ਜ਼ਿਲ੍ਹਾ ਮੈਜਿਸਟ੍ਰੇਟ ਨੇ ਕੋਵਿਡ ਪਾਬੰਦੀਆਂ ਅਤੇ ਰਾਤ ਦੇ ਕਰਫਿਊ ਨੂੰ 8 ਫਰਵਰੀ ਤੱਕ ਵਧਾਇਆ

ਇਨਡੋਰ ਥਾਵਾਂ 'ਤੇ 500 ਤੇ ਆਊਟਡੋਰ ਥਾਵਾਂ 'ਤੇ 1000 ਤੱਕ ਹੀ ਕੀਤਾ ਜਾ ਸਕੇਗਾ ਇਕੱਠ
ਨਵਾਂਸ਼ਹਿਰ, 1 ਫਰਵਰੀ :-  ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਚੁਣੌਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਵਿਡ-19 ਨਾਲ ਸਬੰਧਤ ਪਾਬੰਦੀਆਂ 8 ਫਰਵਰੀ ਤੱਕ ਵਧਾ ਦਿੱਤੀਆਂ ਹਨ।  ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਮਾਸਕ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕੋਈ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ।  ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ 'ਤੇ ਪਾਬੰਦੀ ਰਹੇਗੀ।  ਹਾਲਾਂਕਿ, ਉਦਯੋਗਾਂ, ਦਫਤਰਾਂ (ਸਰਕਾਰੀ ਅਤੇ ਨਿੱਜੀ ਦੋਵੇਂ), ਵਿਅਕਤੀਆਂ ਅਤੇ ਮਾਲ ਦੀ ਆਵਾਜਾਈ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਈ ਸ਼ਿਫਟਾਂ ਦੇ ਸੰਚਾਲਨ ਅਤੇ ਬੱਸਾਂ, ਰੇਲਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਕਾਰਗੋ ਅਤੇ ਵਿਅਕਤੀਆਂ ਦੀ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਯਾਤਰਾ ਸਮੇਤ ਜ਼ਰੂਰੀ ਗਤੀਵਿਧੀਆਂ ਸ਼ਾਮਲ ਹਨ, ਦੀ ਇਜਾਜ਼ਤ ਹੋਵੇਗੀ।  ਇਸ ਤੋਂ ਇਲਾਵਾ ਫਾਰਮਾਸਿਊਟੀਕਲ ਦਵਾਈਆਂ ਦੇ ਨਿਰਮਾਣ ਨਾਲ ਸਬੰਧਤ ਕੱਚੇ ਮਾਲ, ਤਿਆਰ ਮਾਲ, ਕਰਮਚਾਰੀਆਂ ਦੀ ਆਵਾਜਾਈ, ਵੈਕਸੀਨ ਅਤੇ ਸਮੇਤ ਮੈਡੀਕਲ ਉਪਕਰਣਾਂ, ਡਾਇਗਨੌਸਟਿਕ ਟੈਸਟਿੰਗ ਕਿੱਟਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।
 ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਅੰਦਰੂਨੀ ਇਕੱਠ 500 ਵਿਅਕਤੀਆਂ ਅਤੇ ਬਾਹਰੀ ਇਕੱਠ 1000 ਵਿਅਕਤੀਆਂ ਦੀ  ਵਧੋ - ਵੱਧ ਤੱਕ ਸੀਮਤ ਹੋਵੇਗਾ।  ਇਹ ਸ਼ਰਤ ਸਬੰਧਤ ਸਥਾਨ ਦੀ ਸਮਰੱਥਾ ਦੇ 50% ਉਪਰਲੀ ਸੀਮਾ ਤਹਿਤ ਹੋਵੇਗਾ। ਇਨ੍ਹਾਂ ਇਕੱਠਾਂ ਦੀ ਇਜਾਜ਼ਤ ਸਿਰਫ਼ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਨਾਲ ਹੀ ਦਿੱਤੀ ਜਾਵੇਗੀ।  ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ।  ਹਾਲਾਂਕਿ, ਇਨ੍ਹਾਂ ਸੰਸਥਾਵਾਂ ਨੂੰ ਆਨਲਾਈਨ ਅਧਿਆਪਨ ਰਾਹੀਂ ਅਕਾਦਮਿਕ ਸਮਾਂ-ਸਾਰਣੀ ਬਣਾਈ ਰੱਖਣ ਲਈ ਕਿਹਾ ਗਿਆ ਹੈ। ਜਦਕਿ ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਚੱਲਦੇ ਰਹਿਣਗੇ।   ਉਨ੍ਹਾਂ ਕਿਹਾ ਕਿ ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਨੂੰ ਆਪਣੀ ਸਮਰੱਥਾ ਦੇ 50 ਪ੍ਰਤੀਸ਼ਤ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਦੇ ਅਧੀਨ ਸਾਰੇ ਸਟਾਫ ਮੈਂਬਰ ਪੂਰੀ ਤਰ੍ਹਾਂ ਟੀਕਾਕਰਨ ਹੋਣੇ ਯਕੀਨੀ ਹਨ।  ਏ ਸੀ ਬੱਸਾਂ ਨੂੰ ਸਮਰੱਥਾ ਦੇ 50 ਫੀਸਦੀ 'ਤੇ ਚੱਲਣ ਦੀ ਇਜਾਜ਼ਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਜ਼ਿਲ੍ਹੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹਨ, ਜਾਂ ਕੋਵਿਡ ਤੋਂ ਠੀਕ ਹੋਏ ਹਨ ਜਾਂ 72 ਘੰਟਿਆਂ ਤੋਂ ਘੱਟ ਸਮੇਂ ਦੀ ਨੈਗੇਟਿਵ ਆਰ ਟੀ ਪੀ ਸੀ ਆਰ ਰਿਪੋਰਟ ਵਾਲੇ ਹਨ। ਦਿਵਿਆਂਗ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਜਾਣ ਤੋਂ ਛੋਟ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਘਰ ਤੋਂ ਕੰਮ ਕਰਨਾ ਜ਼ਰੂਰੀ ਹੈ।