ਰੂਸ-ਯੂਕਰੇਨ ਯੁੱਧ ਐਤਵਾਰ ਸ਼ਾਮ ਤੱਕ ਐਸ ਬੀ ਐਸ ਨਗਰ ਪ੍ਰਸ਼ਾਸਨ ਦੀ ਹੈਲਪ ਲਾਈਨ 'ਤੇ ਕੁੱਲ 22 ਪਰਿਵਾਰਾਂ ਨੇ ਕੀਤਾ ਸੰਪਰਕ

 ਨਵਾਂਸ਼ਹਿਰ, 27 ਫ਼ਰਵਰੀ: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਯੂਕਰੇਨ ਵਿੱਚ ਫ਼ਸੇ ਜ਼ਿਲ੍ਹੇ ਨਾਲ ਸਬੰਧਤ ਭਾਰਤੀਆਂ ਦੀ ਸੂਚੀ ਲਈ ਸਥਾਪਿਤ ਹੈਲਪ ਲਾਈਨ 'ਤੇ ਐਤਵਾਰ ਸ਼ਾਮ ਤੱਕ ਸੰਪਰਕ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ 22 ਤੇ ਪੁੱਜ ਗਈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲ੍ਹ ਪੰਜਾਬ ਸਰਕਾਰ ਨੂੰ ਭੇਜੀ ਗਈ 10 ਵਿਅਕਤੀਆਂ ਦੀ ਸੂਚੀ ਬਾਅਦ ਅੱਜ 12 ਹੋਰ ਵਿਅਕਤੀਆਂ ਦੀ ਯੂਕਰੇਨ ਚ ਫ਼ਸੇ ਹੋਣ ਬਾਰੇ ਸੂਚੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈਆਂ ਦੋਵਾਂ ਹੈਲਪ ਲਾਈਨਾਂ 'ਤੇ, ਯੂਕਰੇਨ ਵਿੱਚ ਫ਼ਸੇ ਆਪਣੇ ਬੱਚਿਆਂ/ਪਰਿਵਾਰਿਕ ਮੈਂਬਰਾਂ ਦੀ ਸਲਾਮਤੀ ਨੂੰ ਲੈ ਕੇ ਚਿੰਤਤ ਮਾਪਿਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਨੂੰ ਨਾਲੋ ਨਾਲ ਰਾਜ ਦੇ ਗ੍ਰਹਿ ਵਿਭਾਗ ਨੂੰ ਭੇਜਿਆ ਜਾ ਰਿਹਾ ਹੈ। ਉਥੋਂ ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਭੇਜੀ ਜਾ ਰਹੀ ਜਾਣਕਾਰੀ ਵਿੱਚ ਸਬੰਧਤ ਵਿਅਕਤੀ ਦਾ ਨਾਮ, ਪਾਸਪੋਰਟ ਨੰਬਰ ਅਤੇ ਉਸ ਦੀ ਮੌਜੂਦਾ ਰਹਿਣ ਦੀ ਸਥਿਤੀ ਦਾ ਵੇਰਵਾ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ 22 ਵਿਅਕਤੀਆਂ ਦੀ ਇਸ ਸੂਚੀ ਵਿੱਚ 21 ਜ਼ਿਲ੍ਹੇ ਬਲ ਸਬੰਧਤ ਹਨ ਜਦਕਿ ਇੱਕ ਦਾ ਸਬੰਧ ਚੰਡੀਗੜ੍ਹ ਨਾਲ ਹੈ ਪ੍ਰੰਤੂ ਉਸਦੇ ਪਿਤਾ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਅਧਿਆਪਕ ਵਜੋਂ ਤਾਇਨਾਤ ਹਨ। ਡਿਪਟੀ ਕਮਿਸ਼ਨਰ ਅਨੁਸਾਰ ਹੁਣ ਤੱਕ ਸਰਕਾਰ ਨੂੰ ਭੇਜੀ ਗਈ ਸੂਚੀ ਵਿੱਚ 17 ਵਸਨੀਕ ਨਵਾਂਸ਼ਹਿਰ ਸਬ ਡਵੀਜ਼ਨ ਨਾਲ ਸਬੰਧਤ ਹਨ ਜਦਕਿ ਤਿੰਨ ਬਲਾਚੌਰ ਨਾਲ ਅਤੇ ਇੱਕ ਬੰਗਾ ਸਬ ਡਵੀਜ਼ਨ ਨਾਲ ਸਬੰਧਤ ਹੈ ਜਦਕਿ 22ਵੇਂ ਦਾ ਸਬੰਧ ਚੰਡੀਗੜ੍ਹ ਨਾਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਚਾਰ ਵਰਕ ਪਰਮਿਟ 'ਤੇ, ਤਿੰਨ ਵਿਜ਼ਿਟਰ ਵੀਜ਼ੇ 'ਤੇ ਅਤੇ ਬਾਕੀ ਸਟੱਡੀ ਵੀਜੇ 'ਤੇ ਉੱਥੇ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਯੂਕਰੇਨ 'ਚ ਫ਼ਸੇ ਜ਼ਿਲ੍ਹੇ ਦੇ ਇਨ੍ਹਾਂ ਵਸਨੀਕਾਂ ਦੀ ਸੁਰੱਖਿਆ ਪ੍ਰਤੀ ਚਿੰਤਤ ਹੈ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਸਰਕਾਰ ਦੇ ਸੰਪਰਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ, ਯੂਕਰੇਨ ਵਿੱਚ ਫ਼ਸੇ ਆਪਣੇ ਜੀਆਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਸ਼ਾਸਨ ਵੱਲੋਂ ਜਾਰੀ ਹੈਲਪ ਲਾਈਨ ਮੋਬਾਇਲ ਨੰ. 90417-62008 ਅਤੇ 84370-03918 'ਤੇ ਜਾਂ ਈ ਮੇਲ ਆਈ ਡੀ dc.nsr@punjab.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰਾਂ ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਹੈਲਪ ਲਾਈਨ ਦਾ ਨੰਬਰ 01823-223524 ਅਤੇ ਈ -ਮੇਲ ਆਈ ਡੀ dpo.nsr.police@punjab.gov.in ਹੈ।