ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਰਵਾਏ ਜਾਂਦੇ ਕੋਰਸਾਂ ਦੀ ਜਾਗਰੂਕਤਾ ਲਈ ਮੁਹਿੰਮ ਦੀ ਸ਼ੁਰੂਆਤ

ਨਵਾਂਸ਼ਹਿਰ, 18 ਜਨਵਰੀ - ਪੰਜਾਬ ਸਰਕਾਰ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ
'ਮੇਰਾ ਹੁਨਰ ਮੇਰੀ ਸ਼ਾਨ' ਬਾਰੇ ਆਮ ਲੋਕਾਂ ਤੇ ਲਾਭਪਾਤਰੀਆਂ ਨੂੰ ਜਾਣੂ ਕਰਵਾਉਣ ਲਈ
ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੱਲੋਂ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ
ਕਾਰੋਬਾਰ ਬਿਊਰੋ ਵਿਖੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਇਸ ਮੌਕੇ
ਸਵੈ-ਸੇਵੀ ਗਰੁੱਪਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਕੋਰਸ ਸਰਕਾਰ
ਅਤੇ ਰਾਸ਼ਟਰੀ ਹੁਨਰ ਯੋਗਤਾ ਫ਼ਰੇਮਵਰਕ ਵੱਲੋਂ ਪ੍ਰਮਾਣਿਤ ਹੋਣ ਕਾਰਨ ਇਨ੍ਹਾਂ ਦੇ ਮੁਕੰਮਲ
ਹੋਣ 'ਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀਆਂ ਹਨ। ਇਨ੍ਹਾਂ ਕੋਰਸਾਂ 'ਚ ਮੁਫ਼ਤ
ਕੰਪਿਊਟਰ, ਡਿਜੀਟਲ ਸਾਖਰਤਾ ਤੇ ਸਾਫ਼ਟ ਸਕਿੱਲ ਸਿਖਲਾਈ ਦੇ ਨਾਲ ਡੋਮੇਨ ਹੁਨਰ ਵੀ
ਪ੍ਰਦਾਨ ਕੀਤਾ ਜਾਂਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਮਹਿਲਾਵਾਂ ਅਤ ਲੜਕੀਆਂ ਲਈ
ਇਨ੍ਹਾਂ ਕੋਰਸਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਸ ਨਾਲ ਉਹ ਸਵੈ-ਰੋਜ਼ਗਾਰ ਦੇ ਕਾਬਿਲ
ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਨਰ ਵਿਕਾਸ ਤਹਿਤ ਪ੍ਰਧਾਨ ਮੰਤਰੀ
ਕੌਸ਼ਲ ਵਿਕਾਸ ਯੋਜਨਾ ਤਹਿਤ 15 ਤੋਂ 45 ਸਾਲ ਉਮਰ ਵਰਗ ਦੇ ਸਕੂਲ, ਕਾਲਜ ਛੱਡ ਚੁੱਕੇ
ਜਾਂ ਬੇਰੋਜ਼ਗਾਰਾਂ ਲਈ ਕੋਰਸ ਕਰਵਾਏ ਜਾਣ ਤੋਂ ਇਲਾਵਾ ਦੀਨ ਦਿਆਲ ਉਪਾਧਿਆਇ ਗ੍ਰਾਮੀਣ
ਕੌਸ਼ਲ ਯੋਜਨਾ ਤਹਿਤ 18 ਤੋਂ 35 ਸਾਲ ਉਮਰ ਵਰਗ ਦੇ ਪੇਂਡੂ ਨੌਜੁਆਨ, ਜਿਨ੍ਹਾਂ ਦੀ
ਸਲਾਨਾ ਘਰੇਲੂ ਆਮਦਨ 3 ਲੱਖ ਤੋਂ ਘੱਟ ਹੈ, ਦੇ ਹੁਨਰ ਵਿਕਾਸ ਕੋਰਸ ਸ਼ਾਮਿਲ ਹਨ। ਇਸ ਤੋਂ
ਇਲਾਵਾ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਤਹਿਤ ਹਾਲ ਹੀ ਵਿੱਚ ਸ਼ੁਰੂ ਹੋਣ ਵਾਲੇ 180
ਸਿਖਿਆਰਥੀਆਂ ਦੇ ਅਗਲੇ ਬੈਚ ਲਈ ਜ਼ਿਲ੍ਹੇ 'ਚੋਂ ਚਾਹਵਾਨ ਉਮੀਦਵਾਰਾਂ/ਲਾਭਪਾਤਰੀਆਂ ਨੂੰ
'ਸ਼ਾਰਟਲਿਸਟ' ਕਰਨ ਦੀ ਮੁਹਿੰਮ ਚੱਲ ਰਹੀ ਹੈ। ਇਸ ਤਹਿਤ ਕੰਪਿਊਟਰ ਨੈਟਵਰਕਿੰਗ ਤੇ
ਸਟੋਰੇਜ ਕੋਰਸ ਕਰਵਾਇਆ ਜਾਣਾ ਹੈ, ਜਿਸ ਲਈ 18 ਤੋਂ 35 ਸਾਲ ਉਮਰ ਦੇ ਸ਼ਹਿਰੀ ਨੌਜੁਆਨ
ਜਿਨ੍ਹਾਂ ਦੀ ਘਰੇਲੂ ਆਮਦਨ 3 ਲੱਖ ਰੁਪਏ ਸਲਾਨਾ ਤੋਂ ਘੱਟ ਹੋਵੇ, ਯੋਗ ਹਨ। ਉਨ੍ਹਾਂ
ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਰਵਾਏ ਜਾਂਦੇ ਕੋਰਸਾਂ ਲਈ ਮੁਫ਼ਤ ਵਰਦੀ,
ਕਿਤਾਬਾਂ ਅਤੇ ਟ੍ਰੇਨਿੰਗ ਸਮੱਗਰੀ ਮੁਹੱਈਆ ਕਰਵਾਉਣ ਤੋਂ ਇਲਾਵਾ ਕੋਰਸ ਦੀ ਸੰਪੂਰਨਤਾ
ਉਪਰੰਤ ਸਫ਼ਲ ਪ੍ਰਾਰਥੀਆਂ ਦੀ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਇਸ ਮੌਕੇ ਦੱਸਿਆ ਕਿ
ਅੱਜ ਬੁਲਾਏ ਗਏ ਵੱਖ-ਵੱਖ ਸਵੈ-ਸੇਵੀ ਗਰੁੱਪਾਂ ਨੂੰ ਬੈਂਕਾਂ ਪਾਸੋਂ ਫੰਡਿੰਗ ਕਰਵਾਏ
ਜਾਣ ਤੋਂ ਇਲਾਵਾ ਇੰਟਰਲੋਨਿੰਗ ਲਈ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਵੈ-ਸੇਵੀ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਨੂੰ
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ-ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰਕੇ ਆਪਣੇ
ਹੁਨਰ ਨੂੰ ਨਿਖਾਰਨ ਤੇ ਆਪਣੀ ਯੋਗਤਾ 'ਚ ਵਾਧਾ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਕਿਹਾ
ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨਵਾਂਸ਼ਹਿਰ 'ਚ ਤੀਸਰੀ ਮੰਜ਼ਿਲ
'ਤੇ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ
ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਸੰਜੀਵ ਕੁਮਾਰ ਤੋਂ
ਇਲਾਵਾ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਸਥਾਨਕ ਇਕਾਈ ਦਾ ਸਮੂਹ ਸਟਾਫ਼ ਤੇ ਜ਼ਿਲ੍ਹਾ
ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਸਟਾਫ਼ ਵੀ ਮੌਜੂਦ ਸੀ।