ਜ਼ਿਲ੍ਹੇ ’ਚ ਸੀਨੀਅਰ ਸਿਟੀਜ਼ਨਜ਼ ਨਾਲ ਸਬੰਧਤ ਜਨਤਕ ਸੇਵਾਵਾਂ ਨੂੰ ਸਰਕਾਰੀ ਦਫ਼ਤਰਾਂ ’ਚ ਦਿੱਤੀ ਜਾਵੇ ਤਰਜੀਹ-ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 30 ਜਨਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਨਿਯਮ-2012 ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਤਿਮਾਹੀ ਮੀਟਿੰਗ ਕਰਦਿਆਂ ਜਿੱਥੇ ਸੇਵਾ ਕੇਂਦਰਾਂ, ਹਸਪਤਾਲਾਂ ਤੇ ਹੋਰ ਜਨਤਕ ਸੇਵਾਵਾਂ ਦੇਣ ਵਾਲੇ ਸਰਕਾਰੀ ਸੰਸਥਾਨਾਂ 'ਚ ਬਜ਼ੁਰਗਾਂ ਦੀਆਂ ਅਰਜ਼ੀਆਂ/ਕੰਮਾਂ ਨੂੰ ਤਰਜੀਹ ਦਿੱਤੇੇ ਜਾਣ ਦੇ ਨਿਰਦੇਸ਼ ਦਿੱਤੇ ਗਏ, ਉੱਥੇ ਐਸ ਡੀ ਐਮਜ਼ ਕੋਲ ਸੀਨੀਅਰ ਸਿਟੀਜ਼ਨਜ਼ ਐਕਟ- 2007  ਤਹਿਤ ਬਜ਼ੁਰਗਾਂ ਵੱਲੋਂ ਆਪਣੇ ਬੱਚਿਆਂ ਖ਼ਿਲਾਫ਼ ਦਾਇਰ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ 'ਚ ਨਿਪਟਾਰਾ ਯਕੀਨੀ ਬਣਾਉਣ ਲਈ ਆਖਿਆ ਗਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਕੌਰ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ ਸਹਿਜਲ ਨੂੰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਮਾਸਿਕ ਵਿੱਤੀ ਸਹਾਇਤਾ (ਬੁਢਾਪਾ ਪੈਨਸ਼ਨ) ਲੈਣ ਜ਼ਿਲ੍ਹੇ ਦੇ ਬੈਂਕਾਂ 'ਚ ਆਉਂਦੇ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਜ਼, ਚਾਹੇ ਉਹ ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀ ਹੋਣ ਜਾਂ ਫ਼ਿਰ ਬੈਂਕ ਦੇ ਦੂਸਰੇ ਗਾਹਕ, ਉਨ੍ਹਾਂ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਾਰਨ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਮਿਲ ਕੇ, ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਮਾਸਿਕ ਵਿੱਤੀ ਸਹਾਇਤਾ ਦੇ ਅਜਿਹੇ ਦਿਵਿਆਂਗ ਲਾਭਪਾਤਰੀ ਜੋ ਬਿਲਕੁਲ ਹੀ ਚੱਲ ਫ਼ਿਰ ਨਹੀਂ ਸਕਦੇ, ਨੂੰ ਵਿੱਤੀ ਸਹਾਇਤਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕੋਈ ਵਿਧੀ/ਢੰਗ ਵਿਚਾਰ ਕੇ ਅਗਲੀ ਮੀਟਿੰਗ 'ਚ ਪੇਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੀਨੀਅਰ ਸਿਟੀਜ਼ਨਜ਼ ਨਾਲ ਸਬੰਧਤ ਲਾਭਪਾਤਰੀ ਸਕੀਮਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣਾਏ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਲਈ ਵੀ ਕਿਹਾ ਤਾਂ ਜੋ ਉਹ ਕਿਸੇ ਵੀ ਕਿਸਮ ਦੀ ਮੁਸ਼ਕਿਲ 'ਚ ਸੰਪਰਕ ਕਰ ਸਕਣ।  ਮੀਟਿੰਗ 'ਚ ਸ਼ਾਮਿਲ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੂੰ ਸੀਨੀਅਰ ਸਿਟੀਜ਼ਨਜ਼ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਨਜ਼ਰ ਦੀਆਂ ਐਨਕਾਂ ਵੀ ਲੋੜਵੰਦ ਬਜ਼ੁਰਗਾਂ ਨੂੰ ਮਿਲਣੀਆਂ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ 'ਚ ਡੀ ਐਸ ਪੀ ਜ਼ਿਲ੍ਹਾ ਪੁਲਿਸ ਮਾਧਵੀ ਸ਼ਰਮਾ, ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸਰਬਜੀਤ ਸਿੰਘ ਵੀ ਮੌਜੂਦ ਸਨ।