ਪਾਵਰ ਪਲਾਂਟ ਦੇ ਘਿਰਾਓ ਲਈ ਗੁੱਜਰ ਪੁਰ ਕਲੋਨੀ ਵਾਸੀ ਹੋਏ ਪੱਬਾਂ ਭਾਰ

ਨਵਾਂਸ਼ਹਿਰ 21 ਜਨਵਰੀ :  ਪ੍ਰਦੂਸ਼ਣ ਵਿਰੁੱਧ ਨਵਾਂਸ਼ਹਿਰ ਵਾਸੀਆਂ ਵੱਲੋਂ 24 ਜਨਵਰੀ ਦੇ ਕੋਜੇਨਰੇਸ਼ਨ ਪਲਾਂਟ ਦੇ ਕੀਤੇ ਜਾ ਰਹੇ ਘਿਰਾਓ ਨੂੰ ਸਫਲ ਬਣਾਉਣ ਲਈ ਖੰਡ ਮਿੱਲ ਦੇ ਨਾਲ ਲੱਗਦੀ ਗੁੱਜਰ ਪੁਰ ਕਲੋਨੀ ਵਾਸੀ ਪੱਬਾਂ ਭਾਰ ਹੋਏ ਪਏ ਹਨ ।ਇਸਦੇ ਲਈ ਗੁਰਦੁਆਰਾ ਸਾਹਿਬ ਵਿਖੇ ਕਲੋਨੀ ਵਾਸੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਵਿੱਚ ਪਲਾਂਟ ਦੀ ਸੁਆਹ ਪ੍ਰਤੀ ਭਾਰੀ ਗੁੱਸਾ ਪਾਇਆ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਮੰਚ ਦੇ ਕਨਵੀਨਰ ਜਸਬੀਰ ਦੀਪ, ਕੁਲਵਿੰਦਰ ਸਿੰਘ ਵੜੈਚ ਅਤੇ ਜਰਨੈਲ ਸਿੰਘ ਖਾਲਸਾ ਨੇ ਕਿਹਾ ਕਿ ਪਾਵਰ ਪਲਾਂਟ ਦੀ ਸ਼ਹਿਰ ਉੱਤੇ ਡਿੱਗ ਰਹੀ  ਜਹਿਰੀਲੀ ਸੁਆਹ ਨੂੰ ਬੰਦ ਕਰਵਾਉਣ ਲਈ ਸਾਰਾ ਸ਼ਹਿਰ ਅਤੇ ਨਾਲ ਲੱਗਦੇ ਪ੍ਰਭਾਵਿਤ ਪਿੰਡਾ ਦੇ ਲੋਕ ਇਕ ਮੱਤ ਹਨ ਜੋ ਵੱਡੀ ਗਿਣਤੀ ਵਿੱਚ ਪਾਵਰ ਪਲਾਂਟ ਦੇ ਘਿਰਾਓ ਵਿੱਚ ਸ਼ਾਮਲ ਹੋਣਗੇ।ਉਹਨਾਂ ਕਲੋਨੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ।ਕਲੋਨੀ ਵਾਸੀਆਂ ਨੇ ਘਿਰਾਓ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਪ੍ਰਿਤਪਾਲ ਸਿੰਘ ਗ੍ਰੰਥੀ ਸਿੰਘ, ਬਲਜਿੰਦਰ ਸਿੰਘ, ਮਲਕੀਤ ਸਿੰਘ ਥਾਣੇਦਾਰ ਅਤੇ ਲਛਮਣ ਸਿੰਘ ਕਲੋਨੀ ਵਾਸੀਆਂ ਨੇ ਵੀ ਵਿਚਾਰ ਪੇਸ਼ ਕੀਤੇ।
ਕੈਪਸ਼ਨ : ਲੋਕ ਸੰਘਰਸ਼ ਮੰਚ ਦੇ ਆਗੂਆਂ ਨਾਲ ਗੁੱਜਰ ਪੁਰ ਕਲੋਨੀ ਵਾਸੀ।