ਪੰਜਾਬ ਨੂੰ ਬਹੁਪੱਖੀ ਸੰਕਟ ਵਿਚੋਂ ਕੱਢਣ ਲਈ ਚੋਣਾਂ ਲੜ ਰਹੀਆਂ ਹਾਕਮ ਜਮਾਤੀ ਪਾਰਟੀਆਂ ਕੋਲ ਕੋਈ ਪ੍ਰੋਗਰਾਮ ਨਹੀਂ : ਸੀ ਪੀ ਆਈ ਐਮ.ਐਲ

ਕੇਂਦਰ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਦੇਕੇ ਕਰਜਾ ਮੁਕਤ ਕਰੇ
ਨਵਾਂਸ਼ਹਿਰ 2 ਫਰਵਰੀ :- ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕਰੇਸੀ ਨੇ ਚੋਣਾਂ ਦੇ ਮਹੌਲ ਅੰਦਰ ਪੰਜਾਬ ਦੇ ਅਸਲੀ ਮੁੱਦੇ ਉਭਾਰਦਿਆਂ ਇਨਕਲਾਬੀ ਬਦਲ ਲਈ ਲਾਮਬੰਦੀ ਤੇਜ ਕਰਨ ਦਾ ਸੱਦਾ ਦਿੱਤਾ ਹੈ।
     ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਚੋਣਾਂ ਦੇ ਰੌਲੇ ਰੱਪੇ ਵਿਚ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਸਿਆਸੀ ਗੱਠਜੋੜ ਪੰਜਾਬ ਦੇ ਅਸਲੀ ਮੁੱਦਿਆਂ ਉੱਤੇ ਸੰਬੋਧਤ ਨਹੀਂ ਹੋ ਰਹੇ ਹਨ ਅਤੇ ਨਾ ਹੀ ਇਹਨਾਂ ਦਾ ਹੱਲ ਦੱਸ ਰਹੀਆਂ ਹਨ।ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਪ ਆਦਿ ਪਾਰਟੀਆਂ ਇਕ ਦੂਜੇ ਤੋਂ ਅੱਗੇ ਹੋਕੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਦਾਅਵੇ ਕਰ ਰਹੀਆਂ ਹਨ।ਆਪਣੇ ਚੋਣ ਪ੍ਰਚਾਰ ਵਿਚ ਇਕ ਦੂਜੇ ਵਿਰੁੱਧ ਦੂਸ਼ਣਬਾਜੀ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਪੰਜਾਬ ਖੇਤੀ -ਪ੍ਰਧਾਨ ਸੂਬਾ ਹੈ।ਖੇਤੀ ਖੇਤਰ ਗੰਭੀਰ ਸੰਕਟ ਦਾ ਸ਼ਿਕਾਰ ਹੈ।ਸੂਬੇ ਦਾ ਖੇਤੀ ਮਾਡਲ ਸਾਮਰਾਜੀ ਹਾਕਮਾਂ ਵਲੋਂ ਲਾਗੂ ਕਰਵਾਇਆ ਖੇਤੀ ਮਾਡਲ ਹੈ ਜਿਸਨੇ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਪਹੁੰਚਾ ਦਿੱਤਾ ਹੈ,ਪ੍ਰਦੂਸ਼ਣ ਕਾਰਨ ਪੰਜਾਬੀਆਂ ਨੂੰ ਭਿਆਨਕ ਬਿਮਾਰੀਆਂ ਦਿੱਤੀਆਂ ਹਨ, ਕਿਸਾਨਾਂ ਖਾਸਕਰ ਗਰੀਬ ਅਤੇ ਬੇਜਮੀਨੇ ਕਿਸਾਨਾਂ ਨੂੰ ਕਰਜਈ ਕਰ ਦਿੱਤਾ ਹੈ।ਇਸ ਸਾਮਰਾਜੀ ਖੇਤੀ ਮਾਡਲ ਦੀ ਥਾਂ ਕੁਦਰਤ ਪੱਖੀ ਅਤੇ ਕਿਸਾਨ ਪੱਖੀ ਖੇਤੀ ਮਾਡਲ ਕੋਈ ਪਾਰਟੀ ਨਹੀਂ ਦੇ ਰਹੀ।ਉਹਨਾਂ ਕਿਹਾ ਕਿ ਖੇਤੀ ਖੇਤਰ ਵਿਚ ਰੁਜਗਾਰ ਲਗਾਤਾਰ ਘੱਟ ਰਿਹਾ ਹੈ।ਉਹਨਾਂ ਦੀ ਪਾਰਟੀ ਸਮਝਦੀ ਹੈ ਕਿ ਖੇਤੀ ਆਧਾਰਿਤ ਸਨਅਤਾਂ ਲਾਕੇ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।ਪੰਚਾਇਤੀ ਜਮੀਨ ਦਾ 2/3 ਹਿੱਸਾ ਗਰੀਬ ਅਤੇ ਬੇਜਮੀਨੇ ਕਿਸਾਨਾਂ ਲਈ ਰਾਖਵਾਂ ਕੀਤਾ ਜਾਵੇ ਅਤੇ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਲੰਮੀ ਮਿਆਦ ਲਈ ਬਹੁਤ ਘੱਟ ਠੇਕੇ ਉੱਤੇ ਦਲਿਤਾਂ ਨੂੰ ਦਿੱਤਾ ਜਾਵੇ। ਖੇਤੀ ਉੱਤੋਂ ਸਾਮਰਾਜੀ ਦਾਬਾ ਖਤਮ ਕਰਨ ਲਈ ਭਾਰਤ ਸੰਸਾਰ ਵਪਾਰ ਸੰਸਥਾ ਵਿਚੋਂ ਬਾਹਰ ਆਵੇ।
ਆਗੂਆਂ ਨੇ ਕਿਹਾ ਕਿ ਸਿਆਸੀ ਢਾਂਚੇ ਦੀ ਆਪਾਸ਼ਾਹੀ ਖਤਮ ਕਰਨ ਲਈ ਸਿਵਲ ਅਤੇ ਪੁਲਸ ਦੀ ਅਫਸਰਸ਼ਾਹੀ ਨੂੰ ਲੋਕਾਂ ਅੱਗੇ ਜਵਾਬਦੇਹ ਬਣਾਇਆ ਜਾਵੇ।ਪੰਚਾਇਤਾਂ ਤੋਂ ਪਾਰਲੀਮੈਂਟ ਤੱਕ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਨਾ ਉਤਰਨ ਵਾਲੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਲਈ ਲੋਕਾਂ ਨੂੰ ਅਧਿਕਾਰ ਦਿੱਤਾ ਜਾਵੇ।ਕੇਂਦਰ ਵਲੋਂ ਗਵਰਨਰ ਨਿਯੁਕਤ ਕਰਨ ਦੀ ਪ੍ਰਣਾਲੀ ਅਤੇ ਧਾਰਾ 356 ਖਤਮ ਕੀਤੀ ਜਾਵੇ।ਤਸਕਰਾਂ, ਬਲੈਕੀਆਂ,ਗੈਂਗਸਟਰਾਂ ਦਾ ਵੋਟ ਦਾ ਅਧਿਕਾਰ ਖਤਮ ਕੀਤਾ ਜਾਵੇ।ਦਰਿਆਈ ਪਾਣੀਆਂ ਦਾ ਮਸਲਾ ਕੌਮਾਂਤਰੀ ਕਾਨੂੰਨ ਅਨੁਸਾਰ ਅਤੇ ਰਿਪੇਰੀਅਨ ਐਕਟ ਤਹਿਤ ਹੱਲ ਕੀਤਾ ਜਾਵੇ।ਕੇਂਦਰ ਸਰਕਾਰ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਦੇਵੇ ਅਤੇ ਇਸ ਰਾਇਲਟੀ ਨਾਲ ਪੰਜਾਬ ਸਿਰ ਚੜ੍ਹਿਆ ਕਰਜਾ ਉਤਾਰਿਆ ਜਾਵੇ।ਭਾਖੜਾ ਹੈੱਡਵਰਕਸ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ।ਪੰਜਾਬ ਦੀ ਰਾਜਧਾਨੀ ਵਜੋਂ ਪੰਜਾਬ ਵਿਚ ਬਣਿਆਂ ਚੰਡੀਗੜ੍ਹ ਅਤੇ ਹਿਮਾਚਲ, ਹਰਿਆਣਾ ਵਿਚ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ।ਅਸਿੱਧੇ ਟੈਕਸ ,ਜੀ ਐਸ ਟੀ, ਐਕਸਾਈਜ਼ ਟੈਕਸ,ਵੈਟ ਖਤਮ ਕੀਤੇ ਜਾਣ ਅਤੇ ਸਿੱਧੀ ਟੈਕਸ ਪ੍ਰਣਾਲੀ ਲਾਗੂ ਕੀਤੀ ਜਾਵੇ ਅਤੇ ਸਿੱਧੇ ਟੈਕਸ ਜਾਇਦਾਦ, ਪੈਦਾਵਾਰੀ ਅਸਾਸਿਆਂ ਦੇ ਅਧਾਰ ਤੇ ਲਾਏ ਜਾਣ। ਪਾਰਟੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਤਾਜਾ ਬੱਜਟ ਸਾਮਰਾਜ ਪੱਖੀ, ਕਾਰਪੋਰੇਟ ਪੱਖੀ ਅਤੇ ਨਿਜੀਕਰਨ ਪੱਖੀ ਹੈ ਜੋ ਗਰੀਬ ਜਨਤਾ ਦੀ ਹੋ ਰਹੀ ਲੁੱਟ ਨੂੰ ਹੋਰ ਵੀ ਤੇਜ ਕਰੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਉਕਤ ਮੁੱਦੇ ਲੈਕੇ ਲੋਕਾਂ ਵਿਚ ਜਾਵੇਗੀ ਅਤੇ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦਾ ਕਿਰਦਾਰ ਲੋਕਾਂ ਵਿਚ ਨੰਗਾ ਕਰੇਗੀ।ਇਸ ਮੌਕੇ ਪਾਰਟੀ ਦੇ ਆਗੂ ਗੁਰਦਿਆਲ ਰੱਕੜ ਵੀ ਮੌਜੂਦ ਸਨ।

ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਪਾਰਟੀ ਆਗੂ।