬਣਨਗੇ ।   ਇਸ ਮੌਕੇ ਗੱਲਬਾਤ ਦੌਰਾਨ ਏ ਡੀ ਸੀ ( ਵਿਕਾਸ)  ਰਣਬੀਰ ਸਿੰਘ ਮੂਧਲ ਨੇ ਪਹਿਲਾ ਤਾਂ ਸਾਰੇ ਮਜਦੂਰ ਵੀਰਾਂ ਨੂੰ ਅੱਜ ਦੇ ਦਿਨ ਮਜਦੂਰ ਦਿਵਸ ਤੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਦੱਸਿਆ।   ਇਸ ਮੌਕੇ ਲੇਬਰ ਕਮਿਸ਼ਨਰ ਸੰਤੋਖ ਸਿੰਘ, ਜਸਬੀਰ ਸਿੰਘ ਗਿੱਲ, ਬਲਦੇਵ ਸਿੰਘ ਬੱਬੂ, ਦਵਿੰਦਰ ਸਿੰਘ ਸੋਨੂੰ, ਖੁਸ਼ਪਾਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਮਾਹਲ, ਬਲਦੇਵ ਸਿੰਘ ਮਹੈਂਦੀਆ, ਬਲਜੀਤ ਸਿੰਘ ਅਜਨਾਲਾ, ਓਮ ਪ੍ਰਕਾਸ਼ ਪ੍ਰਿੰਸੀਪਲ ਸਰਕਾਰੀ ਕਾਲਜ ਅਜਨਾਲਾ , ਜਗਤਾਰ ਸਿੰਘ  ਆਦਿ ਹਾਜਰ ਸਨ ।