ਅੰਮ੍ਰਿਤਸਰ, 13 ਫਰਵਰੀ :- ਅੰਮ੍ਰਿਤਸਰ ਜਿਲ੍ਹੇ ਵਿਚ ਚੋਣਾਂ ਲੜ ਰਹੇ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ਉਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਖਰਚੇ ਅਬਜ਼ਰਵਰ, ਜੋ ਕਿ ਸੀਨੀਅਰ ਆਈ. ਆਰ. ਐਸ. ਅਧਿਕਾਰੀ ਹਨ, ਨੇ ਅੱਜ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਵੱਲੋਂ ਹੁਣ ਤੱਕ ਵੋਟਾਂ ਲਈ ਕੀਤੇ ਗਏ ਖਰਚੇ ਦੀ ਜਾਂਚ-ਪੜਤਾਲ ਕੀਤੀ। ਅੰਮ੍ਰਿਤਸਰ ਦੱਖਣੀ ਦੇ ਖਰਚਾ ਅਬਜ਼ਰਵਰ ਸ੍ਰੀ ਅਰਵਿੰਦ ਸ਼ਰਮਾ ਨੇ ਆਪਣੇ ਹਲਕੇ ਦੇ ਉਮੀਦਵਾਰਾਂ ਵੱਲੋਂ ਕੀਤੇ ਚੋਣ ਖਰਚੇ ਦੀ ਪੜਤਾਲ ਕਰਦੇ ਉਨਾਂ ਦੇ ਖਰਚਾ ਰਜਿਸਟਰਰ ਦਾ ਮਿਲਾਨ ਆਪਣੀ ਟੀਮ ਵੱਲੋਂ ਤਿਆਰ ਕੀਤੇ ਗਏ ਸ਼ੈਡੋ ਖਰਚਾ ਰਜਿਸਟਰ ਨਾਲ ਕੀਤਾ ਅਤੇ ਉਨਾਂ ਵੱਲੋਂ ਤਿਆਰ ਕੀਤੇ ਗਏ ਰਜਿਸਟਰ ਨੂੰ ਠੀਕ ਢੰਗ ਨਾਲ ਲਿਖਣ ਦੀ ਹਦਾਇਤ ਕੀਤੀ। ਉਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਉਮੀਦਵਾਰ ਖਰਚਾ ਲੁਕਾਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਸਾਡੀਆਂ ਟੀਮਾਂ ਬਰਾਬਰ ਸਾਰੇ ਖਰਚੇ ਨੋਟ ਕਰ ਰਹੀਆਂ ਹਨ ਤੇ ਸਾਡੇ ਕੋਲ ਹਰੇਕ ਖਰਚੇ ਦਾ ਸਬੂਤ ਮੌਜੂਦ ਹੈ। ਉਨਾਂ ਦੱਸਿਆ ਕਿ ਤੁਹਾਡੇ ਵੱਲੋਂ ਕੀਤੇ ਜਾ ਰਹੇ ਖਰਚੇ ਤੋਂ ਇਲਾਵਾ ਚੋਣ ਜਾਬਤੇ ਦੌਰਾਨ ਤੁਹਾਡੇ ਵੱਲੋਂ ਕੀਤੀ ਗਈ ਉਲੰਘਣਾ ਨੂੰ ਹਟਾਉਣ ਉਤੇ ਜੋ ਵੀ ਖਰਚਾ ਆ ਰਿਹਾ ਹੈ ਅਸੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਖਰਚੇ ਨੂੰ ਵੀ ਤੁਹਾਡੇ ਚੋਣ ਖਰਚੇ ਵਿਚ ਸ਼ਾਮਿਲ ਕਰ ਰਹੇ ਹਾਂ, ਸੋ ਤੁਸੀਂ ਇਸ ਖਰਚੇ ਨੂੰ ਵੀ ਆਪਣਾ ਖਰਚਾ ਮੰਨ ਕੇ ਆਪਣੀ ਖਰਚਾ ਹੱਦ ਦਾ ਧਿਆਨ ਰੱਖੋ। ਇਸ ਮੌਕੇ ਰਿਟਰਨਿੰਗ ਅਧਿਕਾਰੀ ਸ. ਹਰਦੀਪ ਸਿੰਘ, ਸਹਾਇਕ ਖਰਚਾ ਅਬਜ਼ਰਵਰ ਸ੍ਰੀ ਲਲਿਤ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸੇ ਦੌਰਾਨ ਸ੍ਰੀ ਪ੍ਰਭਾਤ ਡੰਡੋਤੀਆ ਨੇ ਰਾਜਾਸਾਸੀਂ ਅਤੇ ਅੰਮ੍ਰਿਤਸਰ ਪੱਛਮੀ ਹਲਕੇ ਦੇ ਉਮੀਦਵਾਰਾਂ ਵੱਲੋਂ ਕੀਤੇ ਗਏ ਖਰਚੇ ਦੇ ਵਰਵੇ ਵੇਖੇ। ਉਨਾਂ ਉਮੀਦਵਾਰਾਂ ਨੂੰ ਸਪੱਸ਼ਟ ਕੀਤਾ ਕਿ ਤੁਹਾਡਾ ਖਰਚਾ ਬੈਂਕ ਖਾਤੇ ਵਿਚੋਂ ਹੋਣਾ ਚਾਹੀਦਾ ਹੈ ਅਤੇ ਹਰੇਕ ਖਰਚੇ ਦਾ ਰਿਕਾਰਡ ਰੱਖਣਾ ਤੁਹਾਡੀ ਜਿੰਮੇਵਾਰੀ ਹੈ। ਇਸ ਵਿਚ ਲਾਪਰਵਾਹੀ ਬਹੁਤ ਭਾਰੀ ਪੈ ਸਕਦੀ ਹੈ, ਸੋ ਪ੍ਰਚਾਰ ਦੇ ਨਾਲ-ਨਾਲ ਆਪਣੇ ਚੋਣ ਖਰਚੇ ਨੂੰ ਖਰਚਾ ਹੱਦ ਅਨੁਸਾਰ ਨਿਯਮਤ ਰੱਖਣਾ ਤੇ ਇਸਦਾ ਰਿਕਾਰਡ ਰੱਖਣਾ ਸਾਰੇ ਉਮੀਦਾਵਰਾਂ ਲਈ ਬਹੁਤ ਮਹੱਤਵਪੂਰਨ ਹੈ। ਸ੍ਰੀ ਰਾਜੇਸ਼ ਕੁਮਾਰ, ਜੋ ਕਿ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਖਰਚਾ ਅਬਜ਼ਰਵਰ ਨੇ ਆਪਣੇ ਹਲਕੇ ਦੇ ਉਮੀਦਾਵਰਾਂ ਨਾਲ ਖਰਚਾ ਜਾਂਚ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਤੁਹਾਡੇ ਵੱਲੋਂ ਖਰਚਾ ਰਜਿਸਟਰ ਦੇ ਸਫੇ, ਜੋ ਕਿ ਤਿੰਨ ਰੰਗਾਂ ਵਿਚ ਹਨ, ਅਨੁਸਾਰ ਖਰਚੇ ਦਾ ਹਿਸਾਬ ਰੱਖਿਆ ਜਾਣਾ ਹੈ। ਉਨਾਂ ਦੱਸਿਆ ਕਿ ਚਿੱਟੇ ਪੰਨਿਆਂ ਤੇ ਰੋਜ਼ਾਨਾ ਦੇ ਖਰਚੇ ਦੇ ਲਿਖੇ ਜਾਣ, ਜਦਕਿ ਗੁਲਾਬੀ (ਪਿੰਕ) ਰੰਗ ਦੇ ਪੰਨਿਆਂ ਉਤੇ ਕੇਵਲ ਨਗਦੀ ਦਾ ਹਿਸਾਬ ਰੱਖਿਆ ਜਾਵੇ। ਇਸ ਤੋਂ ਇਲਾਵਾ ਪੀਲੇ ਰੰਗ ਦੇ ਪੰਨਿਆਂ ਤੇ ਬੈਂਕ ਜ਼ਰੀਏ ਜਾਂ ਆਨ-ਲਾਈਨ ਕੀਤੇ ਗਏ ਖਰਚੇ ਦਾ ਹਿਸਾਬ ਰੱਖਿਆ ਜਾਣਾ ਹੈ ਅਤੇ ਤੁਸੀਂ ਸਾਰੇ ਇਸ ਅਨੁਸਾਰ ਹੀ ਆਪਣਾ ਖਰਚਾ ਨੋਟ ਕਰੋ, ਤਾਂ ਜੋ ਖਰਚ ਦੇ ਮਿਲਾਨ ਵਿਚ ਸਾਨੂੰ ਕੋਈ ਮੁਸ਼ਿਕਲ ਨਾ ਆਵੇ। ਉਨਾਂ ਨੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਖਰਚ ਦੇ ਹਿਸਾਬ ਵਿਚ ਕੋਈ ਗਲਤੀ ਜਾਂ ਚਲਾਕੀ ਨਾ ਕੀਤੀ ਜਾਵੇ, ਕਿਉਂਕ ਕਮਿਸ਼ਨ ਦੀਆਂ ਟੀਮਾਂ ਤੁਹਾਡੇ ਹਰ ਖਰਚੇ ਦਾ ਹਿਸਾਬ ਰੱਖ ਰਹੀਆਂ ਹਨ ਅਤੇ ਜੇਕਰ ਉਨਾਂ ਦੁਆਰਾ ਨੋਟ ਕੀਤਾ ਗਿਆ ਖਰਚਾ ਤੁਹਾਡੇ ਚੋਣ ਖਰਚੇ ਨਾਲ ਨਾ ਮਿਲਿਆ ਤਾਂ ਤੁਸੀਂ ਸੰਕਟ ਵਿਚ ਫਸ ਸਕਦੇ ਹੋ।