ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 14591 ਬੱਚਿਆਂ ਨੇ ਪੀਤੀਆਂ ਪੋਲੀਓ ਰੋਕੂ ਬੂੰਦਾਂ
- ਉੱਚ ਸਿਹਤ ਅਧਿਕਾਰੀਆਂ ਨੇ ਹਾਈ ਰਿਸਕ ਖੇਤਰਾਂ ਵਿਚ ਕੀਤੀ ਚੈਕਿੰਗ
ਨਵਾਂਸ਼ਹਿਰ, 28 ਫਰਵਰੀ 2022 : ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਚੱਲ ਰਹੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਉੱਚ ਸਿਹਤ ਅਧਿਕਾਰੀਆਂ ਨੇ ਝੁੱਗੀਆਂ-ਝੌਂਪੜੀਆਂ, ਇੱਟਾਂ ਦੇ ਭੱਠਿਆਂ ਅਤੇ ਨਿਰਮਾਣ ਸਥਾਨਾਂ ਸਮੇਤ ਵੱਖ-ਵੱਖ ਉੱਚ ਜ਼ੋਖਮ ਵਾਲੇ ਖੇਤਰਾਂ ਦੀ ਚੈਕਿੰਗ ਕੀਤੀ।
ਉੱਚ ਸਿਹਤ ਅਧਿਕਾਰੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ ਨੇ ਮੁਜ਼ੱਫਰਪੁਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਗੁਣਾਚੌਰ ਦੀਆਂ ਝੱਗੀਆਂ-ਝੌਂਪੜੀਆ ਅਤੇ ਨਿਰਮਾਣ ਅਧੀਨ ਖੇਤਰ ਵਿਚ ਜਾ ਕੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਪੋਲੀਓ ਰੋਕੂ ਬੂੰਦਾਂ ਪੀ ਚੁੱਕੇ ਬੱਚਿਆਂ ਦੀਆਂ ਉਂਗਲਾਂ ਉੱਤੇ ਸਿਆਹੀ ਦੇ ਨਿਸ਼ਾਨ ਚੈੱਕ ਕੀਤੇ। ਉਨ੍ਹਾਂ ਪਲਸ ਪੋਲੀਓ ਮੁੁਹਿੰਮ ਵਿਚ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਦੇ ਕੰਮ ਉੱਤੇ ਤਸੱਲੀ ਪ੍ਰਗਟ ਕੀਤੀ।
ਇਸੇ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਅੱਜ ਦੂਜੇ ਦਿਨ ਜ਼ਿਲ੍ਹੇ ਵਿੱਚ ਕੁੱਲ 14591 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 53,044 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿਚੋਂ ਹੁਣ ਤੱਕ 44067 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾ ਕੇ ਕਰੀਬ 83.07 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋ ਬੂੰਦਾਂ ਬੱਚਿਆਂ ਦੀ ਜ਼ਿੰਦਗੀ ਲਈ ਬੇਹੱਦ ਅਹਿਮ ਅਤੇ ਜ਼ਰੂਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਨੇ ਭਾਰਤ ਨੂੰ ਪੋਲੀਓ ਮੁਕਤ ਐਲਾਨਿਆ ਹੋਇਆ ਹੈ ਅਤੇ ਭਾਰਤ ਵਿੱਚ ਸਾਲ 2011 ਤੋਂ ਬਾਅਦ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਦੇਸ਼ ਦੇ ਪੋਲੀਓ ਮੁਕਤ ਰੁਤਬੇ ਨੂੰ ਬਰਕਰਾਰ ਰੱਖਣ ਲਈ ਜ਼ੀਰੋ ਤੋਂ ਪੰਜ ਸਾਲ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣੀਆਂ ਜ਼ਰੂਰੀ ਹਨ ਤਾਂ ਕਿ ਇਹ ਬਿਮਾਰੀ ਦੁਬਾਰਾ ਸਿਰ ਨਾ ਚੁੱਕ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੋਲੀਓ ਵੈਕਸੀਨ ਬੱਚੇ ਨੂੰ ਜੀਵਨ ਭਰ ਸੁਰੱਖਿਆ ਦਿੰਦੀ ਹੈ।