ਪਾਵਰ ਪਲਾਂਟ ਦੀ ਕਾਲਖ ਦੇ ਵਿਰੋਧ ਵਿੱਚ ਨਵਾਂਸ਼ਹਿਰ ਰਿਹਾ ਦੋ ਘੰਟੇ ਲਈ ਬੰਦ

ਮੁਜਾਹਰਾ ਕਰਕੇ ਦਿੱਤਾ ਪ੍ਰਸ਼ਾਸਨ ਨੂੰ ਮੰਗ ਪੱਤਰ
ਨਵਾਂਸ਼ਹਿਰ 9 ਜਨਵਰੀ : ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿੱਚ ਚੱਲ ਰਹੇ ਕੋ-ਜਨਰੇਸ਼ਨ ਪਲਾਂਟ ਵਿੱਚੋਂ ਨਿਕਲਕੇ ਸ਼ਹਿਰ ਉੱਤੇ ਡਿੱਗ ਰਹੀ ਕਾਲਖ ਨੂੰ ਬੰਦ ਕਰਨ ਦੀ ਮੰਗ ਨੂੰ ਲੈਕੇ ਲੋਕ ਸੰਘਰਸ਼ ਮੰਚ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੇ ਦੋ ਘੰਟੇ ਬਾਜਾਰ ਬੰਦ ਕਰਕੇ ਡੀ.ਸੀ ਦਫਤਰ ਤੱਕ ਮੁਜਾਹਰਾ ਕਰਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਇਹ ਮੁਜਾਹਰਾ ਅੰਦਰਲੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ। ਡੀ.ਸੀ ਦਫਤਰ ਅੱਗੇ ਸ਼ਹਿਰ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਮੰਚ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਕਿ ਕੋ-ਜਨਰੇਸ਼ਨ ਪਲਾਂਟ ਦੇ ਪ੍ਰਬੰਧਕਾਂ ਦੇ ਕਾਲਖ ਬੰਦ ਹੋਣ ਦੇ ਸਾਰੇ ਦਾਅਵੇ ਝੂਠੇ ਸਾਬਿਤ ਹੋਏ ਹਨ। ਕਾਲਖ ਦਾ ਸ਼ਹਿਰ ਵਾਸੀਆਂ ਉੱਤੇ ਲਗਾਤਾਰ ਡਿੱਗਣਾ ਜਾਰੀ ਹੈ।ਜਿਲਾ ਪ੍ਰਸ਼ਾਸਨ ਨੇ ਵੀ ਇਸ ਸਮੱਸਿਆ ਦਾ ਹੱਲ ਛੇਤੀ ਛੇਤੀ ਕਰ ਲੈਣ ਦਾ ਭਰੋਸਾ ਦਿੱਤਾ ਪਰ ਇਹ ਹੱਲ ਨਹੀਂ ਹੋਈ।ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਨਵਾਂਸ਼ਹਿਰ ਦਾ ਦੌਰਾ ਕੀਤਾ ਪਰ ਪ੍ਰਦੂਸ਼ਣ ਸਬੰਧੀ ਉਹਨਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ।ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਮਾਮਲੇ ਵਿੱਚ ਕਰ ਕੀ ਰਹੇ ਹਨ ,ਸ਼ਹਿਰ ਵਾਸੀ ਇਹ ਜਾਨਣਾ ਚਾਹੁੰਦੇ ਹਨ।
    ਇਸ ਕਾਲਖ ਨਾਲ ਸਾਹ ਦੀਆਂ ਬਿਮਾਰੀਆਂ ਦੇ ਨਾਲ ਹੋਰ ਬਿਮਾਰੀਆਂ ਪੈਦਾ ਹੋ ਰਹੀਆਂ ਹਨ,ਅੱਖਾਂ ਦੇ ਨੁਕਸਾਨ ਹੋ ਰਹੇ ਹਨ, ਸੜਕ ਹਾਦਸਿਆਂ ਦਾ ਡਰ ਬਣਿਆਂ ਰਹਿੰਦਾ ਹੈ।ਧੋਤੇ ਕੱਪੜੇ ਬਾਹਰ ਸੁਕਣੇ ਨਹੀਂ ਪਾਏ ਜਾ ਸਕਦੇ, ਬਾਹਰ ਬੈਠਕੇ ਖਾਣਾ ਨਹੀਂ ਖਾਧਾ ਜਾ ਸਕਦਾ।ਔਰਤਾਂ ਨੂੰ ਵਾਰ ਵਾਰ ਘਰਾਂ ਦੀ ਸਫਾਈ ਕਰਨੀ ਪੈਂਦੀ ਹੈ।  ਸ਼ਹਿਰ ਵਾਸੀ ਇਸ ਸਮੱਸਿਆ ਦਾ ਛੇਤੀਂ ਅਤੇ ਸਥਾਈ ਹੱਲ ਚਾਹੁੰਦੇ ਹਨ। ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਬਖਸ਼ੀ, ਵਪਾਰ ਮੰਡਲ ਦੇ ਜਿਲਾ ਪ੍ਰਧਾਨ ਗੁਰਚਰਨ ਅਰੋੜਾ, ਵਿਵੇਕ ਮਾਰਕੰਡਾ, ਪ੍ਰਦੀਪ ਕੁਮਾਰ ਚਾਂਦਲਾਂ, ਸਤੀਸ਼ ਕੁਮਾਰ, ਅਸ਼ਵਨੀ ਜੋਸ਼ੀ, ਜਸਵੀਰ ਕੌਰ ਐਮ.ਸੀ, ਚੇਤ ਰਾਮ ਰਤਨ ਐਮ.ਸੀ, ਪ੍ਰਵੀਨ ਭਾਟੀਆ ਐਮ.ਸੀ, ਡਾ. ਕਮਲਜੀਤ ਐਮ.ਸੀ, ਸੁਤੰਤਰ ਕੁਮਾਰ, ਕੁਲਦੀਪ ਸਿੰਘ ਸੁੱਜੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਾਲਖ ਦਾ ਛੇਤੀਂ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਇਸ ਇਕੱਠ ਨੂੰ ਸੁਰਿੰਦਰ ਸਿੰਘ ਬੈਂਸ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਹਰਬੰਸ ਕੌਰ, ਸੋਹਣ ਸਿੰਘ ਸਲੇਮਪੁਰੀ, ਸਿਮਰਨ ਕੌਰ ਸਿੰਮੀ, ਪੀ. ਐਸ .ਯੂ ਦੇ ਆਗੂ ਬਲਜੀਤ ਧਰਮਕੋਟ ਨੇ ਵੀ ਸੰਬੋਧਨ ਕੀਤਾ। ਇਸ ਮੁਜਾਹਰੇ ਵਿਚ ਨਿਹੰਗ ਸਿੰਘ ਜਥੇਦਾਰ ਨਾਰੰਗ ਸਿੰਘ ਗੁਰਦੁਆਰਾ ਮੰਜੀ ਸਾਹਿਬ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਪ੍ਰੋਫੈਸਰ ਦਿਲਬਾਗ ਸਿੰਘ, ਸੇਵਾ ਮੁਕਤ ਡੀ.ਈ.ਓ ਦੀਨੇਸ਼ ਕੁਮਾਰ ਕਰੀਹਾ, ਡਾਕਟਰ ਗੁਰਮਿੰਦਰ ਸਿੰਘ, ਰੁਪਿੰਦਰ ਕੌਰ ਦੁਰਗਾ ਪੁਰ, ਪ੍ਰੋਫੈਸਰ ਗੁਰਬਖਸ਼ ਕੌਰ ਵੜੈਚ, ਮਜਿੰਦਰ ਕੌਰ,ਵਿੱਕੀ ਗਿੱਲ, ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਰਾਮ,ਹਰੀ ਲਾਲ ਅਤੇ ਕਿਰਨਜੀਤ ਆਗੂ ਵੀ ਮੌਜੂਦ ਸਨ।