ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਨੇ ਸਾਰੇ ਹਲਕਿਆਂ 'ਚ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ ਸੰਦੀਪ ਹੰਸ

-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ
-ਡਿਪਟੀ ਕਮਿਸ਼ਨਰ ਨੇ ਖ਼ੁਦ ਲਾਈਨ 'ਚ ਲੱਗ ਕੇ ਲੋਕਤੰਤਰੀ ਹੱਕ ਦਾ ਇਸਤੇਮਾਲ ਕੀਤਾ
-ਅਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰ ਤੇ ਐਸ.ਐਸ.ਪੀ. ਨੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਲਿਆ ਜਾਇਜਾ
-ਵੋਟਰਾਂ ਨੇ ਲੰਮੀਆਂ ਕਤਾਰਾਂ 'ਚ ਲੱਗ ਕੇ ਵੋਟਰਾਂ ਨੇ ਭਾਰੀ ਉਤਸ਼ਾਹ ਤੇ ਅਮਨ-ਅਮਾਨ ਨਾਲ ਪਾਈਆਂ ਵੋਟਾਂ
-ਆਪਣੇ ਵਿਆਹ ਤੋਂ ਪਹਿਲਾਂ ਕਈ ਲਾੜੇ ਤੇ ਲਾੜੀਆਂ ਨੇ ਵੀ ਪਾਈ ਵੋਟ
-ਨੌਜਵਾਨਾਂ, ਦਿਵਿਆਂਗਜਨਾਂ, ਬਜ਼ੁਰਗਾਂ ਨੇ ਵੋਟ ਪਾਉਣ ਲਈ ਦਿਖਾਇਆ ਉਤਸ਼ਾਹ
-ਕੋਵਿਡ ਤੋਂ ਬਚਾਅ ਲਈ ਮਾਸਕ ਤੇ ਸੈਨੇਟਾਈਜ਼ਰਾਂ ਸਮੇਤ ਲੋੜਵੰਦਾਂ ਲਈ ਵ੍ਹੀਲ ਚੇਅਰਾਂ ਵੀ ਉਪਲਬੱਧ
-ਪਿੰਕ ਬੂਥ, ਮਾਡਲ ਪੋਲਿੰਗ ਬੂਥ, ਸੈਲਫ਼ੀ ਪੁਆਇੰਟ ਤੇ ਛੋਟੇ ਬੱਚਿਆਂ ਲਈ ਕ੍ਰੈਚ ਰਹੇ ਖਿੱਚ ਦਾ ਕੇਂਦਰ
-ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ, ਬਜ਼ੁਰਗਾਂ ਤੇ ਦਿਵਿਆਂਗਜਨਾਂ ਨੂੰ ਵੰਡੇ ਪ੍ਰਸੰਸਾ ਪੱਤਰ
- ਵਲੰਟੀਅਰਾਂ ਨੇ ਦਿਵਿਆਂਗ ਵੋਟਰਾਂ, ਛੋਟੇ ਬੱਚਿਆਂ ਦੀਆਂ ਮਾਵਾਂ ਤੇ ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ
ਪਟਿਆਲਾ, 20 ਫਰਵਰੀ : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਲਈ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਲਈ ਅੱਜ ਪਈਆਂ ਵੋਟਾਂ ਦੌਰਾਨ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਉਂਦਿਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਮੁੱਚੀ ਚੋਣ ਪ੍ਰਕ੍ਰਿਆ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹ ਗਈ।
ਸਵੇਰੇ 8 ਵਜੇ ਸ਼ੁਰੂ ਹੋਏ ਮਤਦਾਨ ਦਾ ਸਮਾਂ ਬੇਸ਼ੱਕ ਸ਼ਾਮ 6 ਵਜੇ ਤੱਕ ਸੀ ਪਰੰਤੂ ਵੋਟਰਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਈ ਪੋਲਿੰਗ ਲੋਕੇਸ਼ਨਾਂ ਅੰਦਰ ਵੋਟ ਪਰਚੀ ਲੈ ਕੇ ਦਾਖਲ ਹੋਏ ਵੋਟਰਾਂ ਨੇ ਦੇਰ ਸ਼ਾਮ ਤੱਕ ਆਪਣੀਆਂ ਵੋਟਾਂ ਦਾ ਭੁਗਤਾਨ ਕਤਾਰਾਂ 'ਚ ਲੱਗਕੇ ਕੀਤਾ। ਕਈ ਥਾਈਂ ਕੋਵਿਡ ਪਾਜ਼ਿਟਿਵ ਵੋਟਰਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਦੇ ਅਖ਼ੀਰ 'ਚ ਆਪਣੀ ਵੋਟ ਪਾਈ।
ਇਸੇ ਦੌਰਾਨ ਜਨਰਲ ਅਬਜ਼ਰਵਰਾਂ ਨੇ ਸਮੂਹ ਹਲਕਿਆਂ ਅੰਦਰ ਚੋਣ ਪ੍ਰਕ੍ਰਿਆ 'ਤੇ ਨਜ਼ਰ ਰੱਖਣ ਲਈ ਵੱਖੋ-ਵੱਖਰੇ ਤੌਰ 'ਤੇ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਵੋਟਰਾਂ ਨੂੰ ਮਿਲ ਕੇ ਉਨ੍ਹਾਂ ਦੇ ਉਤਸ਼ਾਹ ਦੀ ਪ੍ਰਸੰਸਾ ਕੀਤੀ ਅਤੇ ਪੋਲਿੰਗ ਏਜੰਟਾਂ ਤੇ ਚੋਣ ਅਮਲੇ ਨਾਲ ਵੀ ਗੱਲਬਾਤ ਕੀਤੀ। ਜਦੋਂਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਵੀ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸਮੁਚੇ ਚੋਣ ਅਮਲ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਵੇਰੇ 8 ਵਜੇ ਹਲਕਾ ਪਟਿਆਲਾ-115 ਦੇ ਆਮਦਨ ਕਰ ਵਿਭਾਗ 'ਚ ਸਥਿਤ ਪੋਲਿੰਗ ਸਟੇਸ਼ਨ ਦੇ ਬੂਥ ਨੰਬਰ 174 ਵਿਖੇ ਆਪਣੀ ਵੋਟ ਦਾ ਭੁਗਤਾਨ ਕੀਤਾ। ਸ੍ਰੀ ਹੰਸ ਨੇ ਕਰੀਬ 25 ਮਿੰਟ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰ ਕੇ ਲੋਕਤੰਤਰ ਦੇ ਵੱਡੇ ਤਿਉਹਾਰ 'ਚ ਹਿੱਸਾ ਲਿਆ। ਵੋਟਾਂ ਪਾਉਣ ਦੌਰਾਨ ਕਈ ਹਲਕਿਆਂ 'ਚ ਆਪਣੇ ਵਿਆਹ ਲਈ ਜਾਣ ਤੋਂ ਪਹਿਲਾਂ ਲਾੜੇ ਅਤੇ ਲਾੜੀਆਂ ਨੇ ਵੀ ਆਪਣੀ ਵੋਟ ਦੀ ਮਹੱਤਤਾ ਸਮਝਦਿਆਂ ਵਿਆਹ ਦੀ ਪੌਸ਼ਾਕ 'ਚ ਹੀ ਪੋਲਿੰਗ ਸਟੇਸ਼ਨਾਂ 'ਤੇ ਪੁੱਜ ਕੇ ਆਪਣੀ ਵੋਟ ਪਾਈ। ਇਸੇ ਦੌਰਾਨ ਨੌਜਵਾਨਾਂ, ਦਿਵਿਆਂਗਜਨਾਂ ਤੇ ਬਜ਼ੁਰਗਾਂ ਸਮੇਤ ਟਰਾਂਸਜੈਂਡਰ ਵੋਟਰਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ। ਜਦੋਂਕਿ ਵੋਟਰਾਂ ਨੂੰ ਉਤਸ਼ਾਹਤ ਕਰਨ ਲਈ ਤਿਆਰ ਮਸਕਟ ਸ਼ੇਰਾ ਵੀ ਖਿਚ ਦਾ ਕੇਂਦਰ ਬਣਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਵੱਲੋਂ ਅਮਨ-ਅਮਾਨ ਤੇ ਸ਼ਾਂਤੀਪੂਰਵਕ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਪਾਏ ਗਏ ਯੋਗਦਾਨ ਲਈ ਸਮੂਹ ਵੋਟਰਾਂ, ਸਮੂਹ ਰਿਟਰਨਿੰਗ ਅਧਿਕਾਰੀਆਂ, ਚੋਣ ਅਮਲੇ, ਸੁਰੱਖਿਆ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਅੰਦਰ ਵੋਟਰਾਂ ਨੇ ਜਮਹੂਰੀਅਤ ਪ੍ਰਤੀ ਸ਼ਰਧਾ ਵਿਖਾਉਂਦਿਆਂ ਅਮਨ ਪੂਰਵਕ ਲੰਮੀਆਂ ਕਤਾਰਾਂ 'ਚ ਲੱਗ ਕੇ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਪੂਰਾ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਤੋਂ ਕਰੀਬ 11,000 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 1784 ਪੋਲਿੰਗ ਸਟੇਸ਼ਨਾਂ 'ਤੇ ਇਕ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰਾਂ ਦੀ ਪਾਰਟੀ ਸਮੇਤ ਸੈਕਟਰ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ ਜਦਕਿ ਚੋਣ ਪ੍ਰਕ੍ਰਿਆ 'ਤੇ ਤਿੱਖੀ ਨਜ਼ਰ ਰੱਖਣ ਲਈ ਮਾਈਕਰੋ ਅਬਜ਼ਰਵਰ ਵੀ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਪਾਰਟੀਆਂ ਲਈ 21 ਫਰਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੋਣ ਅਮਲੇ ਵੱਲੋਂ ਸਵੇਰੇ 7 ਵਜੇ ਉਮੀਦਵਾਰਾਂ ਦੇ ਚੋਣ ਏਜੰਟਾਂ ਦੀ ਹਾਜ਼ਰੀ 'ਚ ਈ.ਵੀ.ਐਮਜ 'ਤੇ 'ਮੌਕ ਪੋਲ' ਕਰਵਾਈ ਗਈ ਅਤੇ ਸਹੀ 8 ਵਜੇ ਚੋਣ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਸੀ।
ਦਿਵਿਆਂਗ ਵੋਟਰਾਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਪਹਿਲ ਦੇਣ ਸਮੇਤ ਸਥਾਪਤ ਕੀਤੇ ਗਏ ਮਾਡਲ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਲਈ ਸਵਾਗਤੀ ਬੋਰਡ, ਕਾਰਪੈਟ, ਪੀਣ ਵਾਲੇ ਪਾਣੀ ਤੇ ਹੋਰ ਸਹੂਲਤਾਂ ਦੇਣ ਸਮੇਤ ਅੰਗਹੀਣਾਂ ਤੇ ਬਜ਼ੁਰਗਾਂ ਲਈ ਵ੍ਹੀਲ-ਚੇਅਰਾਂ ਲਗਾਈਆਂ ਗਈਆਂ ਸਨ। ਇਸ ਤੋਂ ਬਿਨ੍ਹਾਂ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਸਮੇਤ ਬਜ਼ੁਰਗਾਂ ਤੇ ਦਿਵਿਆਂਗਜਨਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰਸੰਸਾ ਪੱਤਰ ਵੀ ਵੰਡੇ ਗਏ। ਜਦੋਂਕਿ ਪਿੰਕ ਪੋਲਿੰਗ ਬੂਥ, ਛੋਟੇ ਬੱਚਿਆਂ ਲਈ ਕ੍ਰੈਚ ਤੇ ਸੈਲਫ਼ੀ ਪੁਆਇੰਟ ਵੀ ਖਿੱਚ ਦਾ ਕੇਂਦਰ ਰਹੇ।
ਇਸ ਦੌਰਾਨ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹੇ 'ਚ ਸੁਰੱਖਿਆ ਪ੍ਰਬੰਧਾਂ ਨੂੰ ਹਰ ਪੱਖੋਂ ਯਕੀਨੀ ਬਣਾਇਆ ਗਿਆ ਸੀ। ਸਮੂਹ ਪੋਲਿੰਗ ਬੂਥਾਂ 'ਤੇੇ ਅਰਧ ਸੁਰੱਖਿਆ ਬਲਾਂ, ਆਰਮਡ ਪੁਲਿਸ ਤੇ ਪੀ.ਏ.ਪੀ. ਸਮੇਤ ਜ਼ਿਲ੍ਹਾ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਗਈ ਤੇ ਪੈਟਰੋਲਿੰਗ ਪਾਰਟੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਗਈ, ਇਸ ਤੋਂ ਬਿਨ੍ਹਾਂ ਪੁਲਿਸ ਆਬਜ਼ਰਵਰ, ਮਾਈਕਰੋ ਆਬਜ਼ਰਵਰ, ਵੈਬ ਕਾਸਟਿੰਗ ਨਾਲ ਵੀ ਪੋਲਿੰਗ ਸਟੇਸ਼ਨਾਂ 'ਤੇ ਨਿਗ੍ਹਾ ਰੱਖੀ ਗਈ।