ਹੁਸ਼ਿਆਰਪੁਰ, 4 ਜਨਵਰੀ: ਜ਼ਿਲ੍ਹਾ ਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਵਲੋਂ ਅੱਜ ਅਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਪਲੇਸ ਆਫ ਸੇਫਟੀ, ਚਿਲਡਰਨ ਹੋਮ, ਅਤੇ ੳਲਡ ਏਜ ਹੋਮ, ਰਾਮ ਕਲੋਨੀ ਕੈਂਪ, ਹੁਸਿ਼ਆਰਪੁਰ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜੀਤਾ ਜੋਸ਼ੀ ਵੀ ਮੌਜੂਦ ਸਨ। ਇਸ ਦੌਰੇ ਦੌਰਾਨ ਅਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ ਦੇ ਬੱਚਿਆਂ ਦੇ ਕੇਸਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਗਿਆ, ਬੱਚਿਆਂ ਦੀ ਸਿਹਤ ਸਬੰਧੀ ਖਾਣ—ਪੀਣ ਦਾ ਨਿਰੀਖਣ ਕੀਤਾ ਗਿਆ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਦੀ ਗੱਲ ਕੀਤੀ ਗਈ। ਇਸਦੇ ਨਾਲ ਹੀ ਪਲੇਸ ਆਫ ਸੇਫਟੀ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਤੋਂ ਇਲਾਵਾ ਓਲਡ ਏਜ ਹੋਮ ਦਾ ਦੌਰਾ ਵੀ ਕੀਤਾ ਗਿਆ ।ਇਸ ਦੌਰੇ ਦੋਰਾਨ ਓਲਡ ਏਜ ਹੋਮ ਵਿਚ ਰਹਿ ਰਹੇ 20 ਬਜੁਰਗ ਜਿਹਨਾਂ ਵਿੱਚ 14 ਮਰਦ ਅਤੇ 6 ਔਰਤਾਂ ਸ਼ਾਮਿਲ ਹਨ, ਦਾ ਸਿਹਤ ਸਬੰਧੀ ਹਾਲ-ਚਾਲ ਜਾਣਿਆ ਗਿਆ। ਉਨ੍ਹਾਂ ਦੇ ਖਾਣ—ਪੀਣ ਦਾ ਨਿਰੀਖਣ ਕੀਤਾ ਗਿਆ ਅਤੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਣ ਸਬੰਧੀ ਸੂਪਰਡੈਂਟ ਰੀਨਾ ਰਾਣੀ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੋਕੇ ਸੁਪਰਡੈਂਟ ਅਬਜ਼ਰਵੇਸ਼ਨ ਹੋਮ ਨਰੇਸ਼ ਕੁਮਾਰ, ਸੁਪਰਡੈਂਟ ਚਿਲਡਰਨ ਹੋਮ ਰੀਨਾ ਰਾਣੀ ਅਤੇ ਡਾਕਟਰ ਰੋਜ਼ੀ ਵੀ ਹਾਜ਼ਰ ਸਨ।