ਕੁਦਰਤੀ ਆਫ਼ਤਾ ਨਾਲ ਨਜਿੱਠਣ ਲਈ ਜ਼ਿਲ੍ਹੇ ’ਚ 200 ‘ਆਪਦਾ ਮਿੱਤਰ’ ਸਿਖਿਅਤ ਕੀਤੇ ਜਾਣਗੇ

ਏ ਡੀ ਸੀ ਰਾਜੀਵ ਵਰਮਾ ਵੱਲੋਂ ਵਾਲੰਟੀਅਰਾਂ ਦੀ ਚੋਣ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ
ਨਵਾਂਸ਼ਹਿਰ, 4 ਜਨਵਰੀ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਗਸੀਪਾ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੀ ਤਿਆਰੀ ਵਜੋਂ 200 'ਆਪਦਾ ਮਿੱਤਰਾਂ' ਨੂੰ ਸਿਖਿਅਤ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਜ਼ਿਲ੍ਹੇ 'ਚੋਂ ਇਨ੍ਹਾਂ ਵਾਲੰਟੀਅਰਾਂ ਦੀ ਚੋਣ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਲੰਟੀਅਰਾਂ 'ਚੋਂ ਇੱਕ ਚੌਥਾਈ ਹਿੱਸਾ ਮਹਿਲਾਵਾਂ ਦਾ ਹੋਵੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ 18 ਤੋਂ 50 ਸਾਲ ਦੇ ਐਨ ਸੀ ਸੀ/ਐਨ ਐਸ ਐਸ ਵਾਲੰਟੀਅਰਾਂ, ਯੂਥ ਕਲੱਬਾਂ ਦੇ ਮੈਂਬਰਾਂ, ਐਨ ਜੀ ਓਜ਼, ਸਾਬਕਾ ਸੈਨਿਕਾਂ ਨੂੰ ਇਸ ਮੰਤਵ ਲਈ ਸਵੈ-ਇੱਛਾ ਨਾਲ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਲੰਟੀਅਰਾਂ ਨੂੰ 16 ਜਨਵਰੀ ਤੋਂ ਦੋ ਹਫ਼ਤੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੋਵੇਗੀ, ਜਿਸ 'ਚ ਮਾਹਿਰਾਂ ਵੱਲੋਂ ਕੁਦਰਤੀ ਆਫ਼ਤਾਂ ਦੀ ਹਾਲਤ 'ਚ ਲੋਕਾਂ ਅਤੇ ਪਸ਼ੂਆਂ ਨੂੰ ਬਚਾਉਣ, ਸੁਰੱਖਿਅਤ ਥਾਂਵਾਂ 'ਤੇ ਪਹੁੰਚਾਉਣ 'ਚ ਪ੍ਰਸ਼ਾਸਨ ਦੀ ਮੱਦਦ ਕਰਨ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਸਵੇਰ ਤੇ ਦੁਪਹਿਰ ਦੇ ਖਾਣੇ ਤੋਂ ਇਲਾਵਾ ਸ਼ਾਮ ਦੀ ਚਾਹ ਵੀ ਭਾਗੀਦਾਰਾਂ ਨੂੰ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਸਮਾਜ ਸੇਵਾ ਦੇ ਚਾਹਵਾਨਾਂ ਨੂੰ ਆਪਦਾ ਮਿੱਤਰ ਵਜੋਂ ਆਪਣੇ ਨਾਮ ਨੇੜਲੇ ਐਸ ਡੀ ਐਮ ਦਫ਼ਤਰ ਜਾਂ ਤਹਿੀਲਦਾਰ ਦਫ਼ਤਰ ਵਿਖੇ ਦਰਜ ਕਰਵਾਉਣ ਲਈ ਕਿਹਾ। ਮੀਟਿੰਗ 'ਚ ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ, ਤਹਿਸੀਲਦਾਰ, ਜ਼ਿਲ੍ਹਾ ਫ਼ਾਇਰ ਅਫ਼ਸਰ, ਪਿ੍ਰੰਸੀਪਲ ਆਈ ਟੀ ਆਈ ਨਵਾਂਸ਼ਹਿਰ, ਬੀ ਡੀ ਪੀ ਓਜ਼, ਕਾਰਜ ਸਾਧਕ ਅਫ਼ਸਰ ਨਗਰ ਕੌਂਸਲਾਂ ਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ, ਨਹਿਰੂ ਯੁਵਾ ਕੇਂਦਰ ਮੌਜੂਦ ਸਨ।