ਨਵਾਂਸ਼ਹਿਰ, 26 ਜਨਵਰੀ : ਦੇਸ਼ ਦਾ 74 ਵਾਂ ਗਣੰਤਤਰ ਦਿਹਾੜਾ ਅੱਜ ਜ਼ਿਲ੍ਹਾ ਕਚਹਿਰੀ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਵਿਖੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਪੂਰੇ ਜੋਸ਼ ਨਾਲ ਮਨਾਇਆ ਗਿਆ।ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਕੰਵਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਕੌਮੀ ਝੰਡਾ ਲਹਿਰਾਇਆ ਅਤੇ ਏ ਐਸ ਆਈ ਕਮਲ ਰਾਜ ਦੀ ਅਗਵਾਈ ਹੇਠਲੀ ਟੁਕੜੀ ਪਾਸੋਂ ਸਲਾਮੀ ਲਈ। ਇਸ ਮੌਕੇ ਸ਼ਿਵਾਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਇਨ ਗਾਇਆ। ਉੁਨ੍ਹਾਂ ਇਸ ਮੌਕੇ ਆਖਿਆ ਕਿ ਨਿਆਪਾਲਿਕਾ 'ਤੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਵੱਡੀ ਜ਼ਿੰਮੇਂਵਾਰੀ ਹੁੰਦੀ ਹੈ। ਲੋਕਾਂ ਨੂੰ ਨਿਆਪਾਲਿਕਾ ਤੋਂ ਨਿਆਂ ਦੀ ਵੱਡੀ ਆਸ ਹੁੰਦੀ ਹੈ, ਇਸ ਲਈ ਸਾਨੂੰ ਇਸ ਦਿਹਾੜੇ ਨੂੰ ਆਪਣੀ ਸੰਵਿਧਾਨ ਪ੍ਰਤੀ ਵਚਨਬੱਧਤਾ ਅਤੇ ਪ੍ਰਤੀਬੱਧਤਾ ਵਜੋਂ ਮਨਾਉਣਾ ਤੇ ਅਪਨਾਉਣਾ ਹੋਰ ਵੀ ਜ਼ਰੂਰੀ ਹੈ।ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਹਰ ਇੱਕ ਤੱਕ ਨਿਆਂ ਦੇ ਸਮਾਨ ਮੌਕੇ ਲੈ ਕੇ ਜਾਣ ਨੂੰ ਵੀ ਦੇਸ਼ ਦੇ ਜਮਹੂਰੀ ਢਾਂਚੇ ਦੀ ਵੱਡੀ ਖਾਸੀਅਤ ਦੱਸਦਿਆਂ ਕਿਹਾ ਕਿ ਇਸ ਰਾਹੀਂ ਹਰ ਇੱਕ ਉਸ ਵਿਅਕਤੀ, ਜਿਸ ਨੂੰ ਨਿਆਂ ਦੀ ਲੋੜ ਤਾਂ ਹੁੰਦੀ ਹੈ ਪਰ ਉਸ ਕੋਲ ਸੀਮਤ ਵਸੀਲਿਆਂ ਕਾਰਨ, ਉਸ ਦੀ ਪਹੁੰਚ ਉੱਥੇ ਤੱਕ ਨਹੀਂ ਹੁੰਦੀ, ਤੱਕ ਨਿਆਂ ਪਹੁੰਚਾਉਣਾ ਹੈ। ਇਸ ਮੌਕੇ ਮੌਜੂਦ ਨਿਆਇਕ ਅਫ਼ਸਰਾਂ 'ਚ ਵਧੀਕ ਸੈਸ਼ਨ ਜੱਜ ਕਰੁਨੇਸ਼ ਕੁਮਾਰ, ਜ਼ਿਲ੍ਹਾ ਜੱਜ ਫੈਮਿਲੀ ਕੋਰਟ ਮਨੀਸ਼ਾ ਜੈਨ, ਪਰਮਿੰਦਰ ਕੌਰ ਸਿਵਲ ਜੱਜ ਸੀਨੀਅਰ ਡਿਵੀਜ਼ਨ, ਜਗਬੀਰ ਸਿੰਘ ਮਹਿੰਦੀਰੱਤਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰਾਧਿਕਾ ਪੁਰੀ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਖਵਿੰਦਰ ਸਿੰਘ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਬਲਾਚੌਰ, ਮੋਨਿਕਾ ਚੌਹਾਨ ਸਿਵਲ ਜੱਜ ਜੂਨੀਅਰ ਡਵੀਜ਼ਨ, ਸਰਵੇਸ਼ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ, ਕਵਿਤਾ ਸਿਵਲ ਜੱਜ ਜੂਨੀਅਰ ਡਵੀਜ਼ਨ, ਸੀਮਾ ਅਗਨੀਹੋਤਰੀ ਸਿਵਲ ਜੱਜ ਜੂਨੀਅਰ ਡਵੀਜ਼ਨ ਤੇ ਹੋਰ ਜੁਡੀਸ਼ੀਅਲ ਸਟਾਫ਼ ਮੌਜੂਦ ਸੀ।