ਮਹਾਨ ਸੰਤ, ਦਰਸ਼ਨ ਸ਼ਾਸਤਰੀ, ਕਵੀ, ਸਮਾਜ-ਸੁਧਾਰਕ ਭਗਤ ਗੁਰੂ ਰਵਿਦਾਸ ਜੀ
ਭਗਤ ਗੁਰੂ ਰਵਿਦਾਸ ਜੀ ਭਾਰਤ ਵਿੱਚ 15ਵੀਂਂ ਸ਼ਤਾਬਦੀ ਦੇ ਇੱਕ ਮਹਾਨ ਸੰਤ, ਦਰਸ਼ਨ ਸ਼ਾਸਤਰੀ, ਕਵੀ, ਸਮਾਜ-ਸੁਧਾਰਕ ਸਨ।ਪ੍ਰਮਾਤਮਾ ਦੇ ਪ੍ਰਤੀ ਉਹਨਾਂ ਦੇ ਅਸੀਮ ਪਿਆਰ ਨੇ ਸਮਾਜਿਕ ਵਰਣ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਜਾਗਰੁਕ ਕੀਤਾ ਅਤੇ ਊਚ-ਨੀਚ, ਜਾਤ-ਪਾਤ ਰਹਿਤ ਅਤੇ ਹੋਰ ਸਮਾਜਿਕ ਬੁਰਾਈਆਂ ਰਹਿਤ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਅਹਿਮ ਯੋਗਦਾਨ ਪਾਇਆ ਹੈ । ਉਹ ਲੋਕਾਂ ਦੀਆਂ ਸਮਾਜਿਕ ਅਤੇ ਆਤਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਮਸੀਹੇ ਸਨ । ਜਿਸ ਕਰਕੇ ਆਮ ਲੋਕਾਈ ਉਹਨਾਂ ਨੂੰ ਗੁਰੂ ਦਾ ਦਰਜਾ ਵੀ ਪ੍ਰਦਾਨ ਕਰਦੀ ਹੈ। ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੇ ਮੌਕੇ ਉੱਤੇ ਪੂਰੇ ਸੰਸਾਰ ਭਰ ਵਿੱਚ ਪਿਆਰ, ਸਤਿਕਾਰ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਹਨ।
ਹਰ ਸਾਲ ਪੂਰੇ ਭਾਰਤ ਵਿੱਚ ਵੱਡੇ ਉਤਸ਼ਾਹ ਨਾਲ ਮਾਘ ਮਹੀਨੇ ਵਿਚ ਪੂਰਨਮਾਸ਼ੀ ਉੱਤੇ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਂਦੇ ਹਨ। ਇਸ ਖਾਸ ਦਿਨ ਪ੍ਰੋਗਰਾਮ ਹੁੰਦੇ ਹਨ, ਨਗਰ ਕੀਰਤਨ ਹੁੰਦੇ ਹਨ । ਅਤੁੱਟ ਲੰਗਰ ਲਗਾਏ ਜਾਂਦੇ ਹਨ । ਵਾਰਾਨਸੀ ਦੇ ਸ੍ਰੀ ਗੋਵਰਧਨਪੁਰ ਵਿਖੇ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਿਖੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਭਗਤ ਗੁਰੂ ਰਵਿਦਾਸ ਦੇ ਸੇਵਾਦਾਰ ਪੂਰੇ ਸੰਸਾਰ ਵਿਚੋਂ ਇਸ ਮਹਾਂ ਉਤਸਵ ਵਿੱਚ ਭਾਗ ਲੈਣ ਲਈ ਵਾਰਾਨਸੀ ਆਉਂਦੇ ਹਨ।
ਭਗਤ ਗੁਰੂ ਰਵਿਦਾਸ ਜੀ ਦਾ ਜਨਮ ਵਿਕਰਮੀ ਸੰਮਤ - ਮਾਘ ਸੁਦੀ 15, 1433 ਨੂੰ ਸ੍ਰੀ ਗੋਵਰਧਨਪੁਰ, ਵਾਰਾਨਸੀ, ਯੂ.ਪੀ. ਵਿਖੇ ਪਿਤਾ ਸ੍ਰੀ ਸੰਤੋਖ ਦਾਸ ਜੀ ਘਰ ਮਾਤਾ ਜੀ ਕਾਲਸਾ ਦੇਵੀ ਜੀ ਦੀ ਕੁੱਖੋਂ ਹੋਇਆ ਸੀ। ਉਹਨਾਂ ਦੇ ਦਾਦਾ ਜੀ ਦਾ ਨਾਮ ਸ੍ਰੀ ਕਾਲੂਰਾਮ ਜੀ ਅਤੇ ਦਾਦੀ ਜੀ ਦਾ ਨਾਮ ਸ੍ਰੀਮਤੀ ਲੱਖਪਤੀ ਜੀ ਸੀ। ਭਗਤ ਗੁਰੂ ਰਵਿਦਾਸ ਜੀ ਪਤਨੀ ਦਾ ਨਾਮ ਮਾਤਾ ਲੋਨਾ ਜੀ ਸੀ ਅਤੇ ਸਪੁੱਤਰ ਦਾ ਬਾਬਾ ਸ੍ਰੀ ਵਿਜੈ ਦਾਸ ਜੀ ਸੀ ।ਜਿਸ ਦਿਨ ਉਨ੍ਹਾਂ ਦਾ ਜਨਮ ਹੋਇਆ ਉਸ ਦਿਨ ਐਤਵਾਰ ਸੀ ਇਸ ਕਾਰਨ ਉਨ੍ਹਾਂ ਨੂੰ ਰਵਿਦਾਸ ਕਿਹਾ ਗਿਆ।
ਰਵਿਦਾਸ ਜੀ ਦੇ ਪਿਤਾ ਜੀ ਮਲ ਸਾਮਰਾਜ ਦੇ ਰਾਜੇ ਨਗਰ ਦੇ ਸਰਪੰਚ ਸਨ ਅਤੇ ਉਹਨਾਂ ਜੁੱਤੀਆਂ ਦਾ ਬਣਾਉਂਣ ਅਤੇ ਉਹਨਾਂ ਮੁਰੰਮਤ ਕਰਨ ਦਾ ਕਾਰੋਬਾਰ ਸੀ। ਜੁੱਤੀਆਂ ਬਣਾਉਣ ਦੇ ਜੱਦੀ ਕੰਮ ਨੂੰ ਆਪ ਜੀ ਨੇ ਖੁਸ਼ੀ ਨਾਲ ਅਪਣਾਇਆ। ਉਨ੍ਹਾਂ ਦੇ ਮਿੱਠੇ ਸੁਭਾਅ ਅਤੇ ਵਧੀਆ ਕੰਮ ਕਰਨ ਕਰਕੇ ਉਨ੍ਹਾਂਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਵੀ ਹਮੇਸ਼ਾਂ ਖੁਸ਼ ਰਹਿੰਦੇ ਸਨ ।ਸ਼ੁਰੂ ਤੋਂ ਹੀ ਰਵਿਦਾਸ ਜੀ ਬਹੁਤ ਪਰਉਪਕਾਰੀ ਅਤੇ ਦਿਆਲੂ ਸਨ ਅਤੇ ਦੂਜਿਆਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਸੁਭਾਅ ਬੰਨ ਗਿਆ ਸੀ। ਸਾਧੂ-ਸੰਤਾਂਂ ਦੀ ਸਹਾਇਤਾ ਕਰਨ ਵਿੱਚ ਉਨ੍ਹਾਂ ਨੂੰ ਅਸੀਮ ਖੁਸ਼ੀ ਮਿਲਦੀ ਸੀ।ਸਾਧੂ-ਸੰਤਾਂਂ ਨੂੰ ਆਮ ਤੌਰ ਬਿਨਾਂ ਮੁੱਲ ਦੇ ਹੀ ਮੁਫਤ ਵਿਚ ਹੀਂ ਜੁੱਤੀਆਂ ਭੇਟ ਕਰ ਦਿੰਦੇ ਸਨ ।
ਪਰ ਬਚਪਨ ਤੋਂ ਹੀ ਭਗਤ ਗੁਰੂ ਰਵਿਦਾਸ ਜੀ ਬੇਹੱਦ ਬਹਾਦੁਰ ਅਤੇ ਰੱਬ ਦੇ ਬਹੁਤ ਵੱਡੇ ਭਗਤ ਸਨ । ਪਰ ਉਸ ਸਮੇਂ ਦੇ ਸਮਾਜ ਵਿਚ ਬਣੇ ਰੀਤੀ ਰਿਵਾਜਾਂ ਕਰਕੇ ਉਨ੍ਹਾਂ ਨੂੰ ਉੱਚ ਜਾਤੀ ਦੇ ਵੱਲੋਂ ਕੀਤੇ ਜਾਂਦੇ ਭੇਦ ਭਾਵ ਕਰਕੇ ਜੀਵਨ ਵਿਚ ਬਹੁਤ ਸੰਘਰਸ਼ ਕਰਨਾ ਪਿਆ।ਜਿਸ ਦਾ ਉਨ੍ਹਾਂ ਨੇ ਹਮੇਸ਼ਾਂ ਖਿੜ੍ਹੇ ਮੱਥੇ ਸਾਹਮਣਾ ਕੀਤਾ ਅਤੇ ਲੋਕਾਂ ਨੂੰ ਜੀਵਨ ਦੇ ਸੱਚ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਭੇਦ-ਭਾਵ, ਜਾਤ-ਪਾਤ ਮੁਕਤ ਭਾਈਚਾਰਕ ਮਾਨਵਤਾ ਨਾਲ ਪਿਆਰ ਕਰਨ ਵਾਲੇ ਚੰਗੇ ਸਮਾਜ ਵਾਲੇ ''ਬੇਗਮਪੁਰੇ'' ਦੀ ਸਿਰਜਣਾ ਦਾ ਉਪਦੇਸ਼ ਦਿੱਤਾ। ਇਸੇ ਲਈ ਪੂਰੀ ਦੁਨੀਆ ਵਿੱਚ ਨਿਮਨ ਜਾਤੀ ਨੂੰ ਉਹਨਾਂ ਦੇ ਮੌਲਿਕ ਅਧਿਕਾਰਾਂ ਦੇ ਹੱਕਾਂ ਦਿਵਾਕੇ ਭਾਈਚਾਰਕ ਏਕਤਾ ਅਤੇ ਸ਼ਾਂਤੀ ਦੀ ਸਥਾਪਨਾ ਲਈ ਭਗਤ ਗੁਰੂ ਰਵਿਦਾਸ ਜੀ ਵੱਲੋਂ ਦਿੱਤੀ ਮਹਾਨ ਸਿੱਖਿਆ ਨੂੰ ਯਾਦ ਕਰਨ ਲਈ ਵੀ ਜਨਮ ਦਿਹਾੜਾ ਮਨਾਇਆ ਜਾਂਦਾ ਹੈ।
ਜਿਵੇਂ ਕਿ ਬਚਪਨ ਵਿੱਚ ਰਵਿਦਾਸ ਜੀ ਆਪਣੇ ਗੁਰੂ ਪੰਡਤ ਸ਼ਾਰਦਾ ਨੰਦ ਦੀ ਪਾਠਸ਼ਾਲਾ ਗਏ ਜਿੱਥੇ ਕੁੱਝ ਉੱਚ ਜਾਤੀ ਦੇ ਲੋਕਾਂ ਦੁਆਰਾ ਦਾਖਿਲਾ ਲੈਣ ਤੋਂ ਰੋਕਿਆ ਸੀ।ਹਾਲਾਂਕਿ ਪੰਡਤ ਸ਼ਾਰਦਾ ਨੇ ਇਹ ਮਹਿਸੂਸ ਕੀਤਾ ਕਿ ਰਵਿਦਾਸ ਜੀ ਕੋਈ ਇੱਕੋ ਜਿਹੇ ਆਮ ਬਾਲਕ ਨਹੀਂ ਹਨ , ਉਹ ਤਾਂ ਇੱਕ ਰੱਬ ਦੇ ਧਰਤੀ ਤੇ ਭੇਜੇ ਦੂਤ ਹਨ। ਉਹ ਬਹੁਤ ਹੀ ਤੇਜ਼ ਅਤੇ ਹੋਣਹਾਰ ਵਿਦਿਆਰਥੀ ਸਨ। ਪੰਡਿਤ ਸ਼ਾਰਦਾ ਨੰਦ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਰਹਿੰਦੇ ਸਨ ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਦਿਨ ਰਵਿਦਾਸ ਜੀ ਮਹਾਨ ਸਮਾਜ ਸੁਧਾਰਕ ਦੇ ਰੂਪ ਵਿੱਚ ਜਾਣੇ ਜਾਣਗੇ।ਛੋਟੇ ਹੁੰਦਿਆਂ ਉਹ ਸਤਿਸੰਗਤ ਕਰਨ ਲਗ ਗਏ ਸਨ ਅਤੇ ਕਈ ਵਾਰ ਸੰਤ-ਸਾਧਕਾਂ ਨਾਲ ਬਨਾਰਸ ਤੋਂ ਬਾਹਰ ਵੀ ਚਲੇ ਜਾਂਦੇ ਸਨ ।
ਆਪ ਜੀ ਘਰ ਦੇ ਕੋਲ ਹੀ ਇਕ ਝੋਂਪੜੀ ਬਣਾ ਕੇ ਆਪਣੇ ਜੁੱਤੀਆਂ ਬਣਾਉਣ ਦਾ ਕਿੱਤਾ ਕਰਦੇ ਸਨ ਅਤੇ ਬਾਕੀ ਸਮਾਂ ਪ੍ਰਮਾਤਮਾ ਦੀ ਭਗਤੀ ਕਰਨ ਅਤੇ ਸਾਧੂ-ਸੰਤਾਂ ਦੇ ਸਤਿਸੰਗ ਵਿੱਚ ਲੀਨ ਰਹਿੰਦੇ ਸਨ।ਧਰਮ-ਸਾਧਨਾ ਵਿਚ ਆਪ ਦੀ ਮਹਾਨਤਾ ਨੂੰ ਵੇਖ ਕੇ ਲੋਕੀਂ ਬਹੁਤ ਪ੍ਰਭਾਵਿਤ ਹੋਣ ਲਗੇ ਅਤੇ ਬਨਾਰਸ ਦੇ ਆਸ-ਪਾਸ ਆਪ ਦੀ ਭਗਤੀ ਦੀਆਂ ਧੁੰਮਾਂ ਪੈ ਗਈਆਂ ।ਲੱਖਾਂ ਭਗਤ ਬਣ ਰਹੇ ਸਨ ਜਿਨ੍ਹਾਂ ਵਿੱਚ ਹਰ ਜਾਤੀ ਦੇ ਲੋਕ ਸ਼ਾਮਿਲ ਸਨ । ਆਪ ਜੀ ਬੜੇ ਸਰਲ ਸੁਭਾ ਦੇ ਸਨ । ਨਿਮਰਤਾ ਦੇ ਆਪ ਪ੍ਰਤੀਕ ਸਨ । ਧਰਮ ਪ੍ਰਚਾਰ ਵੇਲੇ ਆਪ ਕਿਸੇ ਹੋਰ ਧਰਮ ਜਾਂ ਸੰਪ੍ਰਦਾਇ ਬਾਰੇ ਕੋਈ ਮਾੜਾ ਬਚਨ ਨਹੀਂ ਬੋਲਦੇ ਸਨ । ਉਨ੍ਹਾਂ ਨੂੰ ਨੀਵੀਂ ਜਾਤ ਵਿਚੋਂ ਹੋਣ ਕਾਰਣ ਜੇ ਕੋਈ ਉੱਚੀ ਜਾਤ ਵਾਲਾ ਘਿਰਣਾ ਦੀ ਦ੍ਰਿਸ਼ਟੀ ਨਾਲ ਵੇਖਦਾ ਸੀ , ਤਾਂ ਉਨ੍ਹਾਂ ਪ੍ਰਤਿ ਵੀ ਆਪ ਦੀ ਸਦ-ਭਾਵਨਾ ਕਾਇਮ ਰਹਿੰਦੀ ਸੀ । ਕਰਨੀ ਅਤੇ ਕਥਨੀ ਦੇ ਪੂਰੇ ਸਨ । ਭਗਤ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਨਾਲ ਆਤਮਿਕ, ਬੌਧਿਕ ਅਤੇ ਸਾਮਜਿਕ ਕ੍ਰਾਂਤੀ ਦੀ ਸਫਲ ਅਗਵਾਈ ਕੀਤੀ।
ਇਕ ਵਾਰ ਭਗਤ ਗੁਰੂ ਰਵਿਦਾਸ ਜੀ ਨੂੰ ਸਿਕੰਦਰ ਲੋਦੀ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਿਕੰਦਰ ਲੋਦੀ ਨੇ ਕਿਹਾ ਕਿ ਜੇਕਰ ਉਹ ਈਨ ਨਹੀਂ ਮੰਨਣਗੇ ਤਾਂਂ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਪਰ ਹੋਇਆ ਕਿ ਜਦੋਂ ਅਗਲੇ ਦਿਨ ਜਦੋਂ ਸੁਲਤਾਨ ਸਿਕੰਦਰ ਨਮਾਜ਼ ਪੜ੍ਹਨ ਗਿਆ ਤਾਂ ਸਾਹਮਣੇ ਭਗਤ ਗੁਰੂ ਰਵਿਦਾਸ ਜੀ ਨੂੰ ਖੜਾ ਪਾਇਆ।ਜਿੱਧਰ ਦੇਖੇ ਸਿਕੰਦਰ ਲੋਦੀ ਨੂੰ ਚਾਰਾਂ ਦਿਸ਼ਾਵਾਂ ਵਿੱਚ ਭਗਤ ਗੁਰੂ ਰਵਿਦਾਸ ਜੀ ਦੇ ਹੀ ਦਰਸ਼ਨ ਹੋਣ । ਇਹ ਚਮਤਕਾਰ ਵੇਖਕੇ ਸਿਕੰਦਰ ਲੋਦੀ ਘਬਰਾ ਗਿਆ ਅਤੇ ਉਸੇ ਵੇਲੇ ਸੰਤ ਰਵਿਦਾਸ ਨੂੰ ਰਿਹਾ ਕਰ ਦਿੱਤਾ ਅਤੇ ਹੱਥ ਜੋੜ ਕੇ ਮਾਫੀ ਮੰਗੀ। ਸੰਤ ਰਵਿਦਾਸ ਦੇ ਜੀਵਨ ਵਿਚ ਅਜਿਹੀ ਬਹੁਤ ਸਾਰੀਆਂ ਚਮਤਕਾਰੀ ਘਟਨਾਵਾਂ ਹੋਈਆਂ ।
ਇੱਕ ਵਾਰ ਸਾਥੀ ਕੁੱਝ ਵਿਦਿਆਰਥੀ ਨੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਲਈ ਪੁੱਛਿਆ ਤਾਂ ਉਨ੍ਹਾਂ ਨੇ ਇਹ ਕਹਿ ਕਰ ਮਨ੍ਹਾ ਕੀਤਾ ਕਿ ਉਹ ਪਹਿਲਾਂ ਹੀ ਆਪਣੇ ਇੱਕ ਗਾਹਕ ਨੂੰ ਜੁੱਤੀ ਬਣਾ ਕੇ ਦੇਣ ਦਾ ਬਚਨ ਕਰ ਚੁੱਕੇ ਹਨ ਇਸ ਲਈ ਉਹ ਉਨ੍ਹਾਂ ਦੀ ਮੁੱਢਲੀ ਜ਼ਿੰਮੇਦਾਰੀ ਹੈ।ਰਵਿਦਾਸ ਜੀ ਦੇ ਸਾਥੀ ਵਿਦਿਆਰਥੀ ਨੇ ਉਨ੍ਹਾਂ ਨੂੰ ਦੁਬਾਰਾ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਕਿਹਾ ਉਨ੍ਹਾਂ ਦਾ ਮੰਨਣਾ ਹੈ ਕਿ "ਮਨ ਚੰਗਾ ਤਾਂ ਕਠੌੜੀ ਵਿੱਚ ਗੰਗਾ" ਭਾਵ ਕਿ ਸਰੀਰ ਨੂੰ ਆਤਮਾ ਵਲੋਂ ਪਵਿੱਤਰ ਹੋਣ ਦੀ ਲੋੜ ਹੈ, ਨਾ ਕਿ ਕਿਸੇ ਪਵਿੱਤਰ ਨਦੀ ਵਿੱਚ ਨਹਾਉਣ ਦੀ, ਜੇਕਰ ਸਾਡੀ ਆਤਮਾ ਅਤੇ ਹਿਰਦੇ ਸ਼ੁੱਧ ਹੈ ਤਾਂ ਅਸੀ ਪੂਰੀ ਤਰ੍ਹਾਂ ਪਵਿੱਤਰ ਹਾਂ ਅਤੇ ਸ਼ੁੱਧ ਹਾਂ।
ਸੰਤ ਰਵਿਦਾਸ ਜਾਤੀ ਵਲੋਂ ਚਮਿਆਰ ਸਨ । ਲੇਕਿਨ ਉਨ੍ਹਾਂ ਨੇ ਕਦੇ ਵੀ ਜਾਤੀ ਦੇ ਕਾਰਨ ਆਪਣੇ ਆਪ ਨੂੰ ਹੀਨ ਨਹੀਂ ਮੰਨਿਆ। ਰਵਿਦਾਸ ਜੀ ਨੇ ਉਸ ਸਮੇਂ ਦੇ ਸਮਾਜ ਵਿਚ ਬਣੇ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਉੱਚ ਜਾਤੀਆਂ ਵੱਲੋਂ ਨਿਮਨ ਲੋਕਾਂ ਨਾਲ ਭੇਦਭਾਵ ਖਤਮ ਕਰਨ ਲਈ ਲੋਕਾਂ ਨੂੰ ਅਸਲੀ ਮਾਨਵਤਾ ਧਰਮ ਅਤੇ ਜਾਤੀ ਦੇ ਬਾਰੇ ਜਾਣੂੰ ਕਰਵਾਇਆ।ਭਗਤ ਰਵਿਦਾਸ ਬੜੇ ਸਰਲ ਸੁਭਾ ਦੇ ਸਨ । ਨਿਮਰਤਾ ਦੇ ਆਪ ਪ੍ਰਤੀਕ ਸਨ । ਧਰਮ ਪ੍ਰਚਾਰ ਵੇਲੇ ਆਪ ਕਿਸੇ ਹੋਰ ਧਰਮ ਜਾਂ ਸੰਪ੍ਰਦਾਇ ਬਾਰੇ ਕੋਈ ਮਾੜਾ ਬਚਨ ਨਹੀਂ ਬੋਲਦੇ ਸਨ । ਉਨ੍ਹਾਂ ਨੂੰ ਨੀਵੀਂ ਜਾਤ ਵਿਚੋਂ ਹੋਣ ਕਾਰਣ ਜੇ ਕੋਈ ਉੱਚੀ ਜਾਤ ਵਾਲਾ ਘਿਰਣਾ ਦੀ ਦ੍ਰਿਸ਼ਟੀ ਨਾਲ ਵੇਖਦਾ ਸੀ , ਤਾਂ ਉਨ੍ਹਾਂ ਪ੍ਰਤਿ ਵੀ ਆਪ ਦੀ ਸਦ-ਭਾਵਨਾ ਕਾਇਮ ਰਹਿੰਦੀ ਸੀ । ਉਹ ਅੰਦਰੋਂ ਬਾਹਰੋਂ ਇਕ-ਸਮਾਨ ਸਨ , ਉਨ੍ਹਾਂ ਦੀ ਕਰਨੀ ਅਤੇ ਕਥਨੀ ਵਿਚ ਕੋਈ ਅੰਤਰ ਨਹੀਂ ਸੀ। ਉਸ ਸਮੇਂ ਦੇ ਨਿਮਨ ਜਾਤੀ ਦੇ ਲੋਕਾਂ ਦੀ ਆਸ ਹੁੰਦੀ ਸੀ ਕਿ ਸਮਾਜ ਵਿੱਚ ਉੱਚ ਜਾਤੀ ਦੇ ਲੋਕਾਂ ਦੀ ਤਰ੍ਹਾਂ ਉਹ ਵੀ ਦਿਨ ਵਿੱਚ ਕਿਤੇ ਵੀ ਆ-ਜਾ ਸਕਣ, ਉਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹਣ, ਮੰਦਿਰਾਂ ਵਿੱਚ ਜਾ ਕੇ ਆਪਣੀ ਅਰਾਧਨਾ ਕਰ ਸਕਣ, ਪੱਕੇ ਮਕਾਨ ਬਣਾ ਸਕਣ ਆਦਿ ਮਨੁੱਖ ਦੇ ਮੌਲਿਕ ਅਧਿਕਾਰਾਂ ਲਈ ਭਗਤ ਗੁਰੂ ਰਵਿਦਾਸ ਜੀ ਨੇ ਪੁਰਾਣੀ ਪ੍ਰਥਾ ਨੂੰ ਖਤਮ ਕਰਨ ਲਈ ਹਰ ਇੱਕ ਨੂੰ ਅਧਿਆਤਮਕ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਪਰਮਾਤਮਾ ਦੀ ਸਾਧਨਾ ਲਈ ਚੰਗੀ ਸੰਗਤ ਦਾ ਮਹੱਤਵ ਵੀ ਦੱਸਿਆ। ਉਹਨਾਂ ਕਿਹਾ ਕਿ ਇਸ ਧਰਤੀ ਉੱਤੇ ਸਾਰਿਆਂ ਨੂੰ ਭਗਵਾਨ ਨੇ ਬਣਾਇਆ ਹੈ ਅਤੇ ਸਾਰਿਆਂ ਦੇ ਅਧਿਕਾਰ ਇੱਕ ਸਮਾਨ ਹਨ।ਲੋਕਾਂ ਨੂੰ ਸੰਸਾਰਿਕ ਭਾਈਚਾਰਾ ਏਕਤਾ ਅਤੇ ਸਹਿਨਸ਼ੀਲਤਾ ਦਾ ਗਿਆਨ ਦਿੱਤਾ। ਉਹ ਦੱਸਦੇ ਹਨ ਕਿ ਕੋਈ ਵੀ ਆਪਣੇ ਜਾਤੀ ਜਾਂ ਧਰਮ ਲਈ ਨਹੀਂ ਜਾਣਾ ਜਾਂਦਾ ਹੈ, ਇਨਸਾਨ ਆਪਣੇ ਕਰਮ ਨਾਲ ਪਛਾਣਿਆ ਜਾਂਦਾ ਹੈ। ਉਹਨਾਂ ਦੇ ਲੋਕ ਭਲਾਈ ਵਾਲੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਚਿਤੌੜ ਸਾਮਰਾਜ ਦੇ ਰਾਜੇ ਅਤੇ ਰਾਣੀ ਵੀ ਉਨ੍ਹਾਂ ਦੇ ਸ਼ਿਸ਼ ਬਣ ਗਏ ਸਨ। ਰਵਿਦਾਸ ਜੀ ਵੱਲੋਂ ਰਚੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਹਨਾਂ ਦੀ ਉੱਚੀ ਤੇ ਸੁੱਚੀ ਸੋਚ ਵਾਲੇ ਮਾਨਵਤਾ ਦੀ ਭਲਾਈ ਵਾਲੇ ਸੰਦੇਸ਼ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਉਨ੍ਹਾਂ ਦੇ ਦੁਆਰਾ ਲਿਖਿਆ ਗਿਆ ੪੧ ਸ਼ਬਦ ਹਨ।
ਉਹ ਆਪਣੇ ਸਮੇਂ ਦੇ ਮਹਾਨ ਸੰਤ ਸਨ ਅਤੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਜੀਵਨ ਨੂੰ ਜਿਊਣ ਨੂੰ ਪ੍ਰਮੁੱਖਤਾ ਦਿੰਦੇ ਸਨ । ਵੱਡੇ ਰਾਜੇ- ਰਾਣੀਆਂ ਦੇ ਸੇਵਕ ਬਣ ਚੁੱਕੇ ਸਨ ਲੇਕਿਨ ਉਹ ਕਿਸੇ ਵਲੋਂ ਵੀ ਕਿਸੇ ਪ੍ਰਕਾਰ ਦਾ ਪੈਸਾ ਜਾਂ ਉਪਹਾਰ ਨਹੀਂ ਸਵੀਕਾਰਦੇ ਸਨ।। ਭਗਤ ਗੁਰੂ ਰਵਿਦਾਸ ਨੇ ਆਪਣੇ ਅਨੁਯਾਈਆਂ ਨੂੰ ਇਮਾਨਦਾਰੀ ਅਤੇ ਦਿਆਨਦਾਰੀ ਨਾਲ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਆਪ ਜੀ ਨੇ ਆਪਣੇ ਜੀਵਨ ਦੇ ਅੰਤਿਮ ਸਾਲਾਂ ਵਿੱਚ ਭਾਰਤ ਦਾ ਦੌਰਾ ਕੀਤਾ ਕਰਕੇ ਸਮਾਜ ਨੂੰ ਇਕ-ਜੁੱਟ ਕਰਦੇ ਹੋਏ ਨਵੀਂ ਦਿਸ਼ਾ ਪ੍ਰਦਾਨ ਕੀਤੀ।
ਰਾਸ਼ਟਰ ਨੂੰ ਤੋੜਨ ਲਈ, ਦਲਿਤ ਸਮਾਜ ਨੂੰ ਵੱਖ ਕਰਨ ਲਈ ਰਾਸ਼ਟਰ ਵਿਰੋਧੀ ਤਾਕਤਾਂ ਦੁਆਰਾ ਹਮੇਸ਼ਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਅਜੋਕੇ ਸਮਾਜਿਕ ਅਥਰਿਤਾ ਦੇ ਮਾਹੌਲ ਵਿੱਚ ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਲਈ ਭਗਤ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਅੱਜ ਵੀ ਪ੍ਰੇਰਕ ਹੈ।ਜਿਸਦੇ ਨਾਲ ਭਾਰਤ ਦੀ ਏਕਤਾ ਅਤੇ ਅਖੰਡਤਾ ਹਮੇਸ਼ਾਂ ਕਾਇਮ ਰਹਿ ਸਕਦੀ ਹੈ।
ਆਮੀਨ :
ਸੰਤੋਖ ਸਿੰਘ ਜੱਸੀ (ਪੰਜਾਬ ਸਰਕਾਰ ਤੋਂ ਸਨਮਾਨਤ ਸਰਪੰਚ)
ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਬੰਗਾ
ਪਿੰਡ ਤੇ ਡਾਕਖਾਨਾ ਚੱਕ ਕਲਾਲ ਤਹਿਸੀਲ ਬੰਗਾ
ਜਿਲਾ ਸ਼ਹੀਦ ਭਗਤ ਸਿੰਘ ਨਗਰ
ਫੋਨ ਨੰਬਰ : 7087619800
e-mail: jassisarpanch6@gmail.com