ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਨਾਲ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਸਬੰਧੀ ਮਹੀਨਾਵਾਰ ਸਮੀਖਿਆ ਮੀਟਿੰਗ ਆਯੋਜਿਤ

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ 'ਚ ਨਸ਼ਾ ਰੋਕੂ ਮੁਹਿੰਮ 'ਤੇ
ਸਖਤੀ ਨਾਲ ਪਹਿਰਾ ਦੇਣ ਦੇ ਆਦੇਸ਼
ਨਵਾਂਸ਼ਹਿਰ, 19 ਜਨਵਰੀ : ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ. ਨਵਜੋਤ ਪਾਲ ਸਿੰਘ
ਰੰਧਾਵਾ ਜੀ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਆਯੋਜਿਤ ਹੋਈ, ਜਿਸ ਵਿਚ
ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਤੇ ਗਤੀਵਿਧੀਆਂ 'ਤੇ ਗੰਭੀਰਤਾ ਨਾਲ
ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਨਵਜੋਤ ਪਾਲ ਸਿੰਘ ਰੰਧਾਵਾ
ਨੇ ਸਿਹਤ ਵਿਭਾਗ ਦੇ ਡਰੱਗ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਡਰੱਗ
ਕੰਟੋਰਲ ਪ੍ਰੋਗਰਾਮ ਅਧੀਨ ਕੈਮਿਸਟ ਸਟੋਰਾਂ ਦੀ ਨਿਰੰਤਰ ਜਾਂਚ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹੇ ਵਿਚ ਪਿਛਲੇ ਇਕ ਸਾਲ
ਤੋਂ ਹੁਣ ਤੱਕ 39 ਕੈਮਿਸਟਾਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਹਨ। ਸੂਬੇ ਵਿੱਚ ਨਸ਼ੇ
ਦੀਆਂ ਗੋਲੀਆਂ ਦੀ ਵਿਕਰੀ 'ਤੇ ਨਕੇਲ ਕੱਸਣ ਲਈ ਜ਼ਿਲ੍ਹੇ ਦੇ ਕੈਮਿਸਟ ਸਟੋਰਾਂ ਦੀ
ਇੰਸਪੈਕਸ਼ਨ ਹੋਰ ਸਖਤ ਕੀਤੀ ਜਾਵੇ। ਜ਼ਿਲ੍ਹੇ ਦੇ ਜਿਨ੍ਹਾਂ ਕੈਮਿਸਟਾਂ ਦੇ ਲਾਇਸੰਸ
ਸਸਪੈਂਡ ਕੀਤੇ ਗਏ ਹਨ, ਉਨ੍ਹਾਂ ਕੈਮਿਸਟਾਂ ਦੇ ਸਟੋਰਾਂ ਦੀ ਤਿੱਖੀ ਨਿਗਰਾਨੀ ਕੀਤੀ
ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ
ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਪ੍ਰਸੂਤਾ ਦੌਰਾਨ ਇੱਕ ਜੱਚਾ ਦੀ ਮੌਤ ਦੇ ਕੇਸ
ਵਿਚ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਜੇਕਰ ਸਿਹਤ ਵਿਭਾਗ ਨੂੰ ਮਾਤਰੀ ਮੌਤਾਂ ਦੀ
ਰੋਕਥਾਮ ਵਿਚ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਤਾਂ ਉਸ ਸਬੰਧੀ ਜਾਣੂ
ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਮਾਤਰੀ ਮੌਤ ਨੂੰ ਕਿਸੇ ਵੀ ਕੀਮਤ 'ਤੇ
ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਸ ਵਿਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਕੋਈ
ਅਣਗਹਿਲੀ ਪਾਈ ਗਈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ
ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗਰਭਵਤੀ ਔਰਤਾਂ ਦੀ ਸਮੇਂ ਸਿਰ ਰਜਿਸ਼ਟ੍ਰੇਸ਼ਨ ਯਕੀਨੀ
ਬਣਾਈ ਜਾਵੇ ਤਾਂ ਜੋ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੰਸਥਾਗਤ ਜਣੇਪਿਆਂ ਨੂੰ ਹੁਲਾਰਾ
ਮਿਲਦਾ ਰਹੇ। ਉਨ੍ਹਾਂ ਕਿਹਾ ਕਿ ਹਰ ਇੱਕ ਉੱਚ ਜੋਖਿਮ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ
ਰੱਖ ਕੇ ਉਸਦਾ ਸੁਰੱਖਿਅਤ ਜਣੇਪਾ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ
ਸਰਕਾਰੀ ਹਸਪਤਾਲਾਂ ਵਿਚ ਜਣੇਪੇ ਦੀ ਦਰ ਨੂੰ ਹੋਰ ਵਧਾਉਣ ਲਈ ਲੋਕਾਂ ਨੂੰ ਸਰਕਾਰੀ
ਹਸਪਤਾਲਾਂ ਵਿਚ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ
ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਫੂਡ ਸੇਫਟੀ ਵਿੰਗ ਦੇ
ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਫੂਡ ਸੇਫਟੀ ਐਕਟ ਨੂੰ ਜ਼ਿਲ੍ਹੇ ਵਿੱਚ
ਪੂਰਨ ਤੌਰ 'ਤੇ ਲਾਗੂ ਕੀਤਾ ਜਾਵੇ। ਜਿੱਥੇ ਕਿਤੇ ਕੋਈ ਮਿਲਾਵਟ ਦਾ ਸ਼ੱਕ ਹੋਵੇ ਤਾਂ ਉਸ
ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣ ਅਤੇ ਮਿਲਾਵਟ ਖੋਰਾਂ ਖਿਲਾਫ ਸਖਤ ਕਾਰਵਾਈ ਅਮਲ
ਵਿਚ ਲਿਆਂਦੀ ਜਾਵੇ। ਜ਼ਿਲ੍ਹੇ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ ਤੇ ਸ਼ੁੱਧਤਾ ਨੂੰ
ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਯਕੀਨੀ ਬਣਾਈਆਂ ਜਾਣ।
ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ
ਇਕ ਈਟ ਰਾਈਟ ਕੈਂਪਸ, ਕਲੀਨ ਸਟਰੀਟ ਫੂਡ ਹੱਬ ਤੇ ਕਲੀਨ ਫਰੂਟ ਐਂਡ ਵੈਜੀਟੇਬਲ ਮਾਰਕਿਟ
ਬਣਾਏ ਜਾ ਰਹੇ ਹਨ। ਇਨ੍ਹਾਂ ਸਥਾਨਾਂ 'ਤੇ ਐਫ.ਐਸ.ਐਸ.ਏ.ਆਈ. ਨਿਯਮਾਂ ਦਾ ਪੂਰਾ ਪਾਲਣ
ਹੋਵੇਗਾ ਅਤੇ ਫੂਡ ਸੇਫਟੀ ਦੇ ਸਾਰੇ ਪੈਮਾਨੇ ਪੂਰੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ
ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਨੂੰ ਹੋਰ ਪ੍ਰਭਾਵਸ਼ਾਲੀ ਢੰਗ
ਨਾਲ ਲਾਗੂ ਕੀਤਾ ਜਾਵੇ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਅਤੇ ਆਂਗਣਵਾੜੀਆਂ ਵਿਚ
ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬਿਮਾਰ ਬੱਚਿਆਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ
ਸਿਹਤ ਟੀਮਾਂ ਮਿੱਥੇ ਸਮੇਂ 'ਚ ਚੈਕ ਅਪ ਤੇ ਇਲਾਜ ਯਕੀਨੀ ਬਣਾਉਣ। ਯੂਨੀਵਰਸਲ ਟੀਕਾਕਰਨ
ਪ੍ਰੋਗਰਾਮ ਅਧੀਨ ਬੱਚਿਆਂ ਦੇ ਟੀਕਾਕਰਨ ਸਬੰਧੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਿਚ ਬੱਚਿਆਂ
ਦੇ ਟੀਕਾਕਰਨ ਦੀ ਮੌਜੂਦਾ ਸਥਿਤੀ ਬਿਹਤਰ ਹੈ ਪਰ ਫਿਰ ਵੀ ਉੱਚ ਜ਼ੋਖਮ ਵਾਲੇ ਇਲਾਕਿਆਂ
ਵਿਚ ਟੀਕਾਕਰਨ ਦੀ ਦਰ 'ਤੇ ਨਜ਼ਰ ਰੱਖੀ ਜਾਵੇ। ਉੁਨ੍ਹਾਂ ਦੱਸਿਆ ਕਿ ਰਾਸ਼ਟਰੀ ਤੰਬਾਕੂ
ਕੰਟਰੋਲ ਪ੍ਰੋਗਰਾਮ ਅਧੀਨ ਮਹੀਨਾ ਦਸੰਬਰ ਦੌਰਾਨ ਜ਼ਿਲ੍ਹੇ ਵਿਚ ਕੋਟਪਾ ਐਕਟ ਦੀ ਉਲੰਘਣਾ
ਕਰਨ ਵਾਲਿਆਂ ਦੇ 116 ਚਲਾਨ ਕੀਤੇ ਗਏ, ਜਿਨ੍ਹਾਂ ਵਿਚ ਸਿਹਤ ਵਿਭਾਗ ਦੀ ਕਾਰਗੁਜ਼ਾਰੀ
ਬਿਹਤਰ ਰਹੀ। ਉਨ੍ਹਾਂ ਕਿਹਾ ਕਿ ਕੋਟਪਾ ਐਕਟ ਨੂੰ ਜ਼ਿਲ੍ਹੇ ਵਿਚ ਹੋਰ ਸਖਤੀ ਨਾਲ ਲਾਗੂ
ਕੀਤਾ ਜਾਵੇ। ਮਿਊਂਸਪਲ ਕਮੇਟੀ ਨਵਾਂਸ਼ਹਿਰ, ਬੰਗਾ, ਬਲਾਚੌਰ ਤੇ ਰਾਹੋਂ ਵੱਲੋਂ ਵੀ
ਕੋਟਪਾ ਐਕਟ ਤਹਿਤ ਗਤੀਵਿਧੀਆਂ ਕਰਨੀਆਂ ਯਕੀਨੀ ਬਣਾਈਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਡਾ. ਜਸਦੇਵ
ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.
ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ
ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸ਼ਿਆਮਾਵੇਦਾ ਦੇਵੀ,
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਰਵਿੰਦਰ ਸਿੰਘ, ਡਾ. ਗੁਰਿੰਦਰਜੀਤ
ਸਿੰਘ, ਡਾ. ਕੁਲਵਿੰਦਰ ਮਾਨ, ਡਾ. ਮਨਦੀਪ ਕਮਲ, ਡਾ. ਪ੍ਰਤਿਭਾ ਵਰਮਾ, ਡਾ. ਬਲਬੀਰ
ਸਿੰਘ, ਡਾ. ਨਿਰਮਲ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਫੂਡ ਸੇਫ਼ਟੀ ਅਫ਼ਸਰ
ਸੰਗੀਤਾ ਸਹਿਦੇਵ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ
ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।