ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ’ਚ ਆਟਾ-ਦਾਲ ਲਾਭਪਾਤਰੀਆਂ ਦੀ ਪੜਤਾਲ ਮਿੱਥੇ ਸਮੇਂ ’ਚ ਮੁਕੰਮਲ ਕਰਨ ਦੇ ਆਦੇਸ਼

ਨਵਾਂਸ਼ਹਿਰ, 30 ਜਨਵਰੀ (ਸੰਧੂ) ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ 'ਚ ਚੱਲ ਰਹੀ ਸਮਾਰਟ ਰਾਸ਼ਨ ਕਾਰਡ ਪੜਤਾਲ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਆਖਿਆ ਕਿ 5 ਲੱਖ ਜਾਂ ਇਸ ਤੋਂ ਉੱਪਰ ਵਾਲੇ ਜੇ-ਫ਼ਾਰਮ ਧਾਰਕਾਂ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਧਾਰਕਾਂ ਨੂੰ ਵੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਪੜਤਾਲ ਮੌਕੇ ਧਿਆਨ 'ਚ ਰੱਖਿਆ ਜਾਵੇ ਕਿ ਕਿਧਰੇ ਉਹ ਵੀ  ਸਰਕਾਰ ਵੱਲੋਂ ਨਿਰਧਾਰਿਤ ਆਮਦਨੀ ਵਾਲੇ ਮਾਪਦੰਡ ਦੀ ਉਲੰਘਣਾ 'ਚ ਤਾਂ ਨਹੀਂ ਆਉੁਂਦੇ। ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਪਾਸੋਂ ਪੜਤਾਲ ਮੁਹਿੰਮ ਦੀ ਪ੍ਰਗਤੀ ਦਾ ਵੇਰਵਾ ਲੈਂਦਿਆਂ, ਉਨ੍ਹਾਂ ਕਿਹਾ ਕਿ ਜੇ-ਫ਼ਾਰਮ ਧਾਰਕਾਂ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਧਾਰਕਾਂ ਸਬੰਧੀ ਪ੍ਰਾਪਤ ਸੂਚੀਆਂ ਦੇ ਆਧਾਰ 'ਤੇ ਇਸ ਪੜਤਾਲ ਨੂੰ ਜਲਦ ਮੁਕੰਮਲ ਕੀਤਾ ਜਾਵੇ।  ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ  ਕਿਹਾ ਕਿ ਹਰ ਵਿਭਾਗ ਸਰਕਾਰ ਵੱਲੋਂ ਸੌਂਪੇ ਇਸ ਕਾਰਜ ਨੂੰ ਮਿੱਥੇ ਸਮੇਂ 'ਚ ਮੁਕੰਮਲ ਕਰੇ ਅਤੇ ਹਰ ਦੋ ਹਫ਼ਤੇ ਬਾਅਦ ਹੋਣ ਵਾਲੀ ਜਾਇਜ਼ਾ ਮੀਟਿੰਗ 'ਚ ਆਪਣੀ ਪ੍ਰਗਤੀ ਦੱਸੇ। ਉਨ੍ਹਾਂ ਨੇ ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੂੰ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਨਾਲ ਸਬੰਧਤ ਸਟਾਫ਼ ਦੀ ਮੱਦਦ ਲੈਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਪੂਰੇ ਕਰਦੇ ਲਾਭਪਾਤਰੀ ਹੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਸੂਚੀ 'ਚ ਰੱਖੇ ਜਾਣ ਅਤੇ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਾਂ ਜਿਨ੍ਹਾਂ ਦੇ ਪਤੇ ਸਪੱਸ਼ਟ ਨਹੀਂ, ਉਨ੍ਹਾਂ ਨੂੰ ਸਕੀਮ 'ਚੋਂ ਬਾਹਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟਾਂ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਪੜਤਾਲ ਦੌਰਾਨ ਪੇਂਡੂ ਇਲਾਕਿਆਂ 'ਚ ਸਬੰਧਤ ਪਟਵਾਰੀ ਵੱਲੋਂ ਮਾਲ ਰਿਕਾਰਡ ਦੀ ਤਸਦੀਕ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰਨਾਂ ਸ਼ਰਤਾਂ ਦੀ ਪਾਲਣਾ ਦੀ ਪੜਤਾਲ ਤਹਿਤ ਚੱਲ ਰਹੀ ਹੈ ਜਦਕਿ ਸ਼ਹਿਰਾਂ 'ਚ ਕਾਰਜ ਸਾਧਕ ਅਫ਼ਸਰਾਂ/ਸਥਾਨਕ ਸਰਕਾਰ ਸੰਸਥਾਂਵਾਂ ਨੂੰ ਇਹ ਜ਼ਿੰਮੇਂਵਾਰੀ ਸੌਂਪੀ ਗਈ ਹੈ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਮਾਰਟ ਕਾਰਡ ਰਾਸ਼ਨ ਕਾਰਡ ਸਕੀਮ ਤਹਿਤ 90982 ਪਰਿਵਾਰ ਰਜਿਸਟ੍ਰਡ ਹਨ, ਜਿਨ੍ਹਾਂ ਦੀ ਪੜਤਾਲ ਪ੍ਰਗਤੀ ਅਧੀਨ ਹੈ। ਪੜਤਾਲ ਦੌਰਾਨ ਇਹ ਯਕੀਨੀ ਬਣਾਇਆ ਜਾਣਾ ਹੈ ਕਿ ਸਬੰਧਤ ਜਨਰਲ/ਐਸ ਸੀ/ਬੀ ਸੀ ਪਰਿਵਾਰ ਦੀ ਸਲਾਨਾ ਆਮਦਨ ਸ੍ਰੇਣੀਵਾਰ 30 ਹਜ਼ਾਰ ਅਤੇ 60 ਹਜ਼ਾਰ ਤੋਂ ਵੱਧ ਨਾ ਹੋਵੇ, ਰਾਸ਼ਨ ਕਾਰਡ ਧਾਰਕ ਜਾਂ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਉਸ ਦੇ ਪਰਿਵਾਰ ਕੋਲ ਢਾਈ ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋਂ ਵੱਧ ਬਰਾਨੀ ਜ਼ਮੀਨ ਨਾ ਹੋਵੇ, ਕਿਸੇ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋਂ 60 ਹਜ਼ਾਰ ਤੋਂ ਵਧੇਰੇ ਸਲਾਨਾ ਆਮਦਨ ਦੀ ਰਿਪੋਰਟ, ਸ਼ਹਿਰੀ ਖੇਤਰ 'ਚ 100 ਵਰਗ ਗਜ਼ ਤੋਂ ਵੱਧ ਦਾ ਰਿਹਾਇਸ਼ੀ ਮਕਾਨ /750 ਵਰਗ ਫੁੱਟ ਤੋਂ ਵੱਧ ਦਾ ਫਲੈਟ ਨਾ ਹੋਵੇ, ਕਾਰਡ ਧਾਰਕ ਜਾਂ ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਦਾਤਾ/ਵੈਟ ਐਕਟ 2005/ਜੀ ਐਸ ਟੀ ਅਧੀਨ ਰਜਿਸਟ੍ਰਡ ਹੈ ਤਾਂ ਉਸ ਸਬੰਧੀ ਰਿਪੋਰਟ, ਰਾਸ਼ਨ ਕਾਰਡ ਧਾਰਕ ਜਾਂ ਉਸ ਦੇ ਪਰਿਵਾਰ ਕੋਲ ਚਾਰ ਪਹੀਆ ਗੱਡੀ, ਏ ਸੀ ਹੋਣ ਸਬੰਧੀ ਰਿਪੋਰਟ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਐਚ ਆਈ ਵੀ/ਏਡਜ਼ ਪ੍ਰਭਾਵਿਤ, ਫੀਮੇਲ ਸੈਕਸ ਵਰਕਰ ਅਤੇ ਕੋਵਿਡ ਦੌਰਾਨ ਜਿਹੜੇ ਬੱਚਿਆਂ ਦੇ ਮਾਤਾ/ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ, ਨਾਲ ਸਬੰਧਤ ਸ੍ਰੇਣੀਆਂ ਦੇ ਲਾਭਪਾਤਰੀਆਂ ਨੂੰ ਵੈਰੀਫ਼ਿਕੇਸ਼ਨ ਤੋਂ ਛੋਟ ਦਿੱਤੀ ਗਈ ਹੈ। ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ (ਵਾਧੂ ਚਾਰਜ ਬੰਗਾ) ਮੇਜਰ ਸ਼ਿਵਰਾਜ ਸਿੰਘ ਬੱਲ, ਬੀ ਡੀ ਪੀ ਓਜ਼ ਰਾਜਵਿੰਦਰ ਕੌਰ ਨਵਾਂਸ਼ਹਿਰ, ਹੇਮਰਾਜ ਔੜ, ਈ ਓ ਸੁਖਦੇਵ ਸਿੰਘ ਬੰਗਾ, ਰਾਮ ਪ੍ਰਕਾਸ਼ ਨਵਾਂਸ਼ਹਿਰ ਤੇ ਭਜਨ ਚੰਦ ਬਲਾਚੌਰ ਤੇ ਹੋਰ ਅਧਿਕਾਰੀ ਮੌਜੂਦ ਸਨ।