10 ਮਾਰਚ ਨੂੰ ਮਤਦਾਨ ਗਿਣਤੀ ਕੇਂਦਰਾਂ ’ਤੇ 300 ਦੇ ਕਰੀਬ ਕਰਮਚਾਰੀ ਤੇ ਅਧਿਕਾਰੀ ਕੀਤੇ ਜਾਣਗੇ ਤਾਇਨਾਤ


ਗਿਣਤੀ ਕੇਂਦਰਾਂ 'ਚ ਮੋਬਾਇਲ ਲਿਜਾਣ 'ਤੇ ਰਹੇਗੀ ਪਾਬੰਦੀ

ਏ ਡੀ ਸੀ ਜਸਬੀਰ ਸਿੰਘ ਵੱਲੋਂ ਤਿੰਨਾਂ ਹਲਕਿਆਂ ਦੇ ਐਸ ਡੀ ਐਮਜ਼ ਨਾਲ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਸਬੰਧੀ ਮੀਟਿੰਗ

ਨਵਾਂਸ਼ਹਿਰ, 28 ਫ਼ਰਵਰੀ- ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ 'ਚ 20 ਫ਼ਰਵਰੀ ਨੂੰ ਹੋਏ ਮਤਦਾਨ ਤੋਂ ਬਾਅਦ ਆਉਂਦੀ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਕਾਰਜ ਨੂੰ ਨਿਰਵਿਘਨ ਰੂਪ 'ਚ ਨੇਪਰੇ ਚਾੜ੍ਹਨ ਲਈ 300 ਦੇ ਕਰੀਬ ਕਰਮਚਾਰੀ/ਅਧਿਕਾਰੀ ਤਾਇਨਾਤ ਕੀਤੇ ਜਾਣਗੇ।
ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਲਈ ਅੱਜ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇਨ੍ਹਾਂ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨਾਲ ਰੱਖੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਬੰਗਾ ਹਲਕੇ ਦੀ ਗਿਣਤੀ ਗੁਰੂ ਨਾਨਕ ਕਾਲਜ ਫ਼ਾਰ ਵਿਮੈਨ ਬੰਗਾ, ਨਵਾਂਸ਼ਹਿਰ ਹਲਕੇ ਦੀ ਗਿਣਤੀ ਦੋਆਬਾ ਗਰੁੱਪ ਆਫ਼ ਕਾਲਜਿਜ਼, ਛੋਕਰਾਂ, ਰਾਹੋਂ, ਬਲਾਚੌਰ ਹਲਕੇ ਦੀ ਗਿਣਤੀ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਂਟ ਕਾਲਜ, ਬਲਾਚੌਰ ਵਿਖੇ ਸਬੰਧਤ ਹਲਕੇ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਦੀ ਹਾਜ਼ਰੀ ਵਿੱਚ ਹੋਵੇਗੀ।  
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰਾਂ 'ਤੇ ਉਮੀਦਵਾਰ ਜਾਂ ਉਸ ਦੇ ਪ੍ਰਤੀਨਿਧ ਜਾਂ ਗਿਣਤੀ ਏਜੰਦਟ ਸਮੇਤ ਕਿਸੇ ਨੂੰ ਵੀ ਮੋਬਾਇਲ ਲਿਜਾਣ ਦੀ ਆਗਿਆ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ 'ਤੇ ਦੋ-ਦੋ ਹਾਲ ਬਣਾਏ ਜਾਣਗੇ, ਜਿੱਥੇ 7-7 ਗਿਣਤੀ ਮੇਜ਼ ਲਾਏ ਜਾਣਗੇ। ਇਨ੍ਹਾਂ ਗਿਣਤੀ ਕੇਂਦਰਾਂ 'ਤੇ ਇੱਕ-ਇੱਕ ਗਣਨਾ ਸਹਾਇਕ, ਇੱਕ-ਇੱਕ ਗਣਨਾ ਸੁਪਰਵਾਈਜ਼ਰ ਅਤੇ ਇੱਕ-ਇੱਕ ਮਾਈਕ੍ਰੋ ਅਬਜ਼ਰਵਰ ਤੋਂ ਇਲਾਵਾ ਇੱਕ-ਇੱਕ ਅਟੈਂਡੇਂਟ ਈ ਵੀ ਐਮਜ਼ ਲਿਆਉਣ ਲਈ ਤਾਇਨਾਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਰਾਊਂਡ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੇ ਦੌਰ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਹਰੇਕ ਰਾਊਂਡ ਦੀ ਜਾਣਕਾਰੀ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਨਾਲੋ-ਨਾਲ ਅਪਲੋਡ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਗਿਣਤੀ ਕੇਂਦਰਾਂ 'ਤੇ ਲਾਏ ਜਾਣ ਵਾਲੇ ਸਟਾਫ਼ ਦੀ ਰੈਂਡੇਮਾਈਜ਼ੇਸ਼ਨ ਕਰਨ ਉਪਰੰਤ ਇਨ੍ਹਾਂ ਦੀ ਸਿਖਲਾਈ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੂੰ ਆਪੋ-ਆਪਣੇ ਗਿਣਤੀ ਮੇਜ਼ ਦਾ ਨੰਬਰ 10 ਮਾਰਚ ਦੀ ਸਵੇਰ ਨੂੰ ਸਬੰਧਤ ਗਿਣਤੀ ਕੇਂਦਰ 'ਤੇ ਹੀ ਦੱਸਿਆ ਜਾਵੇਗਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ, ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਨਵਨੀਤ ਕੌਰ ਬੱਲ ਬੰਗਾ, ਡਾ. ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ ਅਤੇ ਦੀਪਕ ਰੋਹੇਲਾ ਬਲਾਚੌਰ ਮੌਜੂਦ ਸਨ।