ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਬਾਰ ਰੂਮ ’ਚ ਖੂਨਦਾਨ ਕੈਂਪ

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕੀਤਾ ਉਦਘਾਟਨ
ਨਵਾਂਸ਼ਹਿਰ 22 ਫਰਵਰੀ :- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਰੈਡ ਕਰਾਸ ਸੁਸਾਇਟੀ, ਸਿਹਤ ਵਿਭਾਗ ਅਤੇ ਬੱਲਡ ਬੈਂਕ (ਬੀ. ਡੀ. ਸੀ.) ਨਵਾਂਸ਼ਹਿਰ ਦੇ ਸਹਿਯੋਗ ਨਾਲ ਸਵੈ-ਇੱਛੁਕ ਖੂਨਦਾਨ ਕੈਂਪ ਬਾਰ ਰੂਮ ਜ਼ਿਲ੍ਹਾ ਕੋਰਟ ਕੰਪਲੈਕਸ ਨਵਾਂਸ਼ਹਿਰ ਵਿਖੇ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਸ. ਕਵੰਲਜੀਤ ਸਿੰਘ ਬਾਜਵਾ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ। ਇਸ ਮੌਕੇ ਜੱਜ ਸਾਹਿਬਾਨ, ਵਕੀਲ ਸਾਹਿਬਾਨ ਅਤੇ ਕੋਰਟ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪੁਲਿਸ ਅਧਿਕਾਰਿਆਂ ਵਲੋਂ ਖੂਨਦਾਨ ਕੀਤਾ ਗਿਆ। ਸ. ਕਵੰਲਜੀਤ ਸਿੰਘ ਬਾਜਵਾ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਖੂਨਦਾਨ ਕਰਕੇ ਕਿੰਨੇ ਹੀ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ  ਕੀਤੀ ਕਿ ਜਿੱਥੇ ਵੀ ਖੂਨਦਾਨ ਕੈਂਪ ਲੱਗਦਾ ਹੈ, ਉਥੇ ਪੁੱਜ ਕੇ ਖੂਨਦਾਨ ਕਰਕੇ, ਸਮਾਜ ਅਤੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ, ਸੀ. ਜੇ. ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਣਧੀਰ ਵਰਮਾ ਅਤੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨ ਸ਼ਰਮਾ ਵੱਲੋਂ ਵੀ ਖੂਨਦਾਨ ਕੀਤਾ ਗਿਆ। ਇਨ੍ਹਾਂ ਵੱਲੋਂ ਅੱਜ ਪੰਜਵੀ ਵਾਰ ਖੂਨਦਾਨ ਕੀਤਾ ਗਿਆ ਅਤੇ ਇਸ ਖੂਨਦਾਨ ਕੈਂਪ ਦੌਰਾਨ ਕੁੱਲ 50 ਯੂਨਿਟ ਖੂਨਦਾਨ ਹੋਇਆ। ਇਸ ਮੌਕੇ ਜੁਡੀਸ਼ੀਅਲ ਅਧਿਕਾਰੀਆਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਨਵਾਂਸ਼ਹਿਰ ਦੇ ਸਕੱਤਰ ਐਡਵੋਕੇਟ ਸ਼੍ਰੀ ਐਸ. ਐਸ. ਝਿੱਕਾ ਅਤੇ ਬਲਾਚੌਰ ਤੋਂ ਪ੍ਰਧਾਨ ਐਡਵੋਕੇਟ ਨਵੀਨ ਭਾਟੀਆ ਅਤੇ ਹੋਰ ਵਕੀਲ ਸਾਹਿਬਾਨ ਹਾਜ਼ਰ ਸਨ।