ਉਮੀਦਵਾਰ ਅਤੇ ਸਿਆਸੀ ਪਾਰਟੀਆਂ ਲਈ ਉਮੀਦਵਾਰ ਦੇ ਅਪਰਾਧਕ ਪਿਛੋਕੜ ਨੂੰ ਅਖਬਾਰਾਂ ਤੇ ਟੀ ਵੀ ਰਾਹੀਂ 7, 11 ਅਤੇ 17 ਫਰਵਰੀ ਨੂੰ ਜਨਤਕ ਕਰਨਾ ਲਾਜ਼ਮੀ

ਚੋਣ ਅਬਜ਼ਰਵਰਾਂ ਵੱਲੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨਾਲ ਮੀਟਿੰਗ
ਧਾਰਮਿਕ, ਜਾਤੀ ਅਤੇ ਨਿੱਜੀ ਹਮਲਿਆਂ ਤੋਂ ਸਖ਼ਤੀ ਨਾਲ ਗੁਰੇਜ਼ ਕੀਤਾ ਜਾਵੇ, ਕੋਵਿਡ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲਾਈਆਂ ਰੋਕਾਂ ਦਾ ਪਾਲਣ ਲਾਜ਼ਮੀ
ਉਲੰਘਣਾ ਹੋਣ 'ਤੇ ਉਮੀਦਵਾਰੀ ਰੱਦ ਹੋਣ ਦੇ ਨਾਲ ਜਾਣ ਪੈ ਸਕਦਾ ਹੈ ਜੇਲ੍ਹ

ਨਵਾਂਸ਼ਹਿਰ, 5 ਫਰਵਰੀ :- ਜਨਰਲ ਅਬਜ਼ਰਵਰ, ਅਮੋਦ ਕੁਮਾਰ, ਆਈ ਏ ਐਸ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੌਰਾਨ ਸਖ਼ਤ ਰੁਖ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਚੋਣ ਅਮਲ 'ਚ ਵਿਘਨ ਪਾਉਣ, ਵੋਟਰਾਂ ਨੂੰ ਭਰਮਾਉਣ ਜਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਉਮੀਦਵਾਰੀ ਖ਼ਤਮ ਹੋਣ ਤੋਂ ਲੈ ਕੇ, ਜੇਲ੍ਹ ਜਾਣ ਤੱਕ ਦੀ ਹੋ ਸਕਦੀ ਹੈ।
ਅੱਜ ਇੱਥੇ ਪੁਲਿਸ ਅਬਜ਼ਰਵਰ ਰਵੀ ਸ਼ੰਕਰ ਛਾਬੀ, ਆਈ.ਪੀ.ਐਸ ਅਤੇ ਐਕਸਪੈਂਡੀਚਰ ਅਬਜ਼ਰਵਰ (ਖਰਚਾ ਨਿਗਰਾਨ) ਜੈਸ਼ੰਕਰ ਪ੍ਰਕਾਸ਼ ਉਪਾਧਿਆਏ, ਆਈ ਆਰ ਐਸ ਨਾਲ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਹਲਕਿਆਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਨੇ ਅਪਰਾਧਿਕ ਪਿਛੋਕੜ ਨੂੰ 7, 11 ਅਤੇ 17 ਫਰਵਰੀ ਨੂੰ ਇੱਕ-ਇੱਕ ਰਾਸ਼ਟਰੀ, ਇੱਕ-ਇੱਕ ਸਥਾਨਕ ਭਾਸ਼ਾਈ ਅਖਬਾਰ ਅਤੇ ਟੀ ਵੀ ਚੈਨਲ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਨਤਕ ਕਰਨ ਦੀ ਹਦਾਇਤ ਵੀ ਕੀਤੀ। ਉੁਨ੍ਹਾਂ ਕਿਹਾ ਕਿ ਇਹ ਜਣਾਕਾਰੀ ਘੱਟੋ-ਘੱਟ 12 ਨੰਬਰ ਦੇ ਫ਼ੌਂਟ ਵਿੱਚ ਆਸਾਨੀ ਨਾਲ ਪੜ੍ਹੀ ਜਾ ਸਕਣ ਵਾਲੀ ਹੋਵੇ।
ਉਨ੍ਹਾਂ ਨੇ ਸੀ ਵਿਜਿਲ ਐਪ ਰਾਹੀਂ ਜਾਂ 1950 ਨੰਬਰ 'ਤੇ ਚੋਣ ਉਲੰਘਣਾ ਦੀ ਸੂਚਨਾ ਤੁਰੰਤ ਦੇਣ, ਸੁਵਿਧਾ ਐਪ ਰਾਹੀਂ ਕੋਈ ਵੀ ਪ੍ਰਵਾਨਗੀ ਹਾਸਲ ਕਰਨ ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐਸ ਐਸ ਪੀ ਕੰਵਰਦੀਪ ਕੌਰ ਸਮੇਤ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਵੀ ਮੌਜੂਦ ਸਨ।  
ਜਨਰਲ ਅਬਜ਼ਰਵਰ ਨੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਐਮ ਸੀ ਐਮ ਸੀ ਤੋਂ ਸਰਟੀਫ਼ਿਕੇਸ਼ਨ ਲਾਜ਼ਮੀ ਕਰਾਰ ਦਿੰਦੇ ਹੋਏ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਵੋਟਰਾਂ ਨੂੰ ਭਰਮਾਉਣ ਲਈ ਲਾਲਚ, ਡਰਾਵੇ ਅਤੇ 'ਮੁੱਲ ਦੀਆਂ ਖ਼ਬਰਾਂ' ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਚੋਣ ਅਮਲ ਨੂੰ ਭੈਅ ਰਹਿਤ ਅਤੇ ਨਿਰਪੱਖ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਤਿੰਨਾਂ ਅਬਜ਼ਰਵਰਾਂ ਨੂੰ ਇੱਥੇ ਭੇਜਿਆ ਗਿਆ ਹੈ ਅਤੇ ਉਮੀਦਵਾਰ/ਸਿਆਸੀ ਪਾਰਟੀਆਂ ਜਾਂ ਕਿਸੇ ਸਰਕਾਰੀ ਮੁਲਾਜ਼ਮ ਵੱਲੋਂ ਕੀਤੀ ਕੁਤਾਹੀ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਨੇ ਉਮੀਦਵਾਰਾਂ ਨੂੰ ਆਪਣੇ ਪੋਲਿੰਗ ਏਜੰਟ ਮਤਦਾਨ ਵਾਲੇ ਦਿਨ ਸਵੇਰੇ 7 ਵਜੇ ਤੱਕ ਬੂਥ 'ਤੇ ਭੇਜਣੇ ਲਾਜ਼ਮੀ ਬਣਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਦੀ ਮੌਜੂਦਗੀ 'ਚ ਮਸ਼ੀਨਾਂ ਦੀ ਸਥਾਪਤੀ ਅਤੇ ਮੋਕ ਪੋਲ ਕਰਵਾ ਕੇ, ਮਤਦਾਨ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।
ਖਰਚਾ ਅਬਜ਼ਰਵਰ ਨੇ ਉੁਮੀਦਵਾਰਾਂ ਨੂੰ ਚੋਣ ਖਰਚ ਦੇ ਇੱਕ-ਇੱਕ ਰੁਪਏ ਨੂੰ ਖਰਚਾ ਰਜਿਸਟਰਾਂ ਵਿੱਚ ਦਰਜ ਕਰਨ, 10 ਹਜ਼ਾਰ ਤੋਂ ਵਧੇਰੇ ਦੀ ਅਦਾਇਗੀ ਨਗਦ ਨਾ ਕਰਨ, ਨਗਦ ਅਦਾਇਗੀ ਵੀ ਉਮੀਦਵਾਰ ਦੇ ਬੈਂਕ ਖਾਤੇ 'ਚੋਂ ਹੀ ਨਿਕਲੀ ਹੋਣ ਦੇ ਪ੍ਰਮਾਣ, ਚੋਣ ਮੁਹਿੰਮ ਦੌਰਾਨ ਮਿਲਣ ਵਾਲੇ ਚੰਦੇ ਦਾ ਪੂਰਾ ਵੇਰਵਾ 'ਤੇ ਬੈਂਕ ਖਾਤੇ 'ਚ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਮਤਦਾਨ ਤੱਕ ਉਹ ਤਿੰਨ ਵਾਰ ਆਪਣੀਆਂ ਟੀਮਾਂ ਵੱਲੋਂ ਤਿਆਰ ਸ਼ੈਡੋ ਰਜਿਸਟਰਾਂ ਨਾਲ ਉਮੀਦਵਾਰ ਦੇ ਖਰਚਾ ਰਜਿਸਟਰਾਂ ਦਾ ਮਿਲਾਣ ਕਰਨਗੇ।
ਪੁਲਿਸ ਅਬਜ਼ਰਵਰ ਨੇ ਸਪੱਸ਼ਟ ਕੀਤਾ ਕਿ ਚੋਣ ਅਮਲ 'ਚ ਅਮਨ ਤੇ ਕਾਨੂੰਨ ਨੂੰ ਬਰਕਰਾਰ ਰੱਖਣਾ ਉਮੀਦਵਾਰਾਂ/ਸਿਆਸੀ ਪਾਰਟੀਆਂ ਅਤੇ ਪ੍ਰਸ਼ਾਸਨ ਦੀ ਮੁਢਲੀ ਜ਼ਿੰਮੇਂਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖ਼ਾਸ ਧਰਮ, ਫ਼ਿਰਕੇ ਜਾਂ ਆਬਾਦੀ 'ਤੇ ਪ੍ਰਭਾਵ ਪਾਉਣ ਜਾਂ ਡਰਾਉਣ ਜਾਂ ਲਾਲਚ ਦੇਣ ਦੀ ਕੋਈ ਵੀ ਘਟਨਾ ਸਾਹਮਣੇ ਆਈ ਤਾਂ ਤੁਰੰਤ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੋਈ ਵੀ ਸ਼ਿਕਾਇਤ ਲਈ ਬੇਸ ਕੈਂਪ, ਪੰਚਾਇਤੀ ਵਿਸ਼ਰਾਮ ਘਰ, ਰਾਜਾ ਹਸਪਤਾਲ ਰੋਡ ਵਿਖੇ ਸਵੇਰੇ 10 ਤੋਂ 12 ਵਜੇ ਦਰਮਿਆਨ ਮਿਲਿਆ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਮੇਜਰ ਅਮਿਤ ਸਰੀਨ ਤੇ ਅਮਰਦੀਪ ਸਿੰਘ ਬੈਂਸ, ਐਸ ਪੀ (ਐਚ) ਮਨਵਿੰਦਰ ਬੀਰ ਸਿੰਘ, ਐਸ.ਡੀ.ਐਮਜ਼ ਨਵਨੀਤ ਕੌਰ ਬੱਲ ਬੰਗਾ, ਦੀਪਕ ਰੋਹੇਲਾ ਬਲਾਚੌਰ ਤੇ ਡਾ: ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ ਆਦਿ ਹਾਜ਼ਰ ਸਨ।
ਅਬਜ਼ਰਵਰਾਂ ਦੇ ਸੰਪਰਕ ਨੰਬਰ:     
ਜਨਰਲ ਆਬਜ਼ਰਵਰ ਅਮੋਦ ਕੁਮਾਰ, ਆਈ ਏ ਐਸ, ਫੋਨ ਨੰਬਰ 73472-19449
ਲਾਇਜ਼ਨ ਅਫ਼ਸਰ ਰਾਕੇਸ਼ ਕੁਮਾਰ ਐਸ ਡੀ ਓ ਮੰਡੀ ਬੋਰਡ, ਫ਼ੋਨ ਨੰ. 94178-23549
ਗੁਰਦੀਪ ਸਿੰਘ ਈ ਟੀ ਓ (ਜੀ ਐਸ ਟੀ) ਫ਼ੋਨ ਨੰ. 78371-00111


ਪੁਲਿਸ ਅਬਜ਼ਰਵਰ ਰਵੀ ਸ਼ੰਕਰ ਚਾਬੀ, ਆਈ ਪੀ ਐਸ, ਫੋਨ ਨੰਬਰ 89681-61266
ਲਾਇਜ਼ਨ ਅਫ਼ਸਰ ਸ਼ਮੀ ਕੁਮਾਰ, ਫ਼ੋਨ ਨੰ. 94192-18613

 ਐਕਸਪੈਂਡੀਚਰ ਅਬਜ਼ਰਵਰ ਜਯਸ਼ੰਕਰ ਪ੍ਰਕਾਸ਼ ਉਪਾਧਿਆਏ, ਆਈ ਆਰ ਐਸ, ਫ਼ੋਨ ਨੰ. 73472-19448
ਲਾਇਜ਼ਨ ਅਫ਼ਸਰ ਰਾਜੀਵ ਸਰੀਨ, ਫ਼ੋਨ ਨੰਬਰ 98150-66801

ਬੇਸ ਕੈਂਪ: ਵਿਸ਼ਰਾਮ ਘਰ, ਪੰਚਾਇਤ ਸਮਿਤੀ, ਨੇੜੇ ਰਾਜਾ ਹਸਪਤਾਲ, ਨਵਾਂਸ਼ਹਿਰ