ਇਫਟੂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੜਤਾਲੀ ਬਿਜਲੀ ਮੁਲਾਜ਼ਮਾਂ ਤੇ ਐਸਮਾ ਲਾਉਣ ਦੀ ਕੀਤੀ ਨਿੰਦਾ

ਨਵਾਂਸ਼ਹਿਰ 23 ਫਰਵਰੀ :- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਨੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਦੇ ਹੜਤਾਲੀ ਬਿਜਲੀ ਮੁਲਾਜ਼ਮਾਂ ਉੱਤੇ ਐਸਮਾ ਲਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਅਸਮਾ ਵਾਪਸ ਲੈਣ ਦੀ ਮੰਗ ਕੀਤੀ ਹੈ। ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਹੈ ਹੜਤਾਲ ਕਰਨਾ ਮੁਲਾਜਮਾਂ ਦਾ ਸੰਵਿਧਾਨਕ ਹੱਕ ਹੈ ਭਾਵੇਂ ਮੁਲਾਜਮ ਜਰੂਰੀ ਸੇਵਾਵਾਂ ਵਿਭਾਗ ਨਾਲ ਹੀ ਸਬੰਧਤ ਕਿਉਂ ਨਾ ਹੋਣ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੜਤਾਲੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵਲ ਧਿਆਨ ਦੇਣ ਦੀ ਥਾਂ ਉਹਨਾਂ ਉੱਤੇ ਐਸਮਾ ਲਾਉਣ ਦਾ ਚੁੱਕਿਆ ਗਿਆ ਕਦਮ ਬਿਜਲੀ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ। ਉਹਨਾਂ ਕਿਹਾ ਕਿ ਜਮਹੂਰੀ ਢਾਂਚੇ ਵਿਚ ਆਪਣੀ ਆਵਾਜ਼ ਉਠਾਉਣ ਅਤੇ ਸੰਘਰਸ਼ ਕਰਨ ਦਾ ਸਭ ਨੂੰ ਹੱਕ ਹੈ ਅਤੇ ਸਰਕਾਰ ਦਾ ਫਰਜ਼ ਹੈ ਕਿ ਉਹ ਉਹਨਾਂ ਦੀ ਆਵਾਜ਼ ਸੁਣੇ ਅਤੇ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇ।ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਮੁਲਾਜ਼ਮਾਂ ਪ੍ਰਤੀ ਹਮਲਾਵਰ ਰੁੱਖ ਅਪਣਾਇਆ ਹੈ ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ।