ਸੁਆਹ ਬੰਦ ਕਰਨ ਦੀ ਮੰਗ ਨੂੰ ਲੈਕੇ ਨਵਾਂਸ਼ਹਿਰ ਵਾਸੀਆਂ ਨੇ ਪੁਲਸ ਨਾਕੇ ਤੋੜਕੇ ਕੀਤਾ ਪਾਵਰ ਪਲਾਂਟ ਦਾ ਘਿਰਾਓ ਕੀਤਾ

ਸੁਆਹ ਬੰਦ ਕਰਨ ਦੀ ਮੰਗ ਨੂੰ ਲੈਕੇ ਨਵਾਂਸ਼ਹਿਰ ਵਾਸੀਆਂ ਨੇ ਪੁਲਸ ਨਾਕੇ ਤੋੜਕੇ ਕੀਤਾ ਪਾਵਰ ਪਲਾਂਟ ਦਾ ਘਿਰਾਓ ਕੀਤਾ
ਵਰ੍ਹਦੇ ਮੀਂਹ ਵਿੱਚ ਕੀਤਾ ਮੁਜ਼ਾਹਰਾ

ਨਵਾਂਸ਼ਹਿਰ 24  ਜਨਵਰੀ :  ਅੱਜ ਸਹਿਕਾਰੀ ਖੰਡ ਮਿੱਲ ਦੇ ਕੋਜੈਨਰੇਸ਼ਨ ਪਾਵਰ ਪਲਾਂਟ ਦੀ ਸੁਆਹ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਲੋਕ ਸੰਘਰਸ਼ ਮੰਚ ਦੇ ਸੱਦੇ ਤੇ ਨਵਾਂਸ਼ਹਿਰ ਵਾਸੀਆਂ ਵੱਲੋਂ ਵਰ੍ਹਦੇ ਮੀਂਹ ਵਿੱਚ ਮੁਜਾਹਰਾ ਕਰਕੇ ਪੁਲਸ ਦੇ ਬੈਰੀਕੇਡ ਤੋੜ ਕੇ  ਕੋਜੈਨਰੇਸ਼ਨ ਪਾਵਰ ਪਲਾਂਟ ਦਾ ਘਿਰਾਓ ਕੀਤਾ। ਪਿਛਲੇ ਦੋ ਮਹੀਨਿਆਂ ਤੋਂ ਡਿੱਗ ਰਹੀ ਖਤਰਨਾਕ ਸੁਆਹ ਨੂੰ ਪੱਕੇ ਤੌਰ ਉੱਤੇ ਬੰਦ ਕਰਨ ਦੀ ਮੰਗ ਨੂੰ ਲੈਕੇ ਮੰਚ ਵੱਲੋਂ ਪਾਵਰ ਪਲਾਂਟ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਹ ਘਿਰਾਓ ਤਿੰਨ ਘੰਟੇ ਤੱਕ ਜਾਰੀ ਰਿਹਾ ਇਸ ਘਿਰਾਓ ਵਿੱਚ ਰੇਹੜੀ ਵਰਕਰਜ਼ ਯੂਨੀਅਨ, ਆਟੋ ਵਰਕਰਜ਼ ਯੂਨੀਅਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਇਫਟੂ, ਏਟਕ, ਸ਼ਿਵ ਸੈਨਾ, ਐਮ.ਸੀ, ਔਰਤ ਜਥੇਬੰਦੀਆਂ, ਧਾਰਮਿਕ-ਸਮਾਜਿਕ-ਸਵੈਸੇਵੀ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਘਿਰਾਓ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਕਿ ਪਾਵਰ ਪਲਾਂਟ ਦੀ ਜ਼ਹਿਰੀਲੀ ਸੁਆਹ ਸ਼ਹਿਰ ਵਾਸੀਆਂ ਨੂੰ ਖਤਰਨਾਕ ਬਿਮਾਰੀਆਂ ਲਾ ਰਹੀ ਹੈ ਇਸ ਲਈ ਸ਼ਹਿਰ ਦੇ ਲੋਕ ਇਹ ਸਾਰਾ ਕੁਝ ਚੁੱਪ ਚਾਪ ਨਹੀਂ ਸਹਿ ਸਕਦੇ।ਇਹ ਸ਼ਹਿਰ ਵਾਸੀਆਂ ਦੀ ਜਿੰਦਗੀ, ਉਹਨਾਂ ਦੇ ਫੁੱਲਾਂ ਵਰਗੇ ਬੱਚਿਆਂ ਦੀ ਜਿੰਦਗੀ ਉੱਤੇ ਮਾੜਾ ਅਸਰ ਪਾ ਰਹੀ ਹੈ। ਪਾਵਰ ਪਲਾਂਟ ਦੇ ਪ੍ਰਬੰਧਕ ਹਰ ਰੋਜ਼ ਨਵਾਂ ਝੂਠ ਮਾਰ ਰਹੇ ਹਨ ਪਰ ਸੁਆਹ ਬੰਦ ਨਹੀਂ ਕਰ ਰਹੇ। ਪ੍ਰਸ਼ਾਸਨ ਮੀਟਿੰਗਾਂ ਕਰਦਾ ਹੈ ਪਰ ਮੀਟਿੰਗਾਂ ਦੇ ਫੈਸਲੇ ਲਾਗੂ ਨਹੀਂ ਕਰਵਾਉਂਦਾ ਸਗੋਂ ਸੁਆਹ ਦਾ ਕਹਿਰ ਵਰਪਾਉਣ ਲਈ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਹੋਰ ਤੇ ਹੋਰ ਸਮਾਂ ਦੇਈ ਜਾ ਰਿਹਾ ਹੈ।।ਪ੍ਰਦੂਸ਼ਣ ਕੰਟਰੋਲ ਬੋਰਡ ਅੱਖਾਂ ਮੀਟੀ ਬੈਠਾ ਹੈ ਅਜਿਹਾ ਕਰਕੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ ਅਤੇ ਲੋਕਾਂ ਦੀਆਂ ਜਿੰਦਗੀਆਂ ਨਾਲ ਹੋ ਰਹੇ ਖਿਲਵਾੜ ਨੂੰ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ। ਪਾਵਰ ਪਲਾਂਟ ਪ੍ਰਬੰਧਕਾਂ ਨੂੰ  ਇਸ ਮੁਜਰਮਾਨਾ ਕਾਰਵਾਈ ਲਈ ਸਜਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਇਕ ਗਰੁੱਪ ਦੇ ਦੋ ਲੀਡਰਾਂ ਨੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਇਸ਼ਾਰੇ ਉੱਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਸ਼ਹਿਰ ਵਾਸੀਆਂ ਵਿਰੁੱਧ ਭੜਕਾਉਣ ਦੀ ਸਾਜਿਸ਼ ਰਚੀ ਪਰ ਕਿਸਾਨਾਂ ਨੇ ਅਸਲੀਅਤ ਜਾਣਕੇ ਉਹਨਾਂ ਦੀ ਇਹ ਸਾਜਿਸ਼ ਫੇਹਲ ਕਲ ਦਿੱਤੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਵੜੈਚ, ਸੋਹਨ ਸਿੰਘ ਸਲੇਮਪੁਰੀ, ਜਰਨੈਲ ਸਿੰਘ ਖਾਲਸਾ,ਬਿੱਲਾ ਗੁੱਜਰ, ਪੁਨੀਤ ਕਲੇਰ, ਪ੍ਰੋ.ਦਿਲਬਾਗ ਸਿੰਘ, ਸਤੀਸ਼ ਕੁਮਾਰ, ਪਰਮ ਸਿੰਘ ਖਾਲਸਾ ਐਮ.ਸੀ, ਕੁਲਦੀਪ ਸਿੰਘ ਸੁਜੋਂ, ਹਰਮੇਸ਼ ਡੁਲੇਰੀਆ, ਜਸਪਾਲ ਸਿੰਘ ਗਿੱਦਾ ਉਪਕਾਰ ਸੁਸਾਇਟੀ, ਅਸ਼ਵਨੀ ਜੋਸ਼ੀ, ਬਲਜਿੰਦਰ ਸਿੰਘ, ਲਲਿਤ ਓਹਰੀ, ਸਤਨਾਮ ਸਿੰਘ ਗੁਲਾਟੀ, ਬਲਵੀਰ ਕੁਮਾਰ, ਬੀਬੀ ਗੁਰਬਖਸ਼ ਕੌਰ ਸੰਘਾ, ਗੁਰਮਿੰਦਰ ਸਿੰਘ ਬਡਵਾਲ, ਮੁਕੰਦ ਲਾਲ, ਪ੍ਰਵੀਨ ਕੁਮਾਰ, ਹਰੇ ਰਾਮ ਸਿੰਘ, ਕਮਲਜੀਤ ਸਨਾਵਾ, ਪ੍ਰਿਤਪਾਲ ਸਿੰਘ, ਬੂਟਾ ਸਿੰਘ ਮਹਿਮੂਦ ਪੁਰ, ਬਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ ਸੁਆਹ ਦੇ ਮਸਲੇ ਉੱਤੇ ਸ਼ਹਿਰ ਵਾਸੀ ਹੁਣ ਉੱਠ ਖੜ੍ਹੇ ਹਨ ਜਿਹਨਾਂ ਨੂੰ ਨਾ ਹੀ ਦਬਾਇਆ ਜਾ ਸਕਦਾ ਹੈ ਨਾ ਭਰਮਾਇਆ ਜਾ ਸਕਦਾ ਹੈ। ਪਾਵਰ ਪਲਾਂਟ ਦੀ ਸੁਆਹ ਦੇ ਵਿਰੁੱਧ ਸ਼ਹਿਰ ਵਾਸੀਆਂ ਦੀ ਲਹਿਰ ਉੱਠ ਖੜ੍ਹੀ ਹੈ ਜੋ ਇਹ ਸੰਘਰਸ਼ ਜਿੱਤਣ ਤੋਂ ਬਾਅਦ ਹੀ ਰੁਕੇਗੀ। ਇਸ ਮੌਕੇ ਪੂਨਮ ਮਾਣਕ,ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਚਰਨਜੀਤ ਸਿੰਘ, ਹਰਬੰਸ ਕੌਰ, ਮਜਿੰਦਰ ਕੌਰ ਆਗੂ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਕੋਜੈਨਰੇਸ਼ਨ ਪਾਵਰ ਪਲਾਂਟ ਦੇ ਘਿਰਾਓ ਦੀਆਂ ਤਸਵੀਰਾਂ