ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ - ਡੀ ਸੀ ਵਿਸ਼ੇਸ਼ ਸਾਰੰਗਲ

ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿੱਚ 26 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 4,99,025 ਵੋਟਰ ਕਰਨਗੇ

ਪ੍ਰਸ਼ਾਸਨ ਵੱਲੋਂ 45 ਮਾਡਲ ਪੋਲਿੰਗ ਬੂਥ, ਸੱਤ ਪਿੰਕ (ਮਹਿਲਾਵਾਂ ਲਈ) ਬੂਥ ਅਤੇ ਇੱਕ ਬੂਥ ਦਿਵਿਆਂਗਾਂ ਲਈ ਵਿਸ਼ੇਸ਼ ਤੌਰ 'ਤੇ ਕਾਇਮ

ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੇ 77.40 ਪ੍ਰਤੀਸ਼ਤ ਮਤਦਾਨ ਦੇ ਪਿਛਲੇ ਰਿਕਾਰਡ ਨੂੰ ਤੋੜਨ ਦੀ ਅਪੀਲ ਕੀਤੀ

ਨਵਾਂਸ਼ਹਿਰ, 19 ਫਰਵਰੀ- 
ਜ਼ਿਲ੍ਹੇ ਦੇ 614 ਪੋਲਿੰਗ ਬੂਥਾਂ 'ਤੇ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣ ਵਾਲੀਆਂ ਵੋਟਾਂ ਦੌਰਾਨ 4.99 ਲੱਖ ਵੋਟਰ ਵਿਧਾਨ ਸਭਾ ਹਲਕਾ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਸਮੇਤ ਤਿੰਨ ਵਿਧਾਨ ਸਭਾ ਹਲਕਿਆਂ ਲਈ ਚੋਣ ਮੈਦਾਨ 'ਚ ਨਿੱਤਰੇ 26 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਜਿਨ੍ਹਾਂ ਨੇ ਸ਼ਨੀਵਾਰ ਨੂੰ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ, ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 4,99,025 ਵੋਟਰ ਹਨ ਜਿਨ੍ਹਾਂ ਵਿੱਚ ਬੰਗਾ ਵਿੱਚ 1,65,407, ਨਵਾਂਸ਼ਹਿਰ ਵਿੱਚ 1,77,400 ਅਤੇ ਬਲਾਚੌਰ ਵਿੱਚ 1,56,218 ਵੋਟਰ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ 2,58,186 ਪੁਰਸ਼ ਵੋਟਰ, 2,40,817 ਮਹਿਲਾ ਵੋਟਰ ਅਤੇ 22 ਤੀਜੇ ਲਿੰਗ ਦੇ ਵੋਟਰ ਆਪਣੀ ਵੋਟ ਪਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ, ਬੈਂਕਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਤੋਂ ਲਏ ਗਏ 3228 ਕਰਮਚਾਰੀਆਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਵਿਭਾਗ ਦੇ ਇੰਨੇ ਹੀ ਸਟਾਫ਼ ਸਮੇਤ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ 'ਤੇ 614 ਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਸਮੁੱਚੇ ਚੋਣ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਲੋਕ ਆਪਣੀ ਵੋਟ ਆਜ਼ਾਦਾਨਾ ਢੰਗ ਨਾਲ ਪਾ ਸਕਣ।
ਸ੍ਰੀ ਸਾਰੰਗਲ ਨੇ ਦੱਸਿਆ ਕਿ ਪੋਲਿੰਗ ਵਾਲੇ ਦਿਨ ਲਈ ਲਗਭਗ 41 ਮਾਈਕ੍ਰੋ ਅਬਜ਼ਰਵਰ ਅਤੇ 44 ਸੈਕਟਰ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ 'ਤੇ ਟੈਂਟ, ਕੁਰਸੀਆਂ, ਪੀਣ ਯੋਗ ਪਾਣੀ, ਵ੍ਹੀਲਚੇਅਰ, ਰੈਂਪ, ਸਮਾਜਿਕ ਦੂਰੀ ਦੇ ਚਿੰਨ੍ਹ, ਮਾਸਕ, ਦਸਤਾਨੇ ਆਦਿ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 45 ਮਾਡਲ ਪੋਲਿੰਗ ਬੂਥ, ਮਹਿਲਾਵਾਂ ਲਈ ਸੱਤ ਪਿੰਕ ਪੋਲਿੰਗ ਬੂਥ ਅਤੇ ਖਾਸ ਤੌਰ 'ਤੇ ਦਿਵਿਆਂਗ ਵੋਟਰਾਂ ਲਈ ਇੱਕ ਪੋਲਿੰਗ ਬੂਥ ਸਥਾਪਤ ਕੀਤਾ ਗਿਆ ਹੈ। ਸ੍ਰੀ ਸਾਰੰਗਲ ਨੇ ਵੋਟਰਾਂ ਨੂੰ ਐਤਵਾਰ ਨੂੰ ਵੋਟਾਂ ਪਾਉਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਕੇ ਵੋਟਾਂ ਦਾ ਨਵਾਂ ਕੀਰਤੀਮਾਨ ਕਾਇਮ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਦੱਸਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹੇ ਵਿੱਚ 77.40 ਫ਼ੀਸਦੀ ਵੋਟ ਪ੍ਰਤੀਸ਼ਤਤਾ ਦਰਜ ਕੀਤੀ ਗਈ ਸੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ 66.72 ਵੋਟ ਪ੍ਰਤੀਸ਼ਤਤਾ ਦਰਜ ਕੀਤੀ ਗਈ ਸੀ।  
ਜ਼ਿਲ੍ਹੇ ਵਿੱਚ ਤਾਇਨਾਤ ਜਨਰਲ ਅਬਜ਼ਰਵਰ ਅਮੋਦ ਕੁਮਾਰ ਅਤੇ ਪੁਲਿਸ ਅਬਜ਼ਰਵਰ ਅਮੋਦ ਕੁਮਾਰ ਵੀ ਇਸ ਮੌਕੇ ਮੌਜੂਦ ਸਨ।
 ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਚੋਣ ਬੂਥਾਂ ਲਈ ਰਵਾਨਾ ਹੋ ਰਹੀਆਂ ਵੱਖ-ਵੱਖ ਪੋਲਿੰਗ ਪਾਰਟੀਆਂ ਨਾਲ ਗੱਲਬਾਤ ਕਰਦੇ ਹੋਏ।