ਵੱਖ - ਵੱਖ ਕੇਸਾਂ ਵਿੱਚ 96 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਐਸ ਐਸ ਪੀ ਕੰਵਰਦੀਪ ਕੌਰ ਨੇ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਦੀ ਜ਼ਿਲ੍ਹਾ ਪੁਲਿਸ ਦੀ ਵਚਨਬੱਧਤਾ ਦੁਹਰਾਈ
ਨਵਾਂਸ਼ਹਿਰ, 12 ਫਰਵਰੀ, 2022
ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣ ਅਮਲ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸ਼ਰਾਬ, ਨਸ਼ੇ ਆਦਿ ਦੇ ਗੈਰ-ਕਾਨੂੰਨੀ ਧੰਦੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਐਸ ਐਸ ਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 8 ਜਨਵਰੀ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੁਲੀਸ ਨੇ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ, ਹਥਿਆਰ, ਗੋਲਾ-ਬਾਰੂਦ, ਨਸ਼ੀਲੇ ਪਦਾਰਥ, ਨਾਜਾਇਜ਼ ਸ਼ਰਾਬ ਅਤੇ ਬੇਹਿਸਾਬੀ ਨਕਦੀ ਜ਼ਬਤ ਕਰਨ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿੱਚ ਦਰਜ 96 ਐਫਆਈਆਰਜ਼ ਵਿੱਚ 96 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਕੀਤੀ ਛਾਪੇਮਾਰੀ ਤੇ ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਕੰਵਰਦੀਪ ਕੌਰ ਨੇ ਦੱਸਿਆ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਪੋਲਿੰਗ ਬੂਥਾਂ 'ਤੇ ਆ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕ੍ਰਮਵਾਰ 4.5 ਕਿਲੋ ਆਰ ਡੀ ਐਕਸ, ਛੇ ਗ੍ਰਨੇਡ, ਪੰਜ ਪਿਸਤੌਲ, 122 ਕਾਰਤੂਸ, ਦੋ .12 ਬੋਰ ਰਾਈਫਲਾਂ, ਚਾਰ ਮੈਗਜ਼ੀਨ, ਦਸ ਇਲੈਕਟ੍ਰਿਕ ਡੈਟੋਨੇਟਰ, ਕੋਡੈਕਸ ਤਾਰ, ਇੱਕ ਆਈ ਈ ਡੀ ਅਤੇ ਏਅਰ ਪਿਸਤੌਲ ਬਰਾਮਦ ਕੀਤੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ 4.5 ਕਿਲੋ ਭੁੱਕੀ, 65 ਗ੍ਰਾਮ ਹੈਰੋਇਨ, 1521 ਗੋਲੀਆਂ, 76 ਟੀਕੇ, 5 ਗ੍ਰਾਮ ਪਾਊਡਰ, 12500 ਰੁਪਏ ਦੀ ਨਸ਼ੀਲੇ ਪਦਾਰਥ, 56000 ਐਮ ਐਲ ਨਜਾਇਜ਼ ਸ਼ਰਾਬ, 1,51,147,50 ਐਮ ਐਲ ਸ਼ਰਾਬ, 1790 ਲਿਟਰ ਲਾਹਣ ਤੇ 25.39 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਜਿਸ ਵਿੱਚੋਂ 23.39 ਲੱਖ ਦੀ ਨਕਦੀ ਵੈਰੀਫਾਈ ਕਰਨ ਤੋਂ ਬਾਅਦ ਛੱਡ ਦਿੱਤੀ ਗਈ ਜਦਕਿ ਬਾਕੀ 2 ਲੱਖ ਦੀ ਨਕਦੀ ਅਜੇ ਜਾਂਚ ਅਧੀਨ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਨੇ 299 ਵਿਅਕਤੀਆਂ ਨੂੰ ਬਾਊਂਡ ਕੀਤਾ ਹੈ ਅਤੇ ਅੱਠ ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਪਾਉਣ ਦੇ ਨਾਲ-ਨਾਲ ਨਸ਼ਿਆਂ, ਨਜਾਇਜ਼ ਸ਼ਰਾਬ, ਨਕਦੀ ਅਤੇ ਸਮੱਗਲਿੰਗ 'ਤੇ ਸਖ਼ਤ ਨਜ਼ਰ ਰੱਖਣ ਲਈ ਵਿਆਪਕ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ ਤੇ ਬਲਾਚੌਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਡਰ, ਭੈਅ ਜਾਂ ਲੋਭ, ਨਸ਼ਾ ਜਾਂ ਹੋਰ ਸ਼ਿਕਾਇਤ ਸਬੰਧੀ ਜ਼ਿਲ੍ਹਾ ਪੁਲਿਸ ਦੇ ਵਟਸਐਪ ਨੰ. 95646-95646 ਅਤੇ ਹੈਲਪ ਲਾਈਨ ਨੰਬਰ 01823-223524, 224524 'ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।