ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਮਹਿਲਾਵਾਂ ਲਈ ਸੱਤ ‘ਪਿੰਕ ਪੋਲਿੰਗ ਬੂਥ’ ਬਣਾਏ

ਦਿਵਿਆਂਗਾਂ ਲਈ ਇੱਕ ਤੇ 45 ਮਾਡਲ ਬੂਥ ਬਣਾਏ

ਪਿੰਕ ਪੋਲਿੰਗ ਬੂਥਾਂ 'ਤੇ ਪੂਰਾ ਸਟਾਫ ਮਹਿਲਾਵਾਂ ਦਾ ਹੋਵੇਗਾ

ਏ ਡੀ ਸੀ ਜਸਬੀਰ ਸਿੰਘ ਅਤੇ ਐਸ ਡੀ ਐਮ ਬਲਜਿੰਦਰ ਢਿੱਲੋਂ ਨੇ ਸਲੋਹ ਮਹਿਲਾ ਪੋਲਿੰਗ ਬੂਥ 'ਤੇ ਪਹੁੰਚ ਕੇ ਸਟਾਫ਼ ਨੂੰ ਮਠਿਆਈਆਂ ਵੰਡੀਆਂ

ਨਵਾਂਸ਼ਹਿਰ, 19 ਫਰਵਰੀ- ਸਮੁੱਚੇ ਚੋਣ ਅਮਲ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਮਹਿਲਾਵਾਂ ਨੂੰ ਸਮਰਪਿਤ ਸੱਤ 'ਪਿੰਕ ਪੋਲਿੰਗ ਬੂਥ' ਸਥਾਪਤ ਕੀਤੇ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਨ੍ਹਾਂ ਸੱਤ ਪੋਲਿੰਗ ਬੂਥਾਂ, ਜਿਨ੍ਹਾਂ ਵਿੱਚ ਬਲਾਚੌਰ ਦੇ ਤਿੰਨ ਅਤੇ ਬੰਗਾ ਅਤੇ ਨਵਾਂਸ਼ਹਿਰ ਦੇ ਦੋ-ਦੋ ਪੋਲਿੰਗ ਬੂਥ ਸ਼ਾਮਿਲ ਹਨ, ਦਾ ਪ੍ਰਬੰਧ ਐਤਵਾਰ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਸਿਰਫ਼ ਔਰਤਾਂ ਦੀਆਂ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਜਿਹੇ ਪੋਲਿੰਗ ਬੂਥਾਂ ਵਿੱਚ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਹੀ ਹੋਵੇਗਾ।

ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਨੂੰ ਇਸ ਦੇ ਗੁਲਾਬੀ ਡਿਜ਼ਾਈਨ ਨਾਲ ਵੱਖਰਾ ਕੀਤਾ ਗਿਆ ਹੈ, ਜਿਸ ਵਿੱਚ ਗੁਲਾਬੀ ਕੰਧਾਂ ਅਤੇ ਟੇਬਲ ਕਵਰ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਹ ਕਦਮ ਲਿੰਗਕ ਧਾਰਨਾਵਾਂ ਨੂੰ ਤੋੜਨ ਵਿੱਚ ਮਦਦ ਕਰੇਗਾ ਕਿ ਮਹਿਲਾ ਕਰਮਚਾਰੀ ਆਮ ਤੌਰ 'ਤੇ ਚੋਣ ਡਿਊਟੀਆਂ ਕਰਨ ਤੋਂ ਝਿਜਕਦੀਆਂ ਹਨ ਜਦੋਂ ਕਿ ਔਰਤਾਂ ਆਪਣੀ ਮਿਹਨਤ ਅਤੇ ਸਮਰਪਣ ਦੁਆਰਾ ਸਮਾਜ ਦੇ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਵੱਲ ਇੱਕ ਹੋਰ ਛਾਲ ਹੈ।

ਸ੍ਹ੍ਰੀ ਸਾਰੰਗਲ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ 20 ਫਰਵਰੀ ਨੂੰ ਮਤਦਾਨ ਵਾਲੇ ਦਿਨ ਵੋਟਰਾਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕਰਨ ਲਈ ਜ਼ਿਲ੍ਹੇ ਵਿੱਚ 45 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਹਲਕੇ ਦੇ ਹਰੇਕ ਤਿੰਨ ਵਿੱਚ 15 ਸ਼ਾਮਲ ਹਨ।

ਇਸੇ ਦੌਰਾਨ ਸ਼ਨੀਵਾਰ ਸ਼ਾਮ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਤੇ ਐਸ ਡੀ ਐਮ ਨਵਾਂਸ਼ਹਿਰ ਡਾ: ਬਲਜਿੰਦਰ ਸਿੰਘ ਢਿੱਲੋਂ, ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਾਪਿਤ ਮਹਿਲਾ ਪੋਲਿੰਗ ਬੂਥ 'ਤੇ ਪੁੱਜੇ ਅਤੇ ਪੋਲਿੰਗ ਪਾਰਟੀ ਦੇ ਮੈਂਬਰਾਂ ਦਾ ਸਵਾਗਤ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ, ਮਿਠਾਈ ਵੀ ਦਿੱਤੀ ਤਾਂ ਜੋ ਉਹ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਕੁਸ਼ਲਤਾ ਨਾਲ ਨਿਭਾ ਸਕਣ।  

ਫ਼ੋਟੋ ਕੈਪਸ਼ਨ: ਏ ਡੀ ਸੀ ਜਸਬੀਰ ਸਿੰਘ ਤੇ ਐਸ ਡੀ ਐਮ ਡਾ. ਬਲਜਿੰਦਰ ਸਿੰਘ ਢਿੱਲੋਂ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਹਿਲਾਵਾਂ ਲਈ ਸਥਾਪਿਤ ਬੂਥ ਦੇ ਸਟਾਫ਼ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ।