ਸਹਿਕਾਰੀ ਖੰਡ ਮਿੱਲ ’ਚ ਲੱਗੇ ਕੋ-ਜੈਨਰੇਸ਼ਨ ਪਲਾਂਟ ਤੋਂ ਰਾਖ ਦੀ ਸਮੱਸਿਆ

ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਕੀਮਤ 'ਤੇ ਨਹੀਂ ਚਲਾਉਣ ਦਿੱਤਾ ਜਾਵੇਗਾ ਪਲਾਂਟ:- ਡੀ ਸੀ ਰੰਧਾਵਾ
ਨਵਾਂਸ਼ਹਿਰ, 11 ਜਨਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਹਿਕਾਰੀ ਖੰਡ ਮਿੱਲ 'ਚ ਚੱਲ ਰਹੇ ਕੋ-ਜੈਨਰੇਸ਼ਨ ਪਲਾਂਟ ਦੇ ਡਾਇਰੈਕਟਰ ਵਾਈ ਐਸ ਬੈਂਸ ਨੂੰ ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਰਾਖ ਦੀ ਸਮੱਸਿਆ ਦਾ ਜਲਦ ਹੱਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਪਲਾਂਟ ਪ੍ਰਬੰਧਕ ਤੈਅ ਸਮੇਂ 'ਚ ਹੱਲ ਕਰਨ 'ਚ ਸਫ਼ਲ ਨਹੀਂ ਹੁੰਦੇ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਪਵੇਗੀ। ਬੁੱਧਵਾਰ ਨੂੰ ਸ਼ਹਿਰ ਵਾਸੀਆਂ ਦੀ ਮੌਜੂਦਗੀ 'ਚ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਮਿੱਲ ਪ੍ਰਬੰਧਕ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਸਿਹਤ ਵਿਭਾਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੋਕਾਂ ਲਈ ਇਸ ਤਰ੍ਹਾਂ ਦੇ ਪ੍ਰਦੂਸ਼ਿਤ ਮਾਹੌਲ 'ਚ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ, ਜਿਸ ਨੂੰ ਕੇਵਲ ਲਾਰਿਆਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਲਾਂਟ ਪ੍ਰਬੰਧਕ ਜਿਸ ਵੀ ਮਸ਼ੀਨਰੀ ਦੀ ਲੋੜ ਹੈ, ਉਸ ਨੂੰ ਤੁਰੰਤ ਤਿਆਰ ਕਰਵਾਉਣ ਅਤੇ ਜਿਸ ਦਿਨ ਉਸ ਨੂੰ ਪਲਾਂਟ 'ਚ ਲਗਾਉਣਾ ਹੈ, ਉਸ ਬਾਰੇ ਅਗਾਊਂ ਰੂਪ 'ਚ ਇਤਲਾਹ ਦੇਣ ਤਾਂ ਜੋ ਗੰਨਾ ਉਤਪਾਦਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਪਲਾਂਟ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਈ ਐਸ ਪੀ  (ਏ ਪੀ ਸੀ ਡੀ) ਨੂੰ ਤਿਆਰ ਕਰਵਾਉਣ ਅਤੇ ਮੰਗਵਾਉਣ ਦਾ ਪੁਣੇ ਦੀ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ ਅਤੇ ਇਸ ਦੇ ਨਵਾਂਸ਼ਹਿਰ 'ਚ ਆਉਂਦੇ ਹੀ, ਇਸ ਨੂੰ ਪਲਾਂਟ 'ਚ ਸਥਾਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਲਾਂਟ ਪ੍ਰਬੰਧਨ ਵੱਲੋਂ ਇਸ ਪ੍ਰਦੂਸ਼ਣ ਰੋਕੂ ਯੰਤਰ ਬਾਰੇ ਪੰਜਾਬ 'ਚ ਸਥਾਪਿਤ ਹੋ ਰਹੇ ਬਾਇਓ ਮਾਸ ਪਲਾਂਟਾਂ ਤੋਂ ਹਾਸਲ ਕਰਨ ਬਾਰੇ ਵੀ ਗੱਲ ਚੱਲ ਰਹੀ ਹੈ। ਜੇਕਰ ਇਸ ਦਾ ਪ੍ਰਬੰਧ ਪੰਜਾਬ 'ਚੋਂ ਹੀ ਹੋ ਜਾਂਦਾ ਹੈ ਤਾਂ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਸਥਾਪਿਤ ਕਰ ਦਿੱਤਾ ਜਾਵੇਗਾ। ਮੀਟਿੰਗ 'ਚ ਮੌਜੂਦ ਗੰਨਾ ਉਤਪਾਦਕਾਂ ਵੱਲੋਂ ਪਲਾਂਟ ਦੀ ਮੁਰੰਮਤ ਨਾਲ ਮਿੱਲ ਬੰਦ ਹੋਣ ਦੀ ਸਮੱਸਿਆ ਉਠਾਏ ਜਾਣ 'ਤੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜੇਕਰ ਮਿੱਲ ਨੂੰ ਜ਼ਿਆਦਾ ਸਮੇਂ ਲਈ ਮੁਰੰਮਤ ਲਈ ਬੰਦ ਕਰਨ ਦੀ ਜ਼ਰੂਰਤ ਪਵੇਗੀ ਤਾਂ ਆਸ-ਪਾਸ ਦੀਆਂ ਸਹਿਕਾਰੀ ਮਿੱਲਾਂ ਵਿੱਚ ਸ਼ੂਗਰਫ਼ੈਡ ਰਾਹੀਂ ਜ਼ਿਲ੍ਹੇ ਦਾ ਬਾਕੀ ਬੌਂਡ ਕੀਤਾ ਗੰਨਾ ਪਿੜਾਈ ਲਈ ਭੇਜਣ ਦਾ ਪ੍ਰਬੰਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਸੁਆਹ ਦੀ ਸਮੱਸਿਆ ਅਤੇ ਇਸ ਦੇ ਮੱਦੇਨਜ਼ਰ ਪਲਾਂਟ ਮੁਰੰਮਤ ਲਈ ਮਿੱਲ ਨੂੰ ਬੰਦ ਕਰਨ ਦੇ ਪ੍ਰਭਾਵ ਨੂੰ ਨਾਲੋਂ-ਨਾਲ ਨਜਿੱਠਿਆ ਜਾਵੇਗਾ। ਮੀਟਿੰਗ 'ਚ ਸਥਾਨਕ ਸ਼ਹਿਰ ਵਾਸੀਆਂ ਦੇ ਪ੍ਰਤੀਨਿਧੀਆਂ ਵਜੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਬਖਸ਼ੀ, ਜਸਬੀਰ ਦੀਪ, ਕੁਲਵਿੰਦਰ ਸਿੰਘ ਵੜੈਚ, ਅਸ਼ਵਨੀ ਜੋਸ਼ੀ, ਪਰਵੀਨ ਭਾਟੀਆ ਸਮੇਤ ਹੋਰ ਸ਼ਹਿਰ ਵਾਸੀ ਵੀ ਮੌਜੂਦ ਸਨ। ਇਸ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਤੇ ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ, ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਰੋਕਥਾਮ ਬੋਰਡ, ਹੁਸ਼ਿਆਰਪੁਰ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਆਪ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨ ਅਗਨੀਹੋਤਰੀ, ਮਿੱਲ ਦੇ ਜੀ ਐਮ ਸੁਰਿੰਦਰ ਪਾਲ ਅਤੇ ਮਿੱਲ ਦੇ ਡਾਇਰੈਕਟਰਜ਼ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਪਲਾਂਟ ਦੀ ਮੁਰੰਮਤ ਨੂੰ ਲੈ ਕੇ ਪੱਕੀ ਸਮਾਂ-ਸੀਮਾ ਮਿੱਥਣ ਵਾਸਤੇ ਸ਼ਹਿਰ ਵਾਸੀਆਂ ਅਤੇ ਪਲਾਂਟ ਪ੍ਰਬੰਧਕਾਂ ਨੂੰ 17  ਜਨਵਰੀ  ਨੂੰ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ 'ਚ ਆਉਣ ਲਈ ਵੀ ਸੂਚਿਤ ਕੀਤਾ।
ਫ਼ੋਟੋ ਕੈਪਸ਼ਨ: