ਡਿਪਟੀ ਕਮਿਸ਼ਨਰ ਵੱਲੋਂ ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੀ ਅਪੀਲ

ਨਵਾਂਸ਼ਹਿਰ, 21 ਫ਼ਰਵਰੀ- : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਅੱਗੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਮਾਨਤਾ ਦੇ ਕੇ, ਦਫ਼ਤਰੀ ਕੰਮ ਪੰਜਾਬੀ 'ਚ ਕਰਨ ਦੀ ਦਿੱਤੀ ਹਦਾਇਤ ਦੀ ਜ਼ਿਲ੍ਹੇ ਵਿੱਚ ਹਰ ਪੱਧਰ 'ਤੇ ਪਾਲਣਾ ਕੀਤੀ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਕਰਮਚਾਰੀਆਂ ਨੂੰ ਪੰਜਾਬੀ 'ਚ ਕੰਮ ਕਰਨ ਦਾ ਪ੍ਰਣ ਦਿਵਾਉਂਦੇ ਹੋਏ, ਉਨ੍ਹਾਂ ਕਿਹਾ ਕਿ ਪੰਜਾਬ ਵਿਸ਼ਵ ਵਿੱਚ ਸਭਿਅਤਾ ਅਤੇ ਸੰਸਕਿ੍ਰਤੀ ਦਾ ਪੰਘੂੜਾ ਰਿਹਾ ਹੈ ਅਤੇ ਸਾਡੀ ਮਾਂ-ਬੋਲੀ ਪੰਜਾਬੀ ਵਿਸ਼ਵ ਦੀ ਅਮੀਰ ਅਤੇ ਮਿੱਠੀ ਬੋਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਵਿਸ਼ਵ ਪੱਧਰ 'ਤੇ ਜਿਊਂਦੀ ਰੱਖਣ ਅਤੇ ਇਸ ਦੇ ਪ੍ਰਚਾਰ ਅਤੇ ਪਸਾਰ ਲਈ ਭਰਪੂਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਵਿਦਵਾਨਾਂ ਅਤੇ ਅਕਾਦਮੀਸ਼ੀਅਨਾਂ ਨੂੰ ਮਾਂ-ਬੋਲੀ ਦੇ ਪ੍ਰਚਾਰ ਅਤੇ ਪਸਾਰ ਦੀ ਲਹਿਰ ਦੀ ਅਗਵਾਈ ਕਰਦੇ ਹੋਏ, ਨੌਜੁਆਨ ਪੀੜ੍ਹੀ ਨੂੰ ਇਸ ਪ੍ਰਤੀ ਹਾਂ-ਪੱਖੀ ਤੇ ਹਾਂਦਰੂ ਸੋਚ ਦੇ ਧਾਰਨੀ ਬਣਾਉਣ ਦਾ ਸੱਦਾ ਦਿੱਤਾ।  ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਇੰਜੀਨੀਅਰਿੰਗ ਤੇ ਐਮ ਬੀ ਏ ਕਰਨ ਦੇ ਬਾਵਜੂਦ, ਜੋ ਸੰਤੁਸ਼ਟੀ ਉਨ੍ਹਾਂ ਨੂੰ ਪੰਜਾਬੀ 'ਚ ਗੱਲ ਕਰਕੇ ਮਿਲਦੀ ਹੈ, ਉਸ ਵਰਗੀ ਕੋਈ ਮਿਸਾਲ ਨਹੀਂ। ਉਨ੍ਹਾਂ ਨੇ ਨੌਜੁਆਨ ਪੀੜ੍ਹੀ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਆਪਣੀ ਮਾਂ-ਬੋਲੀ ਨਾਲੋਂ ਅਲਹਿਦਗੀ ਸਾਡੀ ਅਮੀਰ ਵਿਰਾਸਤ ਅਤੇ ਸਭਿਆਚਾਰ ਲਈ ਵੱਡਾ ਖਤਰਾ ਬਣ ਸਕਦੀ ਹੈ, ਇਸ ਲਈ ਸਾਨੂੰ ਇਸ ਨੂੰ ਵੱਡੇ ਹਿਰਦੇ ਨਾਲ ਅਪਨਾਉਣਾ ਅਤੇ ਸਵੀਕਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਆਪਣੇ ਸਿਰੜੀ ਸੁਭਾਅ ਕਰਕੇ ਹੀ ਜਾਣੇ ਜਾਂਦੇ ਹਨ,ਇਸ ਲਈ ਸਾਨੂੰ ਆਪਣੇ ਸਭਿਆਚਾਰ ਅਤੇ ਮਾਤ ਭਾਸ਼ਾ ਪ੍ਰਤੀ ਵੀ ਸੁਹਿਰਦ ਹੋਣ ਦੀ ਲੋੜ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਦੀਪਾਂਕਰ ਗਰਗ, ਜ਼ਿਲ੍ਹਾ ਮਾਲ ਅਫ਼ਸਰ ਅਜੀਤ ਪਾਲ ਸਿੰਘ ਤੇ ਡੀ ਸੀ ਦਫ਼ਤਰ ਦੇ ਹੋਰ ਕਰਮਚਾਰੀ ਮੌਜੂਦ ਸਨ।