ਸ਼ਹੀਦ ਭਗਤ ਸਿੰਘ ਨਗਰ ਵਿੱਚ 27 ਫਰਵਰੀ ਤੋਂ 1 ਮਾਰਚ ਤੱਕ ਪਲਸ ਪੋਲੀਓ ਮੁਹਿੰਮ

0-5 ਸਾਲ ਦੀ ਉਮਰ ਦੇ 53044 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 641 ਟੀਮਾਂ ਗਠਿਤ
ਨਵਾਂਸ਼ਹਿਰ, 24 ਫਰਵਰੀ  :- ਜ਼ਿਲ੍ਹੇ ਵਿੱਚ 27 ਫਰਵਰੀ ਤੋਂ 1 ਮਾਰਚ ਤੱਕ ਚਲਾਈ ਜਾ ਰਹੀ ਪਲਸ ਪੋਲੀਓ ਦੀ ਵਿਸ਼ੇਸ਼ ਮੁਹਿੰਮ ਤਹਿਤ ਕੁੱਲ 641 ਸਿਹਤ ਟੀਮਾਂ ਵੱਲੋਂ 0 ਤੋਂ 5 ਸਾਲ ਦੀ ਉਮਰ ਦੇ 53044 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਮੀਟਿੰਗ ਦੌਰਾਨ ਦੱਸਿਆ ਕਿ 641 ਸਿਹਤ ਟੀਮਾਂ ਜਿਨ੍ਹਾਂ ਵਿੱਚ 206 ਬੂਥ ਲੈਵਲ, 412 ਘਰ-ਘਰ ਟੀਮਾਂ, 16 ਟਰਾਂਜ਼ਿਟ ਟੀਮਾਂ ਅਤੇ 7 ਮੋਬਾਈਲ ਟੀਮਾਂ ਸ਼ਾਮਲ ਹਨ, ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਬਣਾਈਆਂ ਗਈਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਅਮਰਦੀਪ ਸਿੰਘ ਬੈਂਸ ਵੀ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸਨ।  ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਲਈ ਕੁੱਲ 43 ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਤਿੰਨ ਦਿਨਾਂ ਮੁਹਿੰਮ ਦੌਰਾਨ 1,38,319 ਘਰਾਂ, 17 ਅਨਾਜ ਮੰਡੀਆਂ, 16 ਫੈਕਟਰੀਆਂ, 74 ਇੱਟਾਂ ਦੇ ਭੱਠਿਆਂ ਅਤੇ 77 ਉੱਚ ਜੋਖਮ (ਹਾਈ ਰਿਸਕ) ਵਾਲੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਅਰਧ-ਸ਼ਹਿਰੀ ਖੇਤਰਾਂ, ਝੁੱਗੀਆਂ-ਝੌਂਪੜੀਆਂ, ਛੋਟੇ-ਵੱਡੇ ਕਾਰਖਾਨਿਆਂ ਦੇ ਆਲੇ ਦੁਆਲੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ ਅਤੇ ਟਰਾਂਜ਼ਿਟ ਟੀਮਾਂ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ 'ਤੇ ਬੱਚਿਆਂ ਨੂੰ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਨੇ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤ, ਲੋਕ ਨਿਰਮਾਣ ਵਿਭਾਗ, ਟਰਾਂਸਪੋਰਟ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਪੁਲਿਸ, ਜਨਰਲ ਮੈਨੇਜਰ ਬੱਸ ਸਟੈਂਡ ਅਤੇ ਰੇਲਵੇ ਅਧਿਕਾਰੀਆਂ ਸਮੇਤ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ। ਏ ਡੀ ਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਵਿੱਚ ਪਬਲਿਕ ਐਡਰੈਸ ਸਿਸਟਮ, ਸਿਹਤ ਕਾਮਿਆਂ, ਸਰਪੰਚਾਂ, ਕੌਂਸਲਰਾਂ ਅਤੇ ਹੋਰਨਾਂ ਦੇ ਸਹਿਯੋਗ ਨਾਲ ਹਰੇਕ ਯੋਗ ਬੱਚੇ ਨੂੰ ਜ਼ਿਲ੍ਹੇ ਵਿੱਚ ਪੋਲੀਓ ਰੋਧਕ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਇਆ ਜਾਵੇ।  ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪਲਸ ਪੋਲੀਓ ਮੁਹਿੰਮ ਨੂੰ ਵੱਡੀ ਪੱਧਰ 'ਤੇ ਸਫ਼ਲ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਝੁੱਗੀ-ਝੌਂਪੜੀਆਂ ਅਤੇ ਇੱਟਾਂ ਦੇ ਭੱਠਿਆਂ ਵਿੱਚ ਰਹਿਣ ਵਾਲੀ ਪਰਵਾਸੀ ਆਬਾਦੀ ਨੂੰ ਵਿਸ਼ੇਸ਼ ਤੌਰ 'ਤੇ ਕਵਰ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਟੀਮਾਂ ਦਾ ਸਹਿਯੋਗ ਕਰਨ।  ਉਨ੍ਹਾਂ ਕਿਹਾ ਕਿ ਭਾਰਤ ਨੂੰ ਮਾਰਚ 2014 ਵਿੱਚ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੁਣ ਤੱਕ ਕੋਈ ਪੋਲੀਓ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਮੌਕੇ ਸਿਵਲ ਸਰਜਨ ਡਾ: ਦਵਿੰਦਰ ਢਾਂਡਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਵੰਤ ਰਾਏ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਬਲਵਿੰਦਰ ਕੁਮਾਰ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕੁਲਵਿੰਦਰ ਸਿੰਘ ਸਰਾਏ ਤੋਂ ਇਲਾਵਾ ਐਸ ਐਮ ਓਜ਼ ਤੇ ਹੋਰ ਵਿਭਾਗਾਂ ਦੇ ਪ੍ਰਤੀਨਿਧ ਹਾਜ਼ਰ ਸਨ।

Virus-free. www.avast.com