ਖੰਡ ਮਿੱਲ ’ਚ ਲੱਗੇ ਪਾਵਰ ਪਲਾਂਟ ਦੇ ਪ੍ਰਬੰਧਕ ਐਸ ਡੀ ਐਮ ਕੋਲ ਪੇਸ਼ ਹੋਏ

ਧਾਰਾ 133 ਤਹਿਤ ਜਾਰੀ ਨੋਟਿਸ ਦੀ ਪਾਲਣਾ 'ਚ ਕਾਲਖ ਦੀ ਸਮੱਸਿਆ ਦੂਰ ਕਰਨ ਬਾਰੇ ਦੱਸਿਆ
ਨਵਾਂਸ਼ਹਿਰ, 5 ਜਨਵਰੀ : ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ ਵੱਲੋਂ ਸਥਾਨਕ ਸਹਿਕਾਰੀ ਖੰਡ ਮਿੱਲ 'ਚ ਚੱਲ ਰਹੇ ਨਵਾਂਸ਼ਹਿਰ ਪਾਵਰ ਪ੍ਰਾਈਵੇਟ ਲਿਮਿਟਡ ਦੇ ਪਲਾਂਟ 'ਚੋਂ ਕਾਲਖ਼ ਨਿਕਲਣ ਕਾਰਨ ਸ਼ਹਿਰ ਵਾਸੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਜਾਰੀ ਧਾਰਾ 133 ਸੀ ਆਰ ਪੀ ਸੀ ਦੇ ਨੋਟਿਸ ਦੀ ਪੇਸ਼ੀ 'ਤੇ ਅੱਜ ਪਲਾਂਟ ਦੇ ਪ੍ਰਬੰਧਕ ਐਸ ਡੀ ਐਮ ਕੋਲ ਪੇਸ਼ ਹੋਏ। ਉੱਪ ਮੰਡਲ ਮੈਜਿਸਟ੍ਰੇਟ ਅਨੁਸਾਰ ਪਲਾਂਟ ਪ੍ਰਬੰਧਕਾਂ ਨੂੰ ਜਾਰੀ ਧਾਰਾ 133 ਦੇ ਨੋਟੀਫ਼ਿਕੇਸ਼ਨ ਦੀ ਪਾਲਣਾ 'ਚ ਉਨ੍ਹਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਮਿਤੀ 3 ਜਨਵਰੀ 2023 ਨੂੰ ਦੁਪਹਿਰ 12 ਵਜੇ ਪਲਾਂਟ ਬੰਦ ਕਰਕੇ, ਇਸ ਦੀ ਤਕਨੀਕੀ ਮਾਹਿਰਾਂ ਵੱਲੋਂ ਮੁਰੰਮਤ ਆਰੰਭੀ ਗਈ ਜੋ ਕਿ 24 ਘੰਟੇ ਜਾਰੀ ਰਹੀ। ਉਨ੍ਹਾਂ ਦੱਸਿਆ ਕਿ ਤਕਨੀਕੀ ਮਾਹਿਰਾਂ ਵੱਲੋਂ ਪਲਾਂਟ ਨੂੰ ਮੁਰੰਮਤ ਉਪਰੰਤ ਦੁਬਾਰਾ ਚਲਾਇਆ ਗਿਆ, ਜਿਸ ਦੌਰਾਨ ਕਾਲਖ ਦੀ ਸਮੱਸਿਆ ਨਹੀਂ ਆਈ। ਪਲਾਂਟ ਪ੍ਰਬੰਧਕਾਂ ਨੇ ਉੱਪ ਮੰਡਲ ਮੈਜਿਸਟ੍ਰੇਟ ਨੂੰ ਯਕੀਨ ਦਿਵਾਇਆ ਕਿ ਉਹ ਧਾਰਾ 133 ਦੇ ਨੋਟਿਸ ਦੀ ਪਾਲਣਾ ਵਿੱਚ ਨਵਾਂਸ਼ਹਿਰ ਦੇ ਵਸਨੀਕਾਂ ਨੂੰ ਮਿੱਲ 'ਚ ਲਾਏ ਪਾਵਰ ਪਲਾਂਟ ਤੋਂ ਦੁਬਾਰਾ ਅਜਿਹੀ ਪ੍ਰੇਸ਼ਾਨੀ ਨਾ ਆਉਣ ਦੇਣ ਲਈ ਵਚਨਬੱਧ ਹਨ। ਐਸ ਡੀ ਐਮ ਨੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਉਹ ਪ੍ਰਬੰਧਕਾਂ ਦੇ ਜੁਆਬ ਨਾਲ ਫ਼ਿਲਹਾਲ ਧਾਰਾ 133 ਦੇ ਨੋਟਿਸ ਨੂੰ ਫ਼ਾਈਲ ਨਹੀਂ ਕਰਨਗੇ ਅਤੇ ਅਗਲੇ ਦਿਨਾਂ 'ਚ ਇਸ ਕਾਲਖ਼ ਨਾ ਆਉਣ ਦੀ ਮੁਸ਼ਕਿਲ ਦੇ ਹੱਲ ਹੋਣ ਦੀ ਮੁਕੰਮਲ ਰਿਪੋਰਟ ਬਾਅਦ ਹੀ ਇਸ ਦਾ ਨਿਪਟਾਰਾ ਕਰਨਗੇ। ਐਸ ਡੀ ਐਮ ਨੇ ਸਪੱਸ਼ਟ ਕੀਤਾ ਕਿ ਜੇਕਰ ਲੋਕਾਂ ਨੂੰ ਫ਼ਿਰ ਤੋਂ ਪਲਾਂਟ ਤੋਂ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।