ਬੰਗਾ ਸ਼ਹਿਰ ਤੋਂ ਰਾਤ ਸਮੇਂ ਔਰਤ ਪਾਸੋਂ ਪਿਸਤੌੌਲ ਦੀ ਨੋਕ ਤੇ ਕਾਰ ਖੋਹਣ ਵਾਲੇ 03 ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਕੀਤਾ ਕਾਬੂ

ਦੋੋਸ਼ੀਆਂ ਪਾਸੋ ਵਾਰਦਾਤ ਵਿੱਚ ਵਰਤਿਆ ਪਿਸਤੌਲ, 02 ਜਿੰਦਾ ਰੋਦ, ਮੋਟਰਸਾਈਕਲ ਅਤੇ ਖੋਹ ਕੀਤੀ ਕਾਰ ਕੀਤੀ ਬ੍ਰਾਮਦ
ਨਵਾਂਸ਼ਹਿਰ/ਬੰਗਾ 9 ਜਨਵਰੀ (ਏ- ਆਰ. ਆਰ. ਐਸ. ਸੰਧੂ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਕੌਸਤੁਭ ਸ਼ਰਮਾ ਅਤੇ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਣਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਬੀਤੀ 7 ਜਨਵਰੀ ਨੂੰ ਰਾਤ ਸਮੇਂ ਇੱਕ ਔਰਤ ਪਾਸੋਂ ਫਗਵਾੜਾ-ਰੋਪੜ ਨੈਸ਼ਨਲ ਹਾਈਵੇ 'ਤੇ ਬੰਗਾ ਸ਼ਹਿਰ ਲਾਗੇੋਂ ਪਿਸਤੌਲ ਦੀ ਨੋਕ 'ਤੇ ਕਾਰ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੁੂ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ।
             ਐਸ ਐਸ ਪੀ  ਭਾਗੀਰਥ ਸਿੰਘ ਮੀਣਾ  ਨੇ ਅੱਜ ਇੱਕ ਪ੍ਰੈਸ ਕਾਨਫਰੰਸ   ਵਿੱਚ ਦੱਸਿਆ ਕਿ ਮਿਤੀ 07-01-2023 ਨੂੰ ਥਾਣਾ ਸਿਟੀ ਬੰਗਾ ਪੁਲਿਸ ਨੂੰ ਅਮਿ੍ਰਤ ਕੌਰ ਦੀਪ ਵਾਸੀ ਪੂੰਨੀਆ ਨੇ  ਸੂਚਨਾ ਦਿੱਤੀ ਕਿ ਜਦੋਂ ਉਹ ਰਾਤ ਵਕਤ 09:20 ਵਜੇ, ਆਪਣੀ ਤਿੰਨ ਸਾਲ ਦੀ ਲੜਕੀ ਨਾਲ ਆਪਣੀ ਕਾਰ ਨੰਬਰ ਪੀ ਬੀ 32 ਐਸ-1185 ਮਾਰਕਾ ਸੇਲੈਰੀਓ 'ਤੇ ਬੰਗਾ ਸ਼ਹਿਰ ਵਿਖੇ (ਫਗਵਾੜਾ ਤੋਂ ਰੋਪੜ ਨੈਸ਼ਨਲ ਹਾਈਵੇ) 'ਤੇ ਮੌਜੂਦ ਸੀ ਤਾਂ ਸੜ੍ਹਕ ਤੋਂ ਪਾਰ ਸਥਿਤ ਇੱਕ ਢਾਬੇ ਤੋਂ ਤਿੰਨ ਲੜਕੇ ਬਾਹਰ ਆਏ, ਜਿਨ੍ਹਾਂ ਵਿੱਚੋਂ ਇੱਕ ਲੜਕਾ ਮੋਟਰਸਾਈਕਲ ਕੋਲ ਰੁੱਕ ਗਿਆ ਤੇ ਦੋ ਲੜਕਿਆਂ ਨੇ  ਸੜ੍ਹਕ ਪਾਰ ਕਰਕੇ ਉਸ ਪਾਸ ਆ ਕੇ, ਉਸਨੂੰ ਪਿਸਤੌਲ ਨਾਲ ਡਰਾ-ਧਮਕਾ ਕੇ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ, ਜਿਸ 'ਤੇ ਉਹ ਆਪਣੀ ਲੜਕੀ  ਸਮੇਤ ਕਾਰ 'ਚੋਂ ਬਾਹਰ ਆ ਗਈ, ਜਿਸ ਉਪਰੰਤ ਇਹ ਦੋਵੇਂ ਦੋਸ਼ੀ ਉਸਦੀ ਕਾਰ ਖੋਹ ਕੇ ਨਵਾਂਸ਼ਹਿਰ ਵੱਲ ਭੱਜ ਗਏ ਤੇ ਮੋਟਰਸਾਈਕਲ ਵਾਲਾ ਲੜਕਾ ਬੰਗਾ ਵੱਲ ਨੂੰ ਚਲਾ ਗਿਆ। ਉਕਤ ਮਹਿਲਾ ਦੀ ਸ਼ਿਕਾਇਤ 'ਤੇ ਨਾ-ਮਲੂਮ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 02 ਮਿਤੀ 08-01-2023 ਅ/ਧ 379-ਬੀ ਭ:ਦ: ਤਹਿਤ ਥਾਣਾ ਸਿਟੀ ਬੰਗਾ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।  
            ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਕਪਤਾਨ ਪੁਲਿਸ (ਜਾਂਚ) ਡਾ. ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਜਾਂਚ) ਹਰਸ਼ਪ੍ਰੀਤ ਸਿੰਘ ਅਤੇ ਉਪ ਕਪਤਾਨ ਪੁਲਿਸ ਬੰਗਾ ਸਰਵਨ ਸਿੰਘ  ਅਤੇ ਇੰਚਾਰਜ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਦੀ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਸਦੇ ਨਤੀਜੇ ਵਜੋਂ ਇੰਚਾਰਜ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਭੱਦੀ-ਨੂਰਪੁਰ ਰੋਡ 'ਤੇ ਇਸ ਵਾਰਦਾਤ ਦੇ 03 ਦੋਸ਼ੀਆਂ ਦਿਲਪ੍ਰੀਤ ਸਿੰਘ (ਉਮਰ 21 ਸਾਲ) ਪੁੱਤਰ ਬਲਜੀਤ ਸਿੰਘ ਵਾਸੀ ਕਾਜ਼ਮਪੁਰ ਥਾਣਾ ਰਾਹੋਂ, ਕਮਲਦੀਪ ਸਿੰਘ (ਉਮਰ 22 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਫਤਿਹ ਨਗਰ ਹਾਲ ਵਾਸੀ ਨੇੜੇ ਲਾਲ ਢਾਬਾ ਮਹਾਲੋਂ ਥਾਣਾ ਸਿਟੀ ਨਵਾਂਸ਼ਹਿਰ ਅਤੇ ਜਸਕਰਨ ਸਿੰਘ (ਉਮਰ 21 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਚਾਹੜਮਜਾਰਾ ਥਾਣਾ ਰਾਹੋਂ ਨੂੰ ਖੋਹ ਕੀਤੀ ਕਾਰ ਸੇਲੈਰੀਓ ਜਿਸ 'ਤੇ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਅਲੀ ਨੰਬਰ ਪੀ ਬੀ 39 ਜੇ-9982 ਲਗਾਇਆ ਸੀ ਅਤੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ 32 ਬੋਰ, 02 ਜਿੰਦਾ ਰੋਂਦ, ਵਾਰਦਾਤ 'ਚ ਵਰਤਿਆ ਮੋਟਰਸਾਈਕਲ ਨੰਬਰ ਪੀ ਬੀ 32 ਈ-8601 ਮਾਰਕਾ ਸਪਲੈਂਡਰ ਸਮੇਤ ਗਿ੍ਰਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਉਪਰੰਤ ਪਹਿਲਾਂ ਦਰਜ ਮੁਕੱਦਮੇ ਵਿੱਚ ਵਾਧਾ ਜੁਰਮ 392,120-ਬੀ ਭ:ਦ: ਅਤੇ 25 ਅਸਲਾ ਐਕਟ ਦਾ ਕੀਤਾ ਗਿਆ।
           ਐਸ ਐਸ ਪੀ ਅਨੁਸਾਰ ਦੋਸ਼ੀ ਦਿਲਪ੍ਰੀਤ ਸਿੰਘ ਉਕਤ ਦੀ ਮੁੱਢਲੀ ਪੁੱਛਗਿੱਛ ਤੋਂ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਵੱਲੋਂ ਇੱਕ ਹੋਰ ਦੋਸ਼ੀ ਸਤਨਾਮ ਸਿੰਘ ਉਰਫ ਸੁੱਖਾ ਪੁੱਤਰ ਲੈਂਬਰ ਸਿੰਘ ਵਾਸੀ ਵਾਰਡ ਨੰਬਰ 12, ਬੀਰਮਪੁਰ ਰੋਡ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ ਵੀ 01 ਪਿਸਤੌਲ 32 ਬੌਰ, 02 ਜਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ, ਜਦੋਂ ਇਹ ਦੋਸ਼ੀ ਆਪਣੇ ਬਿਨਾਂ ਨੰਬਰੀ ਮੋਟਰਸਾਈਕਲ ਬੁਲੇਟ 'ਤੇ ਸਵਾਰ ਹੋ ਕੇ ਬੰਗਾ ਸਾਈਡ ਤੋਂ ਨਵਾਂਸ਼ਹਿਰ ਨੂੰ ਆ ਰਿਹਾ ਸੀ, ਜਿਸ 'ਤੇ ਇਸ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 05 ਮਿਤੀ 09-01-2023 ਅ/ਧ 25 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ 'ਤੇ ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਦੇ ਖਿਲਾਫ਼ ਪਹਿਲਾਂ ਵੀ ਪੰਜ ਪਰਚੇ ਦਰਜ ਹਨ।  ਇਨ੍ਹਾਂ 'ਚ ਮੁਕੱਦਮਾ ਨੰਬਰ 03 ਮਿਤੀ 06-01-2022 ਅ/ਧ 379-ਬੀ ਭ:ਦ: ਥਾਣਾ ਸਿਟੀ ਨਵਾਂਸ਼ਹਿਰ, ਮੁਕੱਦਮਾ ਨੰਬਰ 62 ਮਿਤੀ 22-04-2022 ਅ/ਧ 223,224 ਭ:ਦ: ਥਾਣਾ ਸਿਟੀ ਨਵਾਂਸ਼ਹਿਰ, ਮੁਕੱਦਮਾ ਨੰਬਰ 02 ਮਿਤੀ 02-01-2022 ਅ/ਧ 379-ਬੀ ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਮੁਕੱਦਮਾ ਨੰਬਰ 03 ਮਿਤੀ 02-01-2022 ਅ/ਧ 307,379-ਬੀ ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਮੁਕੱਦਮਾ ਨੰਬਰ 05 ਮਿਤੀ 10-01-2022 ਅ/ਧ 399,402,379-ਬੀ,482,411 ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ ਹੈ। ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਖਿਲਾਫ਼ ਨਵਾਂਸ਼ਹਿਰ ਵਿਖੇ ਪੇਸ਼ੀ ਦੌਰਾਨ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਣ ਦਾ ਪਰਚਾ ਵੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਕਾਰ ਨੂੰ ਜਾਅਲੀ ਨੰਬਰ ਪਲੇਟ ਲਾਉਣ ਵਾਲੇ ਦੀ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਫ਼ੋਟੋ ਕੈਪਸ਼ਨ: ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਬੰਗਾ 'ਚੋਂ ਮਹਿਲਾ ਪਾਸੋਂ ਕਾਰ ਖੋਹਣ 'ਚ ਸ਼ਾਮਿਲ ਮੁਲਜ਼ਮਾਂ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ, ਨਾਲ ਹਨ ਐਸ ਪੀ ਡਾ. ਮੁਕੇਸ਼, ਡੀ ਐਸ ਪੀ ਹਰਸ਼ਪ੍ਰੀਤ ਸਿੰਘ ਤੇ ਡੀ ਐਸ ਪੀ ਸਰਵਣ ਸਿੰਘ ਬੱਲ