ਕੋਵਿਡ ਟੀਕਾਕਰਣ ਵਿੱਚ ਪਹਿਲੀ ਖੁਰਾਕ ’ਚ ਜ਼ਿਲ੍ਹੇ ਨੇ 94 ਫ਼ੀਸਦੀ ਤੋਂ ਵਧੇਰੇ ਦਾ ਟੀਚਾ ਹਾਸਲ ਕੀਤਾ

ਦੂਸਰੀ ਖੁਰਾਕ 'ਚ ਜ਼ਿਲ੍ਹੇ ਨੇ 81 ਫ਼ੀਸਦੀ ਯੋਗ ਵਸੋਂ ਦਾ ਟੀਕਾਕਰਣ ਕੀਤਾ

ਵਿਧਾਨ ਸਭਾ ਚੋਣਾਂ ਨੂੰ ਕੋਵਿਡ ਤੋਂ ਸੁਰੱਖਿਅਤ ਕਰਨ ਲਈ ਹਰ ਇੱਕ ਯੋਗ ਵਿਅਕਤੀ ਟੀਕਾਕਰਣ ਲਈ ਅੱਗੇ ਆਵੇ-ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 14 ਫਰਵਰੀ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਬਣਾਉਣ ਲਈ ਕੋਵਿਡ ਟੀਕਾਕਰਣ ਵਿੱਚ ਨਵੀਂਆਂ ਪੈੜਾਂ ਪਾਉਂਦਿਆਂ ਜ਼ਿਲ੍ਹੇ ਦੀ 94 ਫ਼ੀਸਦੀ ਯੋਗ ਵਸੋਂ ਨੂੰ ਪਹਿਲੀ ਖੁਰਾਕ ਯਕੀਨੀ ਬਣਾ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੂਸਰੀ ਖੁਰਾਕ ਦਾ ਘੇਰਾ ਵੀ 81 ਫ਼ੀਸਦੀ ਵੱਸੋਂ ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਵਿਧਾਨ ਸਭਾ ਚੋਣਾਂ ਨੂੰ ਕੋਵਿਡ ਮੁਕਤ ਅਤੇ ਸੁਰੱਖਿਅਤ ਰੱਖਣ ਲਈ ਵਿੱਢੀ ਗਈ ਮੁਹਿੰਮ ਤਹਿਤ ਇਹ ਟੀਚੇ ਹਾਸਲ ਕੀਤੇ ਗਏ ਹਨ।
ਉਨ੍ਹਾਂ ਸਿਹਤ ਵਿਭਾਗ, ਪੇਂਡੂ ਵਿਕਾਸ ਵਿਭਾਗ, ਆਂਗਨਵਾੜੀ ਵਰਕਰਾਂ ਅਤੇ ਹੋਰਨਾਂ ਵੱਲੋਂ ਟੀਕਾਕਰਣ ਮੁਹਿੰਮ ਨੂੰ ਇਨ੍ਹਾਂ ਅੰਕੜਿਆਂ ਤੱਕ ਪਹੁੰਚਾਉਣ ਲਈ ਦਿੱਤੇ ਗਏ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਅੰਕੜੇ ਨੂੰ ਅਗਲੇ ਦਿਨਾਂ ਵਿੱਚ ਹੋਰ ਵਧਾਇਆ ਜਾਵੇਗਾ ਤਾਂ ਹਰ ਇੱਕ ਯੋਗ ਵਿਅਕਤੀ ਤੱਕ ਟੀਕਾਕਰਣ ਦਾ ਲਾਭ ਪੁੱਜ ਸਕੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕੋਵਿਡ ਟੀਕਾਕਰਣ ਤੋਂ ਵਾਂਝੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਜ਼ਿਲ੍ਹਾ ਆਪਣੀ ਸਮੁੱਚੀ ਯੋਗ ਵੱਸੋਂ ਤੱਕ ਟੀਕਾਕਰਣ ਦਾ ਲਾਭ ਪਹੁੰਚਾ ਸਕੇ। 
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਟੀਚਿਆਂ ਤੋਂ ਇਲਾਵਾ 15 ਤੋਂ 17 ਸਾਲ ਵਰਗ 'ਚ ਵੀ 68 ਫ਼ੀਸਦੀ ਤੋਂ ਵਧੇਰੇ ਟੀਕਾਕਰਣ ਦੀ ਪਹਿਲੀ ਖੁਰਾਕ ਲਾਈ ਜਾ ਚੁੱਕੀ ਹੈ ਅਤੇ ਦੂਸਰੀ ਖੁਰਾਕ ਦੇ ਯੋਗ ਪਾਏ ਜਾਣ ਵਾਲੇ ਇਸ ਵਰਗ ਦੇ ਲਾਭਪਾਤਰੀਆਂ ਨੂੰ ਦੂਸਰੀ ਖੁਰਾਕ ਦੇਣੀ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਖੁੱਲ੍ਹਣ ਬਾਅਦ, ਇਨ੍ਹਾਂ ਦੇ ਪ੍ਰਬੰਧਕਾਂ ਨੂੰ ਇਸ ਵਰਗ ਦੇ ਮੁਕੰਮਲ ਟੀਕਾਕਰਣ ਲਈ ਪਹੁੰਚ ਕੀਤੀ ਜਾ ਰਹੀ ਹੈ।