ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ 'ਚ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ

ਪਟਿਆਲਾ, 21 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ 28-29 ਜਨਵਰੀ ਨੂੰ ਖ਼ਾਲਸਾ ਕਾਲਜ ਵਿਖੇ ਹੋਣ ਵਾਲੇ ਪਲੇਠੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕੀਤਾ। ਬੀਤੇ ਦਿਨ ਆਪਣੀ ਪਟਿਆਲਾ ਫੇਰੀ ਮੌਕੇ ਸਰਕਟ ਹਾਊਸ ਵਿਖੇ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ''ਪੰਜਾਬ ਸਰਕਾਰ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ (ਐਮਐਲਐਫ) ਦਾ ਦਾਇਰਾ ਵਧਾ ਕੇ ਰਾਜ ਭਰ 'ਚ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ 'ਤੇ ਲਿਜਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਫੈਸਟੀਵਲ 28-29 ਜਨਵਰੀ ਨੂੰ ਕਰਵਾਉਣਾ ਉਲੀਕ ਕੇ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ।''
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫਟੀਨੈਂਟ ਜਨਰਲ (ਰਿਟਾ.) ਚੇਤਿੰਦਰ ਸਿੰਘ, ਏਵੀਐਸਐਮ, ਐਸਐਮ, ਵੀਐਸਐਮ, ਲੈਫਟੀਨੈਂਟ ਜਨਰਲ (ਰਿਟਾ.) ਡਾ. ਜਗਬੀਰ ਸਿੰਘ ਚੀਮਾ, ਪੀਵੀਐਸਐਮ, ਏਵੀਐਸਐਮ, ਵੀਐਸਐਮ ਅਤੇ ਲੈਫਟੀਨੈਂਟ ਕਰਨਲ (ਰਿਟਾ.) ਪੀਐਸ ਗਰੇਵਾਲ ਨੂੰ ਇਸ ਆਯੋਜਨ ਲਈ ਅਗੇਤੀ ਵਧਾਈ ਵੀ ਦਿੱਤੀ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਤੇ ਗੁਰਲਾਲ ਘਨੌਰ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। 
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਅਮੀਰ ਵਿਰਾਸਤ ਤੋਂ ਜਾਣੂੰ ਕਰਵਾਉਣ ਅਤੇ ਉਨ੍ਹਾਂ 'ਚ ਫੌਜ ਵਿੱਚ ਭਰਤੀ ਹੋਣ ਦੀ ਭਾਵਨਾ ਪੈਦਾ ਕਰਨ ਲਈ ਇਹ ਮੇਲਾ ਸਹਾਈ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਰਾਸਟਰਵਾਦ ਅਤੇ ਦੇਸ ਭਗਤੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ 28 ਤੇ 29 ਜਨਵਰੀ ਨੂੰ ਖ਼ਾਲਸਾ ਕਾਲਜ ਵਿਖੇ ਸਵੇਰੇ 10 ਤੋਂ ਪੈਨਲ ਚਰਚਾ, ਜੋਸ਼, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਯੋਧਿਆਂ ਦੇ ਨ੍ਰਿਤ, ਫੁੱਲ ਮਾਲਾ ਅਰਪਣ ਅਤੇ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਤੀਰ-ਅੰਦਾਜ਼ੀ ਪ੍ਰਦਰਸ਼ਨੀ ਅਤੇ ਮੁਕਾਬਲੇ, ਫ਼ੌਜ, ਆਈ.ਟੀ.ਬੀ.ਪੀ ਅਤੇ ਪੁਲਿਸ ਭਰਤੀ ਬਾਰੇ ਕਾਉਂਸਲਿੰਗ ਅਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕਾਂ ਲਈ ਬਹੁਤ ਹੀ ਸਿੱਖਿਆਦਾਇਕ ਫ਼ੈਸਟੀਵਲ ਬਣਨ ਲਈ ਇਹ ਸਮਾਰੋਹ ਪ੍ਰਮੁੱਖ ਫ਼ੌਜੀ ਜੰਗੀ ਨਾਇਕਾਂ, ਲੇਖਕਾਂ, ਨੇਤਾਵਾਂ, ਚਿੰਤਕਾਂ, ਸਿਪਾਹੀਆਂ, ਕਵੀਆਂ, ਕਲਾਕਾਰਾਂ, ਪੱਤਰਕਾਰਾਂ, ਫ਼ਿਲਮਾਂ ਤੇ ਦਸਤਾਵੇਜ਼ੀ ਨਿਰਮਾਤਾਵਾਂ, ਖਿਡਾਰੀਆਂ, ਬਹਾਦਰਾਂ, ਟੈਕਨੋਕ੍ਰੇਟਸ ਅਤੇ ਫ਼ੌਜੀ ਉਦਯੋਗਿਕ ਨਿਰਮਾਤਾਵਾਂ ਨੂੰ ਇੱਕ ਮੰਚ ਪ੍ਰਦਾਨ ਕਰੇਗਾ।
ਸਾਕਸ਼ੀ ਸਾਹਨੀ ਨੇ ਹੋਰ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟਤੀਵਲ ਤੋਂ ਪਹਿਲਾਂ 27 ਜਨਵਰੀ ਨੂੰ ਪਟਿਆਲਾ ਦੀ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਪਹਿਲ ਪਟਿਆਲਾ ਦੇ ਸਹਿਯੋਗ ਨਾਲ ਬੱਚਿਆਂ ਲਈ ਕਹਾਣੀਆਂ ਦੇ ਪ੍ਰੋਗਰਾਮ 'ਕਿੱਸੇ ਕਹਾਣੀਆਂ' ਅਤੇ ਪਟਿਆਲਾ ਸ਼ਹਿਰ ਦੀਆਂ ਕਲਾਕ੍ਰਿਤੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ 'ਆਰਟਿਸਟ੍ਰੀ' ਸਮੇਤ ਫੁਲਕਾਰੀ ਦੀ ਕਢਾਈ ਸਿਖਾਉਣ ਲਈ 'ਟਾਂਕੇ ਤੋਪੇ' ਵਰਕਸ਼ਾਪ ਅਤੇ ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪਟਿਆਲਾ ਬਾਰੇ ਪ੍ਰਕਾਸ਼ਿਤ ਪੁਸਤਕ 'ਤੇ ਚਰਚਾ ਵੀ ਹੋਵੇਗੀ। ਜਦਕਿ 30 ਜਨਵਰੀ ਨੂੰ ਭਾਸ਼ਾ ਵਿਭਾਗ ਵਿਖੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।