20 ਫਰਵਰੀ ਨੂੰ ਮਤਦਾਨ ਦਾ ਸੁਨੇਹਾ ਦੇਣ ਲਈ ਐਲ ਪੀ ਜੀ ਸਿਲੰਡਰਾਂ 'ਤੇ ਸਟਿੱਕਰ ਮੁਹਿੰਮ ਦੀ ਸ਼ੁਰੂਆਤ

 ਏ ਡੀ ਸੀ ਜਸਬੀਰ ਸਿੰਘ ਨੇ ਕੀਤੀ ਸ਼ੁਰੂਆਤ
ਨਵਾਂਸ਼ਹਿਰ, 11 ਫਰਵਰੀ : -ਵੋਟ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਤਦਾਨ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਹੋਰ ਨਿਵੇਕਲਾ ਢੰਗ ਅਪਣਾਉਂਦਿਆਂ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਘਰਾਂ ਵਿੱਚ ਸਪਲਾਈ ਕੀਤੇ ਜਾਣ ਵਾਲੇ ਸਾਰੇ ਐਲ ਪੀ ਜੀ ਸਿਲੰਡਰਾਂ 'ਤੇ ਵਿਸ਼ੇਸ਼ ਸਟਿੱਕਰ ਚਿਪਕਾਏ ਜਾਣਗੇ ਤਾਂ ਜੋ ਵੋਟਾਂ ਵਾਲੇ ਦਿਨ 20 ਫਰਵਰੀ ਨੂੰ, ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਪ੍ਰਬੰਧਕੀ ਕੰਪਲੈਕਸ ਤੋਂ ਗੈਸ ਸਿਲੰਡਰ ਵਾਲੇ ਤਿੰਨ ਪਹੀਆ ਵਾਹਨਾਂ ਨੂੰ ਰਵਾਨਾ ਕਰਦਿਆਂ ਕਿਹਾ ਕਿ ਸਵੀਪ ਤਹਿਤ ਵਿਸ਼ੇਸ਼ ਵੋਟਰ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਵੋਟ ਕਰਨ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ ਹੈ।  

 ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਮਹੀਨੇ ਲਗਪਗ 60000 ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ ਅਤੇ ਰੋਜ਼ਾਨਾ 2000 ਸਿਲੰਡਰ ਸਪਲਾਈ ਕੀਤੇ ਜਾਂਦੇ ਹਨ।  ਸਿੰਘ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਵੋਟਰਾਂ ਨੂੰ ਪ੍ਰੇਰਿਤ ਕਰਨ ਦਾ ਇਹ ਵਿਲੱਖਣ ਅਤੇ ਵਧੀਆ ਤਰੀਕਾ ਹੈ।

 ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਕੂਲ ਅਤੇ ਕਾਲਜ ਪੱਧਰ 'ਤੇ ਰੈਲੀਆਂ, ਮੈਰਾਥਨ, ਕਿਓਸਕ ਲਗਾਉਣ ਤੋਂ ਇਲਾਵਾ ਪੋਸਟਰ ਮੇਕਿੰਗ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਆਦਿ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਅਤੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।  

 ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਵੋਟ ਬਹੁਤ ਜ਼ਰੂਰੀ ਹੈ ਅਤੇ ਹਰੇਕ ਵੋਟ ਦਾ ਆਪਣਾ ਮਹੱਤਵ ਹੈ ਅਤੇ ਹਰੇਕ ਯੋਗ ਵਿਅਕਤੀ ਨੂੰ ਮਤਦਾਨ ਵਾਲੇ ਦਿਨ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।