ਨਵਾਂਸ਼ਹਿਰ, 2 ਮਈ: ਭਾਸ਼ਾ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਭਾਸ਼ਾ ਮੰਚ ਦੇ ਸਹਿਯੋਗ ਨਾਲ਼ ਕਹਾਣੀਕਾਰ ਅਜਮੇਰ ਸਿੱਧੂ ਨਾਲ ਰੂ-ਬ-ਰੂ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪਿ੍ਰੰਸੀਪਲ ਰਜਿੰਦਰ ਸਿੰਘ ਗਿੱਲ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਅਜਮੇਰ ਸਿੱਧੂ ਦੀ ਸਖਸ਼ੀਅਤ ਬਾਰੇ ਚਾਨਣਾ ਪਾਇਆ। ਇਸ ਉਪਰੰਤ ਕਵੀ ਦਰਬਾਰ ਵਿੱਚ ਮਨੋਜ ਫਗਵਾੜਵੀ, ਕੁਲਵਿੰਦਰ ਕੁੱਲਾ, ਜਸਵਿੰਦਰ ਸੰਧੂ, ਰਜਨੀ ਸ਼ਰਮਾ, ਅਮਰਜੀਤ ਕੌਰ, ਅਵਤਾਰ ਸੰਧੂ ਆਦਿ ਕਵੀਆਂ ਨੇ ਹਿੱਸਾ ਲਿਆ। ਪ੍ਰੋ ਜੇ.ਬੀ ਸੇਖੋਂ ਨੇ ਸਮਕਾਲੀ ਪੰਜਾਬੀ ਕਹਾਣੀ, ਸਿੱਧੂ ਦੀਆਂ ਕਹਾਣੀਆਂ ਵਿਚਲੇ ਪਾਤਰਾਂ ਅਤੇ ਸਿੱਧੂ ਦੇ ਜੀਵਨ ਸੰਘਰਸ਼ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਅਨੇਕਾਂ ਵਿਦਿਆਰਥੀ ਅਜਮੇਰ ਸਿੱਧੂ ਦੀਆਂ ਕਹਾਣੀਆਂ 'ਤੇ ਪੀ.ਐੱਚ.ਡੀ. ਕਰ ਚੁੱਕੇ ਹਨ ਜੋ ਕਿ ਕਹਾਣੀਕਾਰ ਦੀ ਪ੍ਰਾਪਤੀ ਹੈ। ਸਨਮਾਨਿਤ ਕਹਾਣੀਕਾਰ ਬਲਦੇਵ ਢੀਂਡਸਾ ਨੇ ਸਿੱਧੂ ਨੂੰ ਸਮਰੱਥ ਕਹਾਣੀਕਾਰ ਦੱਸਦਿਆਂ ਕਿਹਾ ਕਿ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਸਿੱਧੂ ਦੀਆਂ ਕਹਾਣੀਆਂ ਪ੍ਰਕਾਸ਼ਿਤ ਹੋਣਾ ਮਾਣ ਵਾਲੀ ਗੱਲ ਹੈ। ਲੇਖਕ ਦੀਦਾਰ ਸ਼ੇਤਰਾ ਨੇ ਕਿਹਾ ਕਿ ਸਿੱਧੂ ਨੇ ਰੰਗਮੰਚ ਤੋਂ ਸ਼ੁਰੂਆਤ ਕਰ ਕੇ ਪੰਜਾਬੀ ਕਹਾਣੀ ਖੇਤਰ ਵੱਲ੍ਹ ਅਜਿਹਾ ਮੋੜਾ ਕੱਟਿਆ ਕਿ ਮੁੜ ਪਿਛਾਂਹ ਨਾ ਤੱਕਿਆ। ਸਿੱਧੂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਆਪਣਾ ਨਿਵੇਕਲਾ ਸਥਾਨ ਬਣਾ ਚੁੱਕਿਆ ਹੈ। ਡਾਕਟਰੇਟ ਦੇ ਵਿਦਿਆਰਥੀ ਕੇਵਲ ਰਾਮ ਨੇ ਸਿੱਧੂ ਬਾਰੇ ਪਰਚਾ ਪੜ੍ਹਦਿਆਂ ਉਹਨਾਂ ਦੀਆਂ ਚੋਣਵੀਆਂ ਕਹਾਣੀਆਂ ਬਾਰੇ ਸੰਖੇਪ ਚਰਚਾ ਕੀਤੀ। ਅਜਮੇਰ ਸਿੱਧੂ ਨੇ ਰੂ-ਬ-ਰੂ ਹੁੰਦਿਆਂ ਆਪਣੇ ਜੀਵਨ ਅਤੇ ਕਹਾਣੀ ਰਚਨਾ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ ਅਤੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਦਿੱਤੇ। ਜ਼ਿਲ੍ਹਾ ਭਾਸ਼ਾ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਖੋਜ ਅਫ਼ਸਰ ਅਮਰੀਕ ਸਿੰਘ ਦਿਆਲ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਕੂਲ ਪ੍ਰਬੰਧਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਭਾਸ਼ਾ ਵਿਭਾਗ ਵਲੋਂ ਉਲੀਕੇ ਕਾਰਜਾਂ ਬਾਰੇ ਦੱਸਿਆ। ਇਸ ਮੌਕੇ ਭਾਸ਼ਾ ਵਿਭਾਗ ਵਲੋਂ ਕਹਾਣੀਕਾਰ ਅਜਮੇਰ ਸਿੱਧੂ ਅਤੇ ਭਾਸ਼ਾ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਸਰਬਜੀਤ ਕੌਰ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਸੁਖਜਿੰਦਰ ਸਿੰਘ ਭਾਸ਼ਾ ਵਿਭਾਗ, ਵਾਈਸ ਪਿ੍ਰੰਸੀਪਲ ਸਤਿੰਦਰ ਸਿੰਘ, ਕਮਲਜੀਤ ਕੰਵਰ, ਸਤਪਾਲ ਸਲੋਹ, ਹਰਦੀਪ ਕੁਲਾਮ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਕਹਾਣੀਕਾਰ ਅਜਮੇਰ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਖੋਜ ਅਫ਼ਸਰ ਭਾਸ਼ਾ ਵਿਭਾਗ ਅਮਰੀਕ ਸਿੰਘ ਦਿਆਲ, ਪਿ੍ਰੰਸੀਪਲ ਰਜਿੰਦਰ ਸਿੰਘ ਗਿੱਲ ਅਤੇ ਪਤਵੰਤੇ।
ਫੋਟੋ ਕੈਪਸ਼ਨ: ਕਹਾਣੀਕਾਰ ਅਜਮੇਰ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਖੋਜ ਅਫ਼ਸਰ ਭਾਸ਼ਾ ਵਿਭਾਗ ਅਮਰੀਕ ਸਿੰਘ ਦਿਆਲ, ਪਿ੍ਰੰਸੀਪਲ ਰਜਿੰਦਰ ਸਿੰਘ ਗਿੱਲ ਅਤੇ ਪਤਵੰਤੇ।