ਜਿਲ੍ਹਾ ਚੋਣ ਅਧਿਕਾਰੀ ਨੇ ਅਭਿਆਸ ਕੇਂਦਰਾਂ ਤੇ ਪਹੁੰਚ ਕੇ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ
ਅੰਮ੍ਰਿਤਸਰ, 17 ਫਰਵਰੀ :- 20 ਫਰਵਰੀ ਨੂੰ ਪੈ ਰਹੀਆਂ ਚੋਣਾਂ ਲਈ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਇਹ ਕੰਮ ਕਰਵਾਉਣ ਵਾਸਤੇ 10660 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਇੰਨਾਂ ਕਰਮਚਾਰੀਆਂ ਨੂੰ ਆਖਰੀ ਤੇ ਤੀਸਰੀ ਸਿਖਲਾਈ ਸਾਰੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਆਪਣੀ ਨਿਗਰਾਨੀ ਹੇਠ ਦਿੱਤੀ ਗਈ। ਇਸ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ ਗੁਰਪ੍ਰੀਤ ਸਿੰਘ ਖਹਿਰਾ ਨੇ ਕਈ ਕੇਂਦਰਾਂ ਦਾ ਦੌਰਾ ਕੀਤਾ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨਾਂ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਜਿੱਥੇ ਉਨਾਂ ਦੇ ਕਈ ਸ਼ੰਕੇ ਦੂਰ ਕੀਤੇ, ਉਥੇ ਲੋਕਤੰਤਰ ਦੀ ਮਜ਼ਬੂਤੀ ਲਈ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਵੋਟਾਂ ਦਾ ਕੰਮ ਨੇਪਰੇ ਚਾੜਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਅਸੀਂ ਸਾਰੇ ਇਕ ਟੀਮ ਦਾ ਹਿੱਸਾ ਹਾਂ ਤੇ ਜਿੱਥੇ ਵੀ ਕਿਸੇ ਟੀਮ ਨੂੰ ਕੋਈ ਤਕਨੀਕੀ ਮੁਸ਼ਿਕਲ ਆਵੇਗੀ ਸਾਡੀ ਟੀਮ ਮੌਕੇ ਉਤੇ ਪਹੁੰਚੇਗੀ। ਉਨਾਂ ਦੱਸਿਆ ਕਿ ਹਰੇਕ ਬੂਥ ਤੇ ਚੋਣ ਕਮਿਸ਼ਨ ਵੱਲੋਂ ਇਕ ਮਾਈਕਰੋ ਅਬਜ਼ਰਵਰ ਲਗਾਇਆ ਗਿਆ ਹੈ, ਜੋ ਕਿ ਕਮਿਸ਼ਨ ਨੂੰ ਸਾਰੀ ਰਿਪੋਰਟਿੰਗ ਦੇਵੇਗਾ। ਇਸ ਤੋਂ ਇਲਾਵਾ ਸਾਰੇ ਬੂਥ ਵੀਡੀਓ ਕੈਮਰੇ ਦੀ ਨਿਗਰਾਨੀ ਹੇਠ ਹੋਣਗੇ ਤੇ ਇੰਨਾਂ ਕੈਮਰਿਆਂ ਦਾ ਸਿੱਧਾ ਪ੍ਰਸਾਰਣ ਤੁਹਾਡੇ ਰਿਟਰਨਿੰਗ ਅਧਿਕਾਰੀ ਤੋਂ ਇਲਾਵਾ ਮੈਂ ਬਤੌਰ ਜਿਲ੍ਹਾ ਚੋਣ ਅਧਿਕਾਰੀ, ਚੋਣ ਨਿਗਰਾਨ, ਮੁੱਖ ਚੋਣ ਕਮਿਸ਼ਨ ਤੱਕ ਵੇਖ ਸਕਣਗੇ। ਉਨਾਂ ਦੱਸਿਆ ਕਿ ਸਾਰੇ ਸਟਾਫ ਦੀ ਤੀਸਰੀ ਰੈਡਮਾਈਜੇਸ਼ਨ ਕੱਲ 18 ਫਰਵਰੀ ਨੂੰ ਕੀਤੀ ਜਾਵੇਗੀ ਅਤੇ ਇਸ ਉਪਰੰਤ ਸਾਰੀਆਂ ਟੀਮਾਂ ਦੀ ਤਾਇਨਾਤੀ ਸਟੇਸ਼ਨ ਅਨੁਸਾਰ ਹੋ ਜਾਵੇਗੀ।
ਸ. ਖਹਿਰਾ ਨੇ ਇਸ ਮੌਕੇ ਦੱਸਿਆ ਕਿ ਅਜਨਾਲਾ ਹਲਕੇ ਲਈ 904 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਸੇ ਤਰਾਂ ਰਾਜਾਸਾਂਸੀ ਲਈ 1068, ਮਜੀਠਾ ਲਈ 1012, ਜੰਡਿਆਲਾ ਲਈ 1040, ਅੰਮ੍ਰਿਤਸਰ ਉਤਰੀ ਲਈ 1052, ਅੰਮ੍ਰਿਤਸਰ ਪੱਛਮੀ ਲਈ 1024, ਅੰਮ੍ਰਿਤਸਰ ਕੇਂਦਰੀ ਲਈ 788, ਅੰਮ੍ਰਿਤਸਰ ਪੂਰਬੀ ਲਈ 840, ਅੰਮ੍ਰਿਤਸਰ ਦੱਖਣੀ ਲਈ 840, ਅਟਾਰੀ ਲਈ 972 ਅਤੇ ਬਾਬਾ ਬਕਾਲਾ ਲਈ 1124 ਕਰਮਚਾਰੀਆਂ ਦੀ ਡਿਊਟੀ ਵੋਟਾਂ ਪਵਾਉਣ ਲਈ ਲਗਾਈ ਗਈ ਹੈ। ਉਨਾਂ ਦੱਸਿਆ ਕਿ ਤੁਹਾਡੇ ਰਹਿਣ ਤੇ ਖਾਣੇ ਦਾ ਪ੍ਰਬੰਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਤਹਾਨੂੰ ਬੂਥ ਉਤੇ ਹਰ ਤਰਾਂ ਦੀ ਸਹੂਲਤ ਦਿੱਤੀ ਜਾਵੇ। ਸ. ਖਹਿਰਾ ਨੇ ਸਾਰੇ ਕਰਮਚਾਰੀਆਂ ਨੂੰ ਸੂਝ ਤੇ ਸਮਰੱਥਾ ਨਾਲ ਲੋਕਤੰਤਰ ਦੇ ਇਸ ਮਹੱਤਵਪੂਰਨ ਕੰਮ ਨੂੰ ਨੇਪਰੇ ਚਾੜਨ ਦੀ ਹਦਾਇਤ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਹਰਦੀਪ ਸਿੰਘ, ਤਹਿਸੀਲਦਾਰ ਪਰਮਜੀਤ ਸਿੰਘ ਗੁਰਾਇਆ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।